ਅਚਾਨਕ ਗ਼ਾਇਬ ਹੋ ਗਿਆ ਆਹ ਪਿੰਡ!

ਕੈਨੇਡਾ ਵਿਚ ਅਚਾਨਕ ਇਕ ਪੂਰੇ ਦਾ ਪੂਰਾ ਪਿੰਡ ਗ਼ਾਇਬ ਹੋ ਗਿਆ, ਇਸ ਘਟਨਾ ਨੇ ਪੂਰੇ ਕੈਨੇਡਾ ਵਿਚ ਤਹਿਲਕਾ ਮਚਾ ਕੇ ਰੱਖ ਦਿੱਤਾ। ਜਦੋਂ ਇਸ ਘਟਨਾ ਬਾਰੇ ਆਸਪਾਸ ਸਥਿਤ ਦੂਜੇ ਪਿੰਡਾਂ ਦੇ ਲੋਕਾਂ ਨੂੰ ਪਤਾ ਚੱਲਿਆ ਤਾਂ ਉਹ ਵੀ ਇੰਨੇ ਜ਼ਿਆਦਾ ਡਰ ਗਏ ਕਿ ਕਿਤੇ ਉਨ੍ਹਾਂ ਦੇ ਨਾਲ ਵੀ ਅਜਿਹਾ ਕੁੱਝ ਨਾ ਵਾਪਰ ਜਾਵੇ।

Update: 2024-07-15 14:35 GMT

ਮੈਨੀਟੋਬਾ : ਕੈਨੇਡਾ ਵਿਚ ਅਚਾਨਕ ਇਕ ਪੂਰੇ ਦਾ ਪੂਰਾ ਪਿੰਡ ਗ਼ਾਇਬ ਹੋ ਗਿਆ, ਇਸ ਘਟਨਾ ਨੇ ਪੂਰੇ ਕੈਨੇਡਾ ਵਿਚ ਤਹਿਲਕਾ ਮਚਾ ਕੇ ਰੱਖ ਦਿੱਤਾ। ਜਦੋਂ ਇਸ ਘਟਨਾ ਬਾਰੇ ਆਸਪਾਸ ਸਥਿਤ ਦੂਜੇ ਪਿੰਡਾਂ ਦੇ ਲੋਕਾਂ ਨੂੰ ਪਤਾ ਚੱਲਿਆ ਤਾਂ ਉਹ ਵੀ ਇੰਨੇ ਜ਼ਿਆਦਾ ਡਰ ਗਏ ਕਿ ਕਿਤੇ ਉਨ੍ਹਾਂ ਦੇ ਨਾਲ ਵੀ ਅਜਿਹਾ ਕੁੱਝ ਨਾ ਵਾਪਰ ਜਾਵੇ। ਭਾਵੇਂ ਕਿ ਇਸ ਘਟਨਾ ਦੀ ਜਾਂਚ ਵੀ ਕਰਕੇ ਦੇਖ ਲਈ ਪਰ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਕਿ ਇਹ ਪਿੰਡ ਆਖ਼ਰਕਾਰ ਗ਼ਾਇਬ ਕਿਉਂ ਅਤੇ ਕਿਵੇਂ ਹੋਇਆ? ਸੋ ਆਓ ਤੁਹਾਨੂੰ ਇਸ ਪੂਰੀ ਘਟਨਾ ਤੋਂ ਜਾਣੂ ਕਰਵਾਓਨੇ ਆਂ, ਜਿਸ ਨੂੰ ਸੁਣ ਕੇ ਅਜੇ ਵੀ ਕੈਨੇਡਾ ਦੇ ਜੰਗਲੀ ਇਲਾਕਿਆਂ ’ਚ ਰਹਿੰਦੇ ਲੋਕ ਡਰ ਦੇ ਨਾਲ ਕੰਬਣ ਲੱਗ ਜਾਂਦੇ ਨੇ।

ਗੱਲ 1930 ਦੀ ਐ,,,, ਜਦੋਂ ਕੈਨੇਡਾ ਵਿਚ ਇਕ ਪਿੰਡ ਅਚਾਨਕ ਗ਼ਾਇਬ ਹੋਣ ਮਗਰੋਂ ਹੜਕੰਪ ਮੱਚ ਗਿਆ ਸੀ, ਪਹਿਲਾਂ ਤਾਂ ਕਈ ਦਿਨ ਇਸ ਖ਼ਬਰ ਬਾਰੇ ਕਿਸੇ ਨੂੰ ਪਤਾ ਨਹੀਂ ਚੱਲਿਆ ਪਰ ਜਦੋਂ ਇਹ ਖ਼ਬਰ ਬਾਹਰ ਆਈ ਤਾਂ ਬਾਕੀ ਪਿੰਡਾਂ ਦੇ ਲੋਕ ਵੀ ਡਰਨ ਲੱਗ ਪਏ ਕਿ ਕਿਤੇ ਉਨ੍ਹਾਂ ਨਾਲ ਵੀ ਅਜਿਹਾ ਕੁੱਝ ਨਾ ਵਾਪਰ ਜਾਵੇ। ਦਰਅਸਲ ਇਹ ਪਿੰਡ ਨੌਰਥ ਕੈਨੇਡਾ ਦੀ ਅੰਜੀਕੁੰਨਾ ਝੀਲ ਦੇ ਕਿਨਾਰੇ ਵਸਿਆ ਹੋਇਆ ਸੀ ਜੋ ਕੈਨੇਡਾ ਦੇ ਸੰਘਣੇ ਅਤੇ ਬਰਫ਼ੀਲੇ ਜੰਗਲਾਂ ਵਾਲਾ ਇਲਾਕਾ ਏ।

ਇਸ ਪਿੰਡ ਵਿਚ ਇਸਕੀਮੋ ਜਨਜਾਤੀ ਦੇ ਲੋਕ ਰਹਿੰਦੇ ਸੀ, ਜਿਨ੍ਹਾਂ ਦੀ ਗਿਣਤੀ ਮਹਿਜ਼ 150 ਦੇ ਕਰੀਬ ਸੀ। ਇਹ ਲੋਕ ਆਪਣੇ ਖਾਣ ਪੀਣ ਦਾ ਗੁਜ਼ਾਰਾ ਝੀਲ ਵਿਚੋਂ ਮੱਛੀਆਂ ਫੜ ਕੇ ਚਲਾਉਂਦੇ ਸੀ। ਉਂਝ ਇਸ ਖੇਤਰ ਵਿਚ ਕੁੱਝ ਹੋਰ ਕਬੀਲੇ ਵੀ ਰਹਿੰਦੇ ਸੀ ਪਰ ਇਨ੍ਹਾਂ ਕਬੀਲਿਆਂ ਦੇ ਆਪਸ ਵਿਚ ਸਬੰਧ ਵਧੀਆ ਨਹੀਂ ਸਨ। ਸੰਘਣੇ ਜੰਗਲਾਂ ਵਿਚ ਸਥਿਤ ਪਿੰਡ ਦੇ ਗ਼ਾਇਬ ਹੋਣ ਦਾ ਭੇਦ ਕੁੱਝ ਇਸ ਤਰ੍ਹਾਂ ਦੁਨੀਆ ਸਾਹਮਣੇ ਜੱਗ ਜ਼ਾਹਿਰ ਹੋਇਆ।

ਨਵੰਬਰ 1930 ਵਿਚ ਜੋਈ ਨਾਮ ਦਾ ਇਕ ਸ਼ਿਕਾਰੀ ਸ਼ਿਕਾਰ ਖੇਡਣ ਦੇ ਲਈ ਨਾਰਥ ਕੈਨੇਡਾ ਦੇ ਸੰਘਣੇ ਅਤੇ ਬਰਫ਼ੀਲੇ ਜੰਗਲਾਂ ਵਿਚ ਗਿਆ। ਸ਼ਿਕਾਰ ਖੇਡਦੇ ਖੇਡਦੇ ਕਦੋਂ ਉਸ ਨੂੰ ਸ਼ਾਮ ਪੈ ਗਈ ਪਤਾ ਹੀ ਨਹੀਂ ਚੱਲਿਆ। ਪਿੱਛੇ ਮੁੜਨਾ ਮੁਸ਼ਕਲ ਸੀ, ਇਸ ਲਈ ਉਸ ਨੇ ਜੰਗਲ ਵਿਚ ਹੀ ਰਾਤ ਕੱਟਣ ਦਾ ਫ਼ੈਸਲਾ ਕੀਤਾ ਅਤੇ ਉਹ ਸੁਰੱਖਿਅਤ ਜਗ੍ਹਾ ਲੱਭਣ ਲਈ ਜੰਗਲ ਵਿਚ ਸਥਿਤ ਇਕ ਪਿੰਡ ਵਿਚ ਚਲਾ ਗਿਆ ਜੋ ਉਸ ਨੇ ਪਹਿਲਾਂ ਵੀ ਦੇਖਿਆ ਹੋਇਆ ਸੀ। ਜਿਹੜੇ ਲੋਕ ਸ਼ਿਕਾਰ ਖੇਡਦੇ ਸਮੇਂ ਜੰਗਲ ਵਿਚ ਲੇਟ ਹੋ ਜਾਂਦੇ ਸੀ ਤਾਂ ਉਹ ਅਕਸਰ ਇਸ ਵਿਚ ਠਹਿਰ ਜਾਂਦੇ ਸੀ।

ਜੋਈ ਜਿਵੇਂ ਜਿਵੇਂ ਪਿੰਡ ਦੇ ਨੇੜੇ ਜਾ ਰਿਹਾ ਸੀ ਤਾਂ ਉਸ ਦੇ ਮਨ ਵਿਚ ਇਕ ਅਜ਼ੀਬ ਜਿਹਾ ਡਰ ਪੈਦਾ ਹੋ ਰਿਹਾ ਸੀ ਕਿਉਂਕਿ ਪਹਿਲਾਂ ਇਸ ਪਿੰਡ ਵਿਚ ਕਾਫ਼ੀ ਚਹਿਲ ਪਹਿਲ ਦਿਖਾਈ ਦਿੰਦੀ ਸੀ ਪਰ ਅੱਜ ਉਥੇ ਸੰਨਾਟਾ ਛਾਇਆ ਹੋਇਆ ਸੀ। ਦਿਲ ਕੈੜਾ ਕਰਕੇ ਉਹ ਜਿਵੇਂ ਹੀ ਪਿੰਡ ਵਿਚ ਦਾਖ਼ਲ ਹੋਇਆ ਤਾਂ ਪਿੰਡ ਦੇ ਅੰਦਰਲਾ ਮੰਜ਼ਰ ਦੇਖ ਉੁਸ ਦੇ ਹੋਸ਼ ਉਡ ਗਏ। ਉਸ ਨੇ ਕਾਫ਼ੀ ਘੁੰਮ ਫਿਰ ਕੇ ਦੇਖਿਆ ਕਿ ਪਿੰਡ ਵਿਚ ਕੋਈ ਵੀ ਸਖ਼ਸ਼ ਮੌਜੂਦ ਨਹੀਂ ਸੀ, ਚੁੱਲਿ੍ਹਆਂ ਵਿਚ ਅੱਗ ਧੁਖ ਰਹੀ ਸੀ, ਉਪਰ ਪਏ ਪਤੀਲਿਆਂ ਵਿਚ ਖਾਣਾ ਸੜਿਆ ਹੋਇਆ ਸੀ, ਕੁੱਝ ਘਰਾਂ ਵਿਚ ਚਟਾਈਆਂ ’ਤੇ ਖਾਣੇ ਦੀਆਂ ਪਲੇਟਾਂ ਰੱਖੀਆਂ ਹੋਈਆਂ ਸੀ, ਜਿਨ੍ਹਾਂ ਵਿਚ ਵੀ ਖਾਣਾ ਸੜਿਆ ਪਿਆ ਸੀ। ਹੋਰ ਤਾਂ ਹੋਰ ਕੁੱਝ ਦਰਵਾਜ਼ਿਆਂ ਮੂਹਰੇ ਕੁੱਤੇ ਬੰਨ੍ਹੇ ਹੋਏ ਸੀ ਪਰ ਉਨ੍ਹਾਂ ਦੀ ਭੁੱਖ ਕਾਰਨ ਮੌਤ ਹੋ ਚੁੱਕੀ ਸੀ।

ਪਿੰਡ ਦਾ ਇਹ ਭਿਆਨਕ ਮੰਜ਼ਰ ਦੇਖ ਕੇ ਜੋਈ ਬਹੁਤ ਜ਼ਿਆਦਾ ਡਰ ਗਿਆ, ਉਹ ਸੋਚਣ ਲੱਗਿਆ ਕਿ ਆਖ਼ਰ ਪਿੰਡ ਦੇ ਲੋਕਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹ ਅਚਾਨਕ ਹੀ ਸਭ ਕੁੱਝ ਛੱਡ ਕੇ ਇੱਥੋਂ ਚਲੇ ਗਏ? ਕੀ ਉਨ੍ਹਾਂ ਨੂੰ ਕਿਸੇ ਜਾਨਵਰ ਨੇ ਖਾ ਲਿਆ, ਜਾਂ ਉਨ੍ਹਾਂ ’ਤੇ ਕਿਸੇ ਨੇ ਹਮਲਾ ਕਰ ਦਿੱਤਾ। ਇਹੀ ਸੋਚਾਂ ਸੋਚਦਿਆਂ ਜਦੋਂ ਜੋਈ ਨੇ ਪਿੰਡ ਵਿਚ ਘੁੰਮ ਕੇ ਦੇਖਿਆ ਤਾਂ ਕਿਤੇ ਵੀ ਖੂਨ ਦੇ ਨਿਸ਼ਾਨ ਨਹੀਂ ਸਨ ਬਲਕਿ ਪਿੰਡ ਦੇ ਘਰਾਂ ਵਿਚ ਸਾਰਾ ਸਮਾਨ ਆਪਣੀ ਜਗ੍ਹਾ ’ਤੇ ਠੀਕ ਠਾਕ ਰੱਖਿਆ ਹੋਇਆ ਸੀ। ਸਾਰਾ ਮੰਜ਼ਰ ਦੇਖ ਕੇ ਉਸ ਦੇ ਦਿਲ ਦੀ ਧਣਕਣ ਤੇਜ਼ ਹੋ ਗਈ ਅਤੇ ਉਸ ਨੇ ਤੁਰੰਤ ਉਥੋਂ ਨਿਕਲਣ ਦੀ ਸੋਚੀ।

ਬੜੀ ਮੁਸ਼ਕਲ ਨਾਲ ਉਹ ਵਾਪਸ ਸ਼ਹਿਰ ਪੁੱਜਿਆ ਅਤੇ ਉਸ ਨੇ ਤੁਰੰਤ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਪੁਲਿਸ ਫੋਰਸ ਨੂੰ ਲੈ ਕੇ ਉਥੇ ਪੁੱਜੇ ਤਾਂ ਉਹ ਵੀ ਸਾਰਾ ਕੁੱਝ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਨੇੜੇ ਸਥਿਤ ਝੀਲ ’ਤੇ ਜਾ ਕੇ ਦੇਖਿਆ ਕਿ ਕਿਸੇ ਨੇ ਪਿੰਡ ਦੇ ਲੋਕਾਂ ਨੂੰ ਮਾਰ ਕੇ ਝੀਲ ਵਿਚ ਨਾ ਸੁੱਟ ਦਿੱਤਾ ਹੋਵੇ ਪਰ ਝੀਲ ’ਤੇ ਬਰਫ਼ ਦੀ ਮੋਟੀ ਪਰਤ ਜਮੀ ਹੋਈ ਸੀ ਅਤੇ ਕਿਸੇ ਪਾਸੇ ਨਾ ਤਾਂ ਖੂਨ ਦੀ ਕੋਈ ਛਿੱਟ ਦਿਸੀ ਅਤੇ ਨਾ ਹੀ ਕਿਸੇ ਦੇ ਪੈਰਾਂ ਦੇ ਨਿਸ਼ਾਨ। ਇਸ ਮਾਮਲੇ ਦੀ ਵਿਸ਼ੇਸ਼ ਕਮੇਟੀ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ, ਜਿਸ ਦੇ ਚਲਦਿਆਂ ਪੁਲਿਸ ਦੀ ਇਕ ਟੀਮ ਕਈ ਮਹੀਨੇ ਤੱਕ ਜੰਗਲਾਂ ਦੇ ਅੰਦਰ ਇਸਕੀਮੋ ਕਬੀਲੇ ਦੇ ਲੋਕਾਂ ਨੂੰ ਲੱਭਣ ਲੱਗ ਪਈ ਪਰ ਕਈ ਮਹੀਨੇ ਬੀਤੇ ਜਾਣ ’ਤੇ ਵੀ ਪੁਲਿਸ ਦੇ ਹੱਥ ਕੋਈ ਸੁਰਾਗ਼ ਨਹੀਂ ਲੱਗ ਸਕਿਆ, ਜਿਸ ਤੋਂ ਬਾਅਦ ਆਖ਼ਰਕਾਰ ਇਸ ਜਾਂਚ ਨੂੰ ਬੰਦ ਕਰ ਦਿੱਤਾ ਗਿਆ।

ਸਮਾਂ ਬੀਤਦਾ ਗਿਆ, ਹੌਲੀ ਹੌਲੀ ਲੋਕ ਇਸ ਘਟਨਾ ਨੂੰ ਭੁੱਲ ਗਏ ਪਰ ਸੰਨ 1984 ਵਿਚ ਇਹ ਘਟਨਾ ਉਸ ਸਮੇਂ ਮੁੜ ਤੋਂ ਤਾਜ਼ਾ ਹੋ ਗਈ ਜਦੋਂ ਰੋਜ਼ਰ ਬੀਅਰ ਅਤੇ ਨਾਇਜ਼ਲ ਨਾਂ ਦੇ ਲੇਖਕਾਂ ਦੀ ਇਕ ਕਿਤਾਬ ‘ਦਿ ਵਰਲਡ ਗ੍ਰੇਟੇਸਟ ਯੂਐਫਓ ਮਿਸਟਰੀ’ ਵਿਚ ਇਸ ਘਟਨਾ ਦਾ ਬਾਖ਼ੂਬੀ ਜ਼ਿਕਰ ਕੀਤਾ ਗਿਆ। ਇਹ ਲੇਖਕ ਏਲੀਅਨ ਅਤੇ ਯੂਐਫਓ ਸਬੰਧੀ ਘਟਨਾਵਾਂ ’ਤੇ ਆਪਣੀ ਖੋਜ ਦੇ ਆਧਾਰ ’ਤੇ ਲੇਖ ਲਿਖਦੇ ਸਨ। ਇਨ੍ਹਾਂ ਲੇਖਕਾਂ ਨੇ ਆਪਣੀ ਕਿਤਾਬ ਦੇ ਇਕ ਲੇਖ ਵਿਚ ਲਿਖਿਆ ਕਿ ਇਸਕੀਮੋ ਪਿੰਡ ਵਿਚ ਲੋਕਾਂ ਦੇ ਗ਼ਾਇਬ ਹੋਣ ਦਾ ਕਾਰਨ ਏਲੀਅਨ ਸਨ ਜੋ ਇਨ੍ਹਾਂ ਲੋਕਾਂ ਨੂੰ ਆਪਣੇ ਨਾਲ ਲੈ ਗਏ।

ਉਨ੍ਹਾਂ ਇਹ ਵੀ ਦੱਸਿਆ ਕਿ ਉਹ ਇਸ ਘਟਨਾ ਬਾਰੇ ਜਾਣਨ ਲਈ ਉਸ ਇਲਾਕੇ ਵਿਚ ਗਏ, ਜਿੱਥੇ ਉਨ੍ਹਾਂ ਨੂੰ ਜੰਗਲ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਇਸ ਜੰਗਲ ਦੇ ਉਪਰ ਕਾਫ਼ੀ ਸਮੇਂ ਤੋਂ ਕੁੱਝ ਅਜ਼ੀਬ ਜਿਹੀਆਂ ਚੀਜ਼ਾਂ ਘੁੰਮਦੀਆਂ ਦਿਖਾਈ ਦਿੱਤੀਆਂ ਨੇ, ਪਰ ਉਹ ਕੀ ਸੀ, ਇਸ ਬਾਰੇ ਕੁੱਝ ਨਹੀਂ ਪਤਾ। ਲੇਖਕਾਂ ਦਾ ਕਹਿਣਾ ਸੀ ਕਿ ਏਲੀਅਨ ਯੂਐਫਓ ਵਿਚ ਆਏ ਸੀ ਅਤੇ ਇਸਕੀਮੋ ਕਬੀਲੇ ਦੇ ਲੋਕਾਂ ਨੂੰ ਉਠਾ ਕੇ ਲੈ ਗਏ। ਹਾਲਾਂਕਿ ਪੁਲਿਸ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਕਹਾਣੀ ’ਤੇ ਕੋਈ ਯਕੀਨ ਨਹੀਂ ਕੀਤਾ।

ਕੁੱਝ ਲੋਕ ਇਸ ਘਟਨਾ ਦੇ ਲਈ ਜੋਈ ਨੂੰ ਹੀ ਦੋਸ਼ੀ ਦੱਸਣ ਲੱਗੇ ਕਿਉਂਕਿ ਉਥੇ ਜਾਣ ਵਾਲਾ ਉਹੀ ਪਹਿਲਾ ਸਖ਼ਸ਼ ਸੀ ਪਰ ਪੁਲਿਸ ਕੋਲ ਕੋਈ ਅਜਿਹਾ ਸਬੂਤ ਨਹੀਂ ਸੀ ਕਿ ਜੋਈ ਨੂੰ ਦੋਸ਼ੀ ਠਹਿਰਾਇਆ ਜਾ ਸਕੇ,,, ਕੁੱਝ ਲੋਕਾਂ ਦਾ ਕਹਿਣਾ ਏ ਕਿ ਇਹ ਸਭ ਕੈਨੇਡਾ ਸਰਕਾਰ ਦੀ ਸਾਜਿਸ਼ ਸੀ, ਜਿਸ ਨੇ ਜੰਗਲ ਵਿਚ ਰਹਿੰਦੇ ਕਬੀਲਿਆਂ ਨੂੰ ਖ਼ਤਮ ਕਰ ਦਿੱਤਾ। ਖ਼ੈਰ,,, ਉਸ ਪਿੰਡ ਦੇ ਲੋਕਾਂ ਨਾਲ ਕੀ ਭਾਣਾ ਵਾਪਰਿਆ ਅਤੇ ਉਹ ਕਿੱਥੇ ਗ਼ਾਇਬ ਹੋ ਗਏ, ਇਹ ਅੱਜ ਤੱਕ ਵੀ ਰਹੱਸ ਬਣਿਆ ਹੋਇਆ ਏ।

ਸੋ ਇਸ ਘਟਨਾ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਦਿਲਚਸਪ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News