ਕੈਨੇਡਾ ਦੇ ਬਾਰਡਰ ਮੁਲਾਜ਼ਮਾਂ ਦੀ ਹੜਤਾਲ ਅੱਜ ਤੋਂ ਸੰਭਵ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਲਾਜ਼ਮਾਂ ਵੱਲੋਂ ਤਜਵੀਜ਼ਸ਼ੁਦਾ ਹੜਤਾਲ ਲਈ ਸ਼ੁੱਕਰਵਾਰ ਸ਼ਾਮ 4 ਵਜੇ ਤੱਕ ਦੀ ਸਮਾਂ ਹੱਦ ਤੈਅ ਕੀਤੀ ਗਈ ਹੈ। ਮੁਲਾਜ਼ਮ ਯੂਨੀਅਨ ਨੇ ਕਿਹਾ ਕਿ ਸ਼ੁੱਕਰਵਾਰ ਸ਼ਾਮ ਤੱਕ ਫੈਡਰਲ ਸਰਕਾਰ ਵੱਲੋਂ ਕੋਈ ਪੇਸ਼ਕਸ਼ ਨਹੀਂ ਆਉਂਦੀ ਤਾਂ ਹੜਤਾਲ ਸ਼ੁਰੂ ਹੋ ਜਾਵੇਗੀ।

Update: 2024-06-07 11:51 GMT

ਵਿੰਡਸਰ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਲਾਜ਼ਮਾਂ ਵੱਲੋਂ ਤਜਵੀਜ਼ਸ਼ੁਦਾ ਹੜਤਾਲ ਲਈ ਸ਼ੁੱਕਰਵਾਰ ਸ਼ਾਮ 4 ਵਜੇ ਤੱਕ ਦੀ ਸਮਾਂ ਹੱਦ ਤੈਅ ਕੀਤੀ ਗਈ ਹੈ। ਮੁਲਾਜ਼ਮ ਯੂਨੀਅਨ ਨੇ ਕਿਹਾ ਕਿ ਸ਼ੁੱਕਰਵਾਰ ਸ਼ਾਮ ਤੱਕ ਫੈਡਰਲ ਸਰਕਾਰ ਵੱਲੋਂ ਕੋਈ ਪੇਸ਼ਕਸ਼ ਨਹੀਂ ਆਉਂਦੀ ਤਾਂ ਹੜਤਾਲ ਸ਼ੁਰੂ ਹੋ ਜਾਵੇਗੀ। ਸੀ.ਬੀ.ਐਸ.ਏ. ਦੇ ਕੁਲ 11 ਹਜ਼ਾਰ ਮੁਲਾਜ਼ਮਾਂ ਵਿਚੋਂ 9 ਹਜ਼ਾਰ ਹੜਤਾਲ ਵਿਚ ਸ਼ਾਮਲ ਹੋ ਸਕਦੇ ਹਨ।

ਔਟਵਾ ਦੀ ਕਾਰਲਟਨ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਇਆਨ ਲੀ ਦਾ ਕਹਿਣਾ ਸੀ ਕਿ ਕੌਮਾਂਤਰੀ ਸਰਹੱਦ ਰਾਹੀਂ ਰੋਜ਼ਾਨਾ ਹਜ਼ਾਰਾਂ ਗੱਡੀਆਂ ਅਤੇ ਟਰੱਕ ਲੰਘਦੇ ਹਨ। ਜੇ ਡਿਊਟੀ ਲਈ ਮਜਬੂਰ ਕੀਤੇ ਬਾਰਡਰ ਅਫਸਰਾਂ ਨੇ ਹਰ ਕਾਰ ਵਿਚ ਬੈਠੇ ਮੁਸਾਫਰਾਂ ਤੋਂ ਹਰ ਉਹ ਸਵਾਲ ਪੁੱਛਣਾ ਸ਼ੁਰੂ ਕਰ ਦਿਤਾ ਜਿਸ ਦੀ ਉਨ੍ਹਾਂ ਨੂੰ ਇਜਾਜ਼ਤ ਮਿਲੀ ਹੋਈ ਹੈ ਤਾਂ ਸਰਹੱਦੀ ਲਾਂਘਿਆਂ ’ਤੇ ਲੰਮੀਆਂ ਕਤਾਰਾਂ ਲੱਗ ਜਾਣਗੀਆਂ। ਉਧਰ ਕੈਨੇਡਾ ਦੇ ਟਰੈਜ਼ਰੀ ਬੋਰਡ ਨੇ ਫੈਡਰਲ ਪਬਲਿਕ ਸੈਕਟਰ ਲੇਬਰ ਰਿਲੇਸ਼ਨਜ਼ ਐਕਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਜ਼ਰੂਰੀ ਸੇਵਾਵਾਂ ਵਿਚ ਗਿਣੇ ਗਏ ਮੁਲਾਜ਼ਮ ਜਾਣਬੁੱਝ ਕੇ ਬਾਰਡਰ ਪ੍ਰੋਸੈਸਿੰਗ ਵਿਚ ਅੜਿੱਕੇ ਨਹੀਂ ਡਾਹ ਸਕਦੇ। ਦੱਸ ਦੇਈਏ ਕਿ ਹੜਤਾਲ ਦੀ ਸੂਰਤ ਵਿਚ ਕੈਨੇਡੀਅਨ ਹਵਾਈ ਅੱਡਿਆਂ ’ਤੇ ਵੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਤ ਹੋ ਸਕਦਾ ਹੈ ਅਤੇ ਨਵੇਂ ਆਉਣ ਵਾਲੇ ਘੰਟਿਆਂਬੱਧੀ ਖੱਜਲ ਖੁਆਰ ਹੋ ਸਕਦੇ ਹਨ।

ਇਆਨ ਲੀ ਨੇ ਕਿਹਾ ਕਿ ਦੋਹਾਂ ਮੁਲਕਾਂ ਵਿਚਾਲੇ ਜ਼ਮੀਨੀ ਬਾਰਡਰ ਰਾਹੀਂ ਰੋਜ਼ਾਨਾ 2.5 ਅਰਬ ਡਾਲਰ ਦਾ ਵਪਾਰ ਹੁੰਦਾ ਹੈ ਅਤੇ ਹੜਤਾਲ ਵੱਡਾ ਨੁਕਸਾਨ ਕਰ ਸਕਦੀ ਹੈ। ਇਸੇ ਦੌਰਾਨ ਖਜ਼ਾਨਾ ਬੋਰਡ ਨੇ ਦਾਅਵਾ ਕੀਤਾ ਹੈ ਕਿ ਜ਼ਰੂਰੀ ਸੇਵਾਵਾਂ ਵਾਲੇ ਅਹੁਦੇ ’ਤੇ ਤੈਨਾਤ ਮੁਲਾਜ਼ਮ ਹੜਤਾਲ ’ਤੇ ਨਹੀਂ ਜਾ ਸਕਣਗੇ। ਸਰਕਾਰੀ ਘੁਰਕੀ ਦੇ ਜਵਾਬ ਵਿਚ ਕਸਟਮਜ਼ ਅਤੇ ਇੰਮੀਗ੍ਰੇਸ਼ਨ ਯੂਨੀਅਨ ਦੇ ਕੌਮੀ ਪ੍ਰਧਾਨ ਮਾਰਕ ਵੈਬਰ ਨੇ ਕਿਹਾ ਕਿ ਉਨ੍ਹਾਂ ਦੇ ਮੈਂਬਰ ਹੋਰਨਾਂ ਲਾਅ ਐਨਫੋਰਸਮੈਂਟ ਏਜੰਸੀਆਂ ਦੇ ਬਰਾਬਰ ਮਿਹਨਤਾਨਾ ਚਾਹੁੰਦੇ ਹਨ ਅਤੇ ਉਹ ਪਿੱਛੇ ਨਹੀਂ ਹਟਣਗੇ। ਸੀ.ਬੀ.ਐਸ.ਏ. ਕੋਲ ਪਹਿਲਾਂ ਹੀ ਹਜ਼ਾਰਾਂ ਮੁਲਾਜ਼ਮਾਂ ਦੀ ਕਮੀ ਹੈ ਅਤੇ ਹੜਤਾਲ ਰੋਕਣ ਲਈ ਸਰਕਾਰ ਤੇ ਯੂਨੀਅਨ ਦੋਹਾਂ ਨੂੰ ਵਿਚਕਾਰਲਾ ਰਾਹ ਅਖਤਿਆਰ ਕਰਨਾ ਪੈ ਸਕਦਾ ਹੈ।

Tags:    

Similar News