ਵੈਸਟ ਜੈਟ ਦੀਆਂ ਫਲਾਈਟਸ ਰੱਦ ਹੋਣ ਦਾ ਸਿਲਸਿਲਾ ਜਾਰੀ
ਵੈਸਟ ਜੈਟ ਦੇ ਮਕੈਨਿਕਸ ਦੀ ਹੜਤਾਲ ਭਾਵੇਂ ਖ਼ਤਮ ਹੋ ਚੁੱਕੀ ਹੈ ਪਰ ਫਲਾਈਟਸ ਰੱਦ ਹੋਣ ਦੇ ਸਿਲਸਿਲੇ ਕਾਰਨ ਮੁਸਾਫਰਾਂ ਦੀ ਖੱਜਲ-ਖੁਆਰੀ ਬੰਦ ਨਾ ਹੋ ਸਕੀ ਅਤੇ ਕੈਨੇਡਾ ਦਿਹਾੜੇ ਮੌਕੇ ਭੰਬਲਭੂਸਾ ਪਿਆ ਰਿਹਾ।
ਟੋਰਾਂਟੋ : ਵੈਸਟ ਜੈਟ ਦੇ ਮਕੈਨਿਕਸ ਦੀ ਹੜਤਾਲ ਭਾਵੇਂ ਖ਼ਤਮ ਹੋ ਚੁੱਕੀ ਹੈ ਪਰ ਫਲਾਈਟਸ ਰੱਦ ਹੋਣ ਦੇ ਸਿਲਸਿਲੇ ਕਾਰਨ ਮੁਸਾਫਰਾਂ ਦੀ ਖੱਜਲ-ਖੁਆਰੀ ਬੰਦ ਨਾ ਹੋ ਸਕੀ ਅਤੇ ਕੈਨੇਡਾ ਦਿਹਾੜੇ ਮੌਕੇ ਭੰਬਲਭੂਸਾ ਪਿਆ ਰਿਹਾ। ਉਧਰ ਵੈਸਟ ਜੈਟ ਨੇ ਕਿਹਾ ਕਿ ਹੜਤਾਲ ਦਾ ਅਸਰ ਆਉਣ ਵਾਲੇ ਦਿਨਾਂ ਵਿਚ ਜਾਰੀ ਰਹਿ ਸਕਦਾ ਹੈ ਅਤੇ ਹੋਰ ਫਲਾਈਟਸ ਰੱਦ ਹੋ ਸਕਦੀਆਂ ਹਨ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਆਪਣੇ ਪਰਵਾਰ ਨਾਲ ਕੈਲਗਰੀ ਤੋਂ ਟੋਰਾਂਟੋ ਆਏ ਕ੍ਰਿਸ਼ ਸ਼ਾਹ ਬੁਰੀ ਤਰ੍ਹਾਂ ਫਸ ਗਏ। ਪੀਅਰਸਨ ਇੰਟਰਨੈਸ਼ਨ ਏਅਰਪੋਰਟ ’ਤੇ ਪੁੱਜੇ ਕ੍ਰਿਸ਼ ਨੂੰ ਵੱਡੇ ਤੜਕੇ ਢਾਈ ਵਜੇ ਫਲਾਈਟ ਰੱਦ ਹੋਣ ਬਾਰੇ ਦੱਸਿਆ ਗਿਆ। ਹੁਣ ਉਸ ਨੂੰ ਆਪਣੇ ਪਰਵਾਰ ਤੋਂ ਵੱਖਰੇ ਤੌਰ ’ਤੇ ਕੈਲਗਰੀ ਪਰਤਣਾ ਹੋਵੇਗਾ ਅਤੇ ਵੈਸਟ ਜੈਟ ਤੋਂ ਬਹੁਤੀ ਮਦਦ ਦੀ ਉਮੀਦ ਨਹੀਂ। ਵੈਸਟ ਜੈਟ ਵੱਲੋਂ ਸੋਮਵਾਰ ਤੱਕ 1,078 ਫਲਾਈਟਸ ਰੱਦ ਕੀਤੀਆਂ ਜਾ ਚੁੱਕੀਆਂ ਸਨ ਜਿਸ ਦੇ ਸਿੱਟੇ ਵਜੋਂ ਇਕ ਲੱਖ ਤੋਂ ਵੱਧ ਮੁਸਾਫਰ ਪ੍ਰਭਾਵਤ ਹੋਏ।
ਹੜਤਾਲ ਖਤਮ ਹੋਣ ਦੇ ਬਾਵਜੂਦ ਖੱਜਲ-ਖੁਆਰ ਹੋ ਰਹੇ ਮੁਸਾਫਰ
ਹੜਤਾਲ ਸ਼ੁਰੂ ਹੋਣ ’ਤੇ ਏਅਰਲਾਈਨ ਨੂੰ ਆਪਣੇ 180 ਜਹਾਜ਼ਾਂ ਵਿਚੋਂ 130 ਇਕ ਪਾਸੇ ਖੜ੍ਹੇ ਕਰਨੇ ਪਏ। ਇਹ ਜਹਾਜ਼ ਕੈਨੇਡਾ ਦੇ 13 ਵੱਖ ਵੱਖ ਹਵਾਈ ਅੱਡਿਆਂ ’ਤੇ ਖੜ੍ਹੇ ਹਨ ਜਿਨ੍ਹਾਂ ਨੂੰ ਮੁੜ ਸੇਵਾ ਵਿਚ ਸ਼ਾਮਲ ਕਰਨ ਤੋਂ ਪਹਿਲਾਂ ਸੁਰੱਖਿਆ ਜਾਂਚ ਦੇ ਘੇਰੇ ਵਿਚੋਂ ਲੰਘਣਾ ਹੋਵੇਗਾ। ਵੈਸਟ ਜੈਟ ਵੱਲੋਂ ਮੁਸਾਫਰਾਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਹਵਾਈ ਅੱਡੇ ਵੱਲ ਰਵਾਨਾ ਹੋਣ ਤੋਂ ਪਹਿਲਾਂ ਫਲਾਈਟ ਦਾ ਸਟੇਟਸ ਜ਼ਰੂਰ ਚੈਕ ਕਰ ਲਿਆ ਜਾਵੇ। ਦੂਜੇ ਪਾਸੇ ਹੜਤਾਲ ਕਰ ਕੇ ਕਈ ਰੂਟਾਂ ਦੀਆਂ ਟਿਕਟਾਂ ਮਹਿੰਗੀਆਂ ਹੋ ਗਈਆਂ। ਐਡਮਿੰਟਨ ਤੋਂ ਕੈਲੋਨਾ ਜਾਣ ਵਾਸਤੇ ਹਵਾਈ ਅੱਡੇ ’ਤੇ ਪੁੱਜੀ ਸੈਲੀਨਾ ਮਾਰਸੈਲਸ ਨੂੰ ਫਲਾਈਟ ਰੱਦ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੇ ਬਦਲਵਾਂ ਪ੍ਰਬੰਧ ਕਰਨ ਦਾ ਫੈਸਲਾ ਲਿਆ। ਕਿਸੇ ਹੋਰ ਏਅਰਲਾਈਨ ਦੀ ਟਿਕਟ ਬਾਰੇ ਪੁੱਛ ਪੜਤਾਲ ਕੀਤੀ ਤਾਂ ਕੀਮਤ ਬਹੁਤ ਜ਼ਿਆਦਾ ਦੱਸੀ ਗਈ ਪਰ ਮੰਗਲਵਾਰ ਨੂੰ ਕੰਮ ’ਤੇ ਪਹੁੰਚਣ ਦੀ ਮਜਬੂਰੀ ਕਾਰਨ ਉਸ ਨੇ ਮਹਿੰਗੀ ਟਿਕਟ ਖਰੀਦ ਲਈ। ਟਿਕਟ ਵੀ ਐਬਟਸਫੋਰਡ ਤੱਕ ਮਿਲੀ ਅਤੇ ਇਥੋਂ ਉਹ ਟੈਕਸੀ ਰਾਹੀਂ ਕੈਲੋਨਾ ਵੱਲ ਰਵਾਨਾ ਹੋਈ। ਸੈਲੀਨਾ ਨਹੀਂ ਜਾਣਦੀ ਕਿ ਵੈਸਟ ਜੈਟ ਤੋਂ ਰਿਫੰਡ ਕਦੋਂ ਮਿਲੇਗਾ।
ਏਅਰਲਾਈਨ ਵੱਲੋਂ ਹਾਲਾਤ ਵਿਚ ਜਲਦ ਸੁਧਾਰ ਦਾ ਦਾਅਵਾ
ਦੂਜੇ ਪਾਸੇ ਅਮਰੀਕਾ ਦੇ ਓਹਾਇਓ ਤੋਂ ਬੀ.ਸੀ. ਆਏ ਸਪੈਂਸਰ ਫੌਕਸ ਨੂੰ ਫਲਾਈਟ ਰੱਦ ਹੋਣ ਕਾਰਨ ਆਵਾਜਾਈ ਅਤੇ ਖਾਣ-ਪੀਣ ’ਤੇ 700 ਡਾਲਰ ਵਾਧੂ ਖਰਚ ਕਰਨੇ ਪਏ। ਸਪੈਂਸਰ ਨੇ ਦੱਸਿਆ ਕਿ ਵੈਸਟ ਜੈਟ ਦੀ ਕਸਟਰ ਕੇਅਰ ਸਰਵਿਸ ਕੰਮ ਨਹੀਂ ਕਰ ਰਹੀ ਸੀ ਅਤੇ ਵੈਨਕੂਵਰ ਤੋਂ ਵਾਪਸੀ ਲਈ ਬਦਲਵੇਂ ਪ੍ਰਬੰਧ ਕਰਨੇ ਲਾਜ਼ਮੀ ਹੋ ਗਏ। ਇਸੇ ਦੌਰਾਨ ਏਅਰ ਕ੍ਰਾਫਟ ਮਕੈਨਿਕਸ ਐਸੋਸੀਏਸ਼ਨ ਦੇ ਪ੍ਰਧਾਨ ਬਰੈਟ ਈਸਟ੍ਰਿਚ ਨੇ ਕਿਹਾ ਕਿ ਐਤਵਾਰ ਨੂੰ ਹੋਇਆ ਸਮਝੌਤਾ ਬਗੈਰ ਹੜਤਾਲ ਤੋਂ ਵੀ ਕੀਤਾ ਜਾ ਸਕਦਾ ਸੀ ਪਰ ਐਸੋਸੀਏਸ਼ਨ ਨੂੰ ਅਫਸੋਸ ਹੈ ਕਿ ਆਖਰੀ ਕਦਮ ਉਠਾਉਣਾ ਪਿਆ। ਫਿਰ ਵੀ ਇਸ ਗੱਲ ਦੀ ਤਸੱਲੀ ਹੈ ਕਿ ਹੜਤਾਲ ਸਿਰਫ 48 ਘੰਟੇ ਚੱਲੀ ਅਤੇ ਹਾਲਾਤ ਜਲਦ ਹੀ ਆਮ ਵਾਂਗ ਹੋ ਜਾਣਗੇ।