ਨਿੱਜਰ ਕਤਲਕਾਂਡ ਬਾਰੇ ਕੈਨੇਡਾ ਅਤੇ ਭਾਰਤ ਵਿਚਾਲੇ ਮੁਲਾਕਾਤਾਂ ਦਾ ਦੌਰ ਜਾਰੀ
ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਕੈਨੇਡੀਅਨ ਅਤੇ ਭਾਰਤੀ ਅਧਿਕਾਰੀਆਂ ਦਰਮਿਆਨ ਮੁਲਾਕਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਲੋਕ ਸਭਾ ਚੋਣਾਂ ਮਗਰੋਂ ਸੀ.ਐਸ.ਆਈ.ਐਸ. ਦੇ ਤਤਕਾਲੀ ਮੁਖੀ ਡੇਵਿਡ ਵੀਨੋ ਵੱਲੋਂ ਘੱਟੋ ਘੱਟ ਦੋ ਵਾਰ ਭਾਰਤੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ;
ਟੋਰਾਂਟੋ : ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਕੈਨੇਡੀਅਨ ਅਤੇ ਭਾਰਤੀ ਅਧਿਕਾਰੀਆਂ ਦਰਮਿਆਨ ਮੁਲਾਕਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਲੋਕ ਸਭਾ ਚੋਣਾਂ ਮਗਰੋਂ ਸੀ.ਐਸ.ਆਈ.ਐਸ. ਦੇ ਤਤਕਾਲੀ ਮੁਖੀ ਡੇਵਿਡ ਵੀਨੋ ਵੱਲੋਂ ਘੱਟੋ ਘੱਟ ਦੋ ਵਾਰ ਭਾਰਤੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਦੂਜੇ ਪਾਸੇ ਭਾਰਤੀ ਖੁਫੀਆ ਏਜੰਸੀ ਨੂੰ ਆਪਣੇ ਦੋ ਅਫਸਰ ਅਮਰੀਕਾ ਵਿਚੋਂ ਹਟਾਉਣੇ ਪਏ ਜਿਥੇ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਮੁਕੱਦਮਾ ਚੱਲ ਰਿਹਾ ਹੈ। ‘ਹਿੰਦੋਸਤਾਨ ਟਾਈਮਜ਼’ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਮੌਜੂਦਾ ਵਰ੍ਹੇ ਦੌਰਾਨ ਚਾਰ ਵਾਰ ਕੈਨੇਡਾ ਦੀ ਕੌਮੀ ਸੁਰੱਖਿਆ ਸਲਾਹਕਾਰ ਨੂੰ ਮਿਲ ਚੁੱਕੇ ਹਨ ਅਤੇ ਇਹ ਸਾਰੀਆਂ ਮੁਲਾਕਾਤਾਂ ਹਰਦੀਪ ਸਿੰਘ ਨਿੱਜਰ ਕਤਲਕਾਂਡ ਦੁਆਲੇ ਕੇਂਦਰਤ ਰਹੀਆਂ।
ਲੋਕਾਂ ਸਭਾ ਚੋਣਾਂ ਮਗਰੋਂ ਵੀ ਹੋਈਆਂ ਮੀਟਿੰਗਾਂ
ਰਿਪੋਰਟ ਕਹਿੰਦੀ ਹੈ ਕਿ ਡੇਵਿਡ ਵੀਨੋ ਜੋ 4 ਜੁਲਾਈ ਨੂੰ ਸੇਵਾ ਮੁਕਤ ਹੋ ਗਏ, ਦੀ ਭਾਰਤੀ ਖੁਫੀਆ ਅਧਿਕਾਰੀਆਂ ਨਾਲ ਇਕ ਮੁਲਾਕਾਤ ਕਿਸੇ ਤੀਜੇ ਮੁਲਕ ਦੀ ਧਰਤੀ ’ਤੇ ਹੋਈ। ਦੂਜੇ ਪਾਸੇ ਕੈਨੇਡੀਅਨ ਖੁਫੀਆ ਏਜੰਸੀ ਦੇ ਬੁਲਾਰੇ ਨੇ ਇਸ ਗੱਲ ਦੀ ਤਸਦੀਕ ਕਰਨ ਤੋਂ ਨਾਂਹ ਕਰ ਦਿਤੀ ਕਿ ਸੀ.ਐਸ.ਆਈ.ਐਸ. ਦੇ ਡਾਇਰੈਕਟਰ ਨੇ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਭਾਰਤ ਵੱਲੋਂ ਵੀ ਹਰਦੀਪ ਸਿੰਘ ਨਿੱਜਰ ਕਤਲਕਾਂਡ ਦੇ ਮਸਲੇ ’ਤੇ ਮੀਟਿੰਗ ਦਾ ਦੌਰਾ ਜਾਰੀ ਰਹਿਣ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕਾ ਵਿਚ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਮਾਮਲੇ ਭਾਰਤੀ ਖੁਫੀਆ ਏਜੰਸੀ ‘ਰਾਅ’ ਨੂੰ ਆਪਣੇ ਦੋ ਅਫਸਰ ਹਟਾਉਣੇ ਪਏ। ਇਸ ਤੋਂ ਪਹਿਲਾਂ ਸੀ.ਆਰ.ਪੀ.ਐਫ਼.ਐਫ਼. ਦੇ ਅਫਸਰ ਵਿਕਰਮ ਯਾਦਵ ਨੂੰ ਵੀ ਅਮਰੀਕਾ ਵਿਚੋਂ ਹਟਾਇਆ ਗਿਆ ਜਿਸ ਨੂੰ ਖੁਫੀਆ ਏਜੰਸੀ ਦੇ ਕੰਮਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਵਿਕਰਮ ਯਾਦਵ ਉਹੀ ਅਫਸਰ ਹੈ ਜਿਸ ਨੂੰ ਨਿਊ ਯਾਰਕ ਵਿਖੇ ਚੱਲ ਰਹੇ ਮੁਕੱਦਮੇ ਵਿਚ ‘ਸੀ ਸੀ-1’ ਦੱਸਿਆ ਜਾ ਰਿਹਾ ਹੈ।
ਭਾਰਤੀ ਖੁਫੀਆ ਏਜੰਸੀ ਨੇ ਅਮਰੀਕਾ ਵਿਚੋਂ ਹਟਾਏ 2 ਅਫਸਰ
ਇਥੇ ਦਸਣਾ ਬਣਦਾ ਹੈ ਕਿ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿਚ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਵੀ ਕੈਨੇਡੀਅਨ ਖੁਫੀਆ ਏਜੰਸੀ ਦੇ ਮੁਖੀ ਦੋ ਵਾਰ ਚੁੱਪ-ਚਪੀਤੇ ਨਵੀਂ ਦਿੱਲੀ ਗਏ। ਡੇਵਿਡ ਵੀਨੋ ਦੇ ਖੁਫੀਆ ਭਾਰਤ ਦੌਰੇ ਨਾਲ ਸਬੰਧਤ ਮੀਡੀਆ ਰਿਪੋਰਟਾਂ ਸਾਹਮਣੇ ਆਉਣ ਮਗਰੋਂ ਕੈਨੇਡਾ ਸਰਕਾਰ ਨੇ ਇਸ ਗੱਲ ਦੀ ਤਸਦੀਕ ਕਰ ਦਿਤੀ ਪਰ ਭਾਰਤੀ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾਣਕਾਰੀ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿਤਾ। ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਨਿੱਜਰ ਕਤਲਕਾਂਡ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਹ ਗੱਲ ਦੁਹਰਾਅ ਚੁੱਕੇ ਹਨ। ਇਸ ਮਾਮਲੇ ਵਿਚ ਜਵਾਬਦੇਹੀ ਤੈਅ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਨਿੱਜਰ ਕਤਲਕਾਂਡ ਦੀ ਪੜਤਾਲ ਅਧੀਨ ਸੀ.ਐਸ.ਆਈ.ਐਸ. ਵੱਲੋਂ 2023 ਬਾਰੇ ਜਾਰੀ ਪਬਲਿਕ ਰਿਪੋਰਟ ਵਿਚ ਦੱਸਿਆ ਜਾ ਚੁੱਕਾ ਹੈ ਕਿ ਡੇਵਿਡ ਵੀਨੋ ਅਤੇ ਉਸ ਵੇਲੇ ਦੀ ਕੌਮੀ ਸੁਰੱਖਿਆ ਸਲਾਹਕਾਰ ਜੌਡੀ ਥੌਮਸ ਭਾਰਤ ਗਏ ਅਤੇ ਆਪਣੇ ਹਮਰੁਤਬਾ ਅਧਿਕਾਰੀਆਂ ਨਾਲ ਮਸਲੇ ਬਾਰੇ ਵਿਚਾਰ ਵਟਾਂਦਰਾ ਕੀਤਾ। ਦੂਜੇ ਪਾਸੇ ਕੈਨੇਡਾ ਦੀ ਮੌਜੂਦਾ ਕੌਮੀ ਸੁਰੱਖਿਆ ਸਲਾਹਕਾਰ ਨੈਟਲੀ ਡਰੌਇਨ ਵੱਲੋਂ ਮੌਜੂਦਾ ਵਰ੍ਹੇ ਭਾਰਤ ਜਾਣ ਦੀ ਕੋਈ ਰਿਪੋਰਟ ਨਹੀਂ ਹੈ। ਖੁਫੀਆ ਏਜੰਸੀ ਦੇ ਮੁਖੀ ਤੋਂ ਇਲਾਵਾ ਘੱਟੋ ਘੱਟ ਚਾਰ ਮੌਕਿਆਂ ’ਤੇ ਹੋਰਨਾਂ ਕੈਨੇਡੀਅਨ ਅਧਿਕਾਰੀਆਂ ਨੇ ਭਾਰਤ ਦੌਰਾ ਕਰਦਿਆਂ ਸੁਰੱਖਿਆ ਖਤਰਿਆਂ ਨਾਲ ਸਬੰਧਤ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇੰਡੋ-ਕੈਨੇਡੀਅਨ ਅਧਿਕਾਰੀਆਂ ਦੀ ਇਕ ਅਹਿਮ ਮੀਟਿੰਗ ਮੌਜੂਦਾ ਵਰ੍ਹੇ ਦੀ ਪਹਿਲੀ ਤਿਮਾਹੀ ਦੌਰਾਨ ਤੈਅ ਕੀਤੀ ਗਈ ਸੀ ਪਰ ਹਾਲਾਤ ਦੇ ਮੱਦੇਨਜ਼ਰ ਇਸ ਨੂੰ ਟਾਲ ਦਿਤਾ ਗਿਆ। ਇਨ੍ਹਾਂ ਸਾਰੀਆਂ ਘਟਨਾਵਾਂ ਦੇ ਬਾਵਜੂਦ ਦੋਹਾਂ ਮੁਲਕਾਂ ਵਿਚਾਲੇ ਕੂਟਨੀਤਕ ਗੱਲਬਾਤ ਚੁੱਪ ਚਪੀਤੇ ਚੱਲ ਰਹੀ ਹੈ ਅਤੇ ਗਲੋਬਲ ਅਫੇਅਰਜ਼ ਮੰਤਰਾਲਾ ਕੁਝ ਵੀ ਜਨਤਕ ਕਰਨ ਦਾ ਇੱਛਕ ਨਹੀਂ। ਦੱਸ ਦੇਈਏ ਕਿ ਜਿਥੇ ਕੈਨੇਡਾ ਸਰਕਾਰ ਨਿੱਜਰ ਕਤਲਕਾਂਡ ਦੇ ਸਾਜ਼ਿਸ਼ਘਾੜਿਆਂ ਨੂੰ ਬੇਨਕਾਬ ਕਰਨਾ ਚਾਹੁੰਦੀ ਹੈ, ਉਥੇ ਹੀ ਅਮਰੀਕਾ ਵਿਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨਿਖਿਲ ਗੁਪਤਾ ਅਤੇ ਇਕ ਭਾਰਤੀ ਅਫਸਰ ਵਿਰੁੱਧ ਮੁਕੱਦਮਾ ਚੱਲ ਰਿਹਾ ਹੈ। ਫਾਈਵ ਆਈਜ਼ ਇੰਟੈਲੀਜੈਂਸ ਅਲਾਇੰਸ ਦਾ ਮੈਂਬਰ ਹੋਣ ਦੇ ਨਾਤੇ ਅਮਰੀਕੀ ਖੁਫੀਆ ਏਜੰਸੀਆਂ ਕੈਨੇਡਾ ਨੂੰ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾ ਰਹੀਆਂ ਹਨ।