ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਬੀਤੇ ਸੁੱਕਰਵਾਰ, ਬਰੈਂਪਟਨ ਦੇ ਕਲੀਵਵਿਊ ਇਲਾਕੇ ਨੇੜਲੀਆਂ ਪੰਜਾਬਣਾਂ ਨੇ ਪਾਰਕ ਵਿਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ। ਇਸ ਵਿਚ ਤਕਰੀਬਨ 200 ਤੋਂ ਵੱਧ ਔਰਤਾਂ ਨੇ ਭਾਗ ਲਿਆ।
ਪੰਜਾਬਣਾਂ, ਸੌਣ ਮਹੀਨੇ ਦੀ ਤੀਜ ਤੋਂ ਪੂਰਨਮਾਸ਼ੀ ਤੱਕ ਮਨਾਈਆਂ ਜਾਂਦੀਆਂ ਤੀਆਂ ਨੂੰ, ਜੋ 50-60 ਸਾਲ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਬੜੀਆਂ ਪ੍ਰਚਲਤ ਸਨ, ਬੜੀ ਉਤਸੁਕਤਾ ਨਾਲ ਉਡੀਕਦੀਆਂ। ਇਹ ਉਹ ਦਿਨ ਹੁੰਦੇ ਸਨ, ਜਦ ਔਰਤਾਂ ਪੇਕੇ ਜਾਣਾ ਆਪਣਾ ਹੱਕ ਸਮਝਦੀਆਂ ਸਨ। ਖੇਤਾਂ ਵਿਚ ਔਰਤਾਂ ਦੇ ਕਰਨ ਵਾਲੇ ਕੰਮ ਵੀ ਇਹਨੀਂ ਦਿਨੀਂ ਘੱਟ ਹੁੰਦੇ। ਭਰਾ ਆਪਣੀਆਂ ਭੈਣਾਂ ਨੂੰ ਉਨ੍ਹਾਂ ਦੇ ਸਹੁਰਿਓਂ ਲੈ ਕੇ ਆਉਂਦੇ। ਆਪਣੇ ਵਿਆਹ ਤੋਂ ਬਾਅਦ ਵੱਖੋ ਵੱਖਰੀਆਂ ਥਾਂਵਾਂ ਤੇ ਖਿਲਰੀਆਂ ਸਹੇਲੀਆਂ ਨੂੰ ਫਿਰ ਤੋਂ ਬੈਠ, ਰਲ ਮਿਲ ਸੁੱਖ ਦੁੱਖ ਦੀਆਂ ਗੱਲਾਂ ਕਰਨ ਦਾ ਇਹ ਵਧੀਆ ਮੌਕਾ ਹੁੰਦਾ। ਪਿੰਡ ਦੇ ਬਾਹਰ ਵੱਡੇ ਬੋਹੜਾਂ ਤੇ ਪਿੱਪਲਾਂ ਦੁਆਲੇ ਸ਼ਾਮ ਵੇਲੇ ਕੁੜੀਆਂ ਦਾ ਇਕੱਠ ਹੁੰਦਾ, ਚੰਗੇ ਰੱਸੇ ਲਿਆ ਪੀਂਘਾਂ ਪਾਈਆਂ ਤੇ ਝੂਟੀਆਂ ਜਾਂਦੀਆਂ। ਵੱਡੇ ਘੇਰੇ ਵਿਚ ਜੁੜ, ਔਰਤਾਂ, ਬੋਲੀਆਂ ਪਾਉਂਦੀਆਂ ਨੱਚਦੀਆਂ ਤੇ ਗਿੱਧਾ ਪਾਉਂਦੀਆਂ। ਅਖੀਰਲੇ ਦਿਨ, ਇਹ ਇਕੱਠ, ਭੀੜ ਦਾ ਰੂਪ ਧਾਰਨ ਕਰਦਾ ਅਤੇ ਕੁਝ ਕੁ ਦੁਕਾਨਾਂ ਦੀਆਂ ਰਿਉੜੀਆਂ ਪਤਾਸਿਆਂ ਦਾ ਮੁਫ਼ਤ ਵਿਚ ਆਨੰਦ ਮਾਣਦਾ। ਇਨ੍ਹਾਂ ਛੋਟੀਆਂ ਹੱਟਾਂ ਦੇ ਬਾਣੀਆਂ ਨੂੰ ਵੀ ਇਸ ਦਾ ਪਤਾ ਹੁੰਦਾ ਅਤੇ ਉਹ ਇਸ ਮੁਫ਼ਤ ਖੋਰੀ ਨੂੰ ਹੱਸ ਖੇਡ ਵਿਚ ਜਰ ਜਾਂਦੇ।
ਆਪਣੇ ਵਿਰਸੇ ਨੂੰ ਯਾਦ ਕਰਦਿਆਂ, ਪੰਜਾਬਣਾਂ ਵੱਲੋਂ ਅੱਜ ਕਲ੍ਹ ਵਿਦੇਸ਼ਾਂ ਵਿਚ ਸਗੋਂ ਪੰਜਾਬ ਨਾਲੋਂ ਵੀ ਵੱਧ ਚੱੜ੍ਹ ਕੇ ਇਸ ਤਿਉਹਾਰ ਨੂੰ ਕਈ ਦਿਨ ਤਾਂ ਨਹੀਂ, ਪਰ ਕਿਸੇ ਇੱਕ ਦਿਨ ਮਨਾਇਆ ਜਾਣ ਲੱਗਾ ਹੈ। ਜਦ ਪੁਰਾਣੇ ਜ਼ਮਾਨੇ, ਇਹਨੀਂ ਦਿਨੀਂ ਘਰਾਂ ਵਿਚ ਮਾਲ੍ਹ ਪੂੜੇ, ਗੁਲਗੁਲੇ ਆਦਿ ਬਣਾਏ ਜਾਂਦੇ, ਇਥੇ ਬਣੇ ਬਣਾਏ ਲੱਡੂ, ਜਲੇਬੀਆਂ, ਗੁਲਾਬ ਜਾਮਣਾਂ, ਢੌਕਲੇ, ਸਮੋਸੇ ਤੇ ਪਕੌੜੇ ਖੁੱਲ੍ਹੇ ਵਰਤਾਏ ਜਾਂਦੇ ਹਨ। ਬੱਚੇ ਇਸ ਮੌਕੇ ਕੋਕੇ ਕੋਲੇ ਦੀਆਂ ਵੱਡੀਆਂ ਬੋਤਲਾਂ ਦਾ ਆਨੰਦ ਮਾਣਦੇ ਹਨ। ਪੰਜਾਬ ਵਾਂਗ ਜੁੜੀਆਂ ਔਰਤਾਂ, ਖਾਸ ਕਰ ਵੱਡੀ ਉਮਰ ਦੀਆਂ, ਪੁਰਾਣੀਆਂ ਬੋਲੀਆਂ, ਗਿੱਧਾ ਪਾਉਂਦੀਆਂ ਅਤੇ ਨੱਚਦੀਆਂ ਹਨ। ਹਰ ਪਾਰਕ ਵਿਚ ਜਿਥੇ ਕਿਤੇ ਵੀ ਇਹ ਇਕੱਠ ਹੁੰਦਾ ਹੈ, ਇੱਕ ਬੋਲੀ ਬੜੀ ਆਮ ਸੁਣੀ ਜਾ ਸਕਦੀ ਹੈ। ਇਸ ਤੀਆਂ ਦੇ ਮੇਲੇ ਵਿਚ ਵੀ ਇਹ ਵਾਰ ਵਾਰ ਦੁਹਰਾਈ ਜਾ ਰਹੀ ਸੀ:
ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ
ਇੱਕੋ ਤਵੀਤ ਉਹਦੇ ਘਰ ਦਾ ਨੀ,
ਜਦੋਂ ਲੜਦਾ ਤਾਂ ਲਾਹਦੇ ਲਾਹਦੇ ਕਰਦਾ ਨੀ।
ਬੋਲੀ ਛੋਟੀ ਹੈ, ਛੇਤੀ ਮੁੱਕ ਜਾਂਦੀ ਹੈ ਅਤੇ ਨਾਲ ਹੀ ਗਿੱਧੇ ਅਤੇ ਨੱਚਣ ਲਈ ਮਾਹੌਲ ਸਿਰਜ ਜਾਂਦੀ ਹੈ, ਜਿਸ ਵਿਚ ਛੋਟੀ ਤੋਂ ਵੱਡੀ ਉਮਰ ਦੀਆਂ ਔਰਤਾਂ ਰੱਲ ਮਿਲ ਮੇਲੇ ਦਾ ਰੰਗ ਬੰਨ ਦਿੰਦੀਆਂ ਹਨ। ਇਸ ਤੀਆਂ ਦੇ ਮੇਲੇ ਵਿਚ ਵੀ ਇਸ ਤਰ੍ਹਾਂ ਦੀਆਂ ਬੋਲੀਆਂ ਨੇ ਚੰਗੀ ਰੌਣਕ ਬਣਾਈ ਰੱਖੀ। ਛੋਟੀ ਲੜਕੀ ਗੁਰਸਾਂਝ ਨੇ ਵਧੀਆ ਡਾਂਸ ਕੀਤਾ। ਪੂਨਮ, ਕਿਰਨ ਅਤੇ ਸਾਥਣਾਂ ਨੇ ਜਾਗੋ ਵੀ ਲਿਆਂਦੀ ਅਤੇ ਖੂਬ ਬੋਲੀਆਂ ਪਾਈਆਂ। ਮੇਲੇ ਵਿੱਚ ਲੱਕੀ ਡਰਾਅ ਵੀ ਕੱਢੇ ਗਏ। ਇਸ ਸਮਾਗਮ ਵਿਚ ਖਾਣ ਪੀਣ ਦਾ ਵਧੀਆ ਪ੍ਰਬੰਧ, ਭੁਪਿੰਦਰ, ਹਰਜਿੰਦਰ, ਰਣਜੀਤ, ਦਲਜੀਤ ਅਤੇ ਕਮਲ, ਨੇ ਰਲ ਮਿਲ ਕੇ ਕੀਤਾ।