ਉਨਟਾਰੀਓ ਦੇ ਪ੍ਰੀਮੀਅਰ ਨੇ ਲੋਕਾਂ ਨੂੰ ਦੱਸੇ ਸ਼ਰਾਬ ਖਰੀਦਣ ਦੇ ਟਿਕਾਣੇ

ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਸੂਬੇ ਦੇ ਲੋਕਾਂ ਨੂੰ ਸ਼ਰਾਬ ਖਰੀਦਣ ਦੇ ਤਰੀਕੇ ਦੱਸਣ ਦਾ ਮਾਮਲਾ ਵਿਵਾਦਾਂ ਵਿਚ ਹੈ।;

Update: 2024-07-09 11:27 GMT

ਟੋਰਾਂਟੋ : ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਸੂਬੇ ਦੇ ਲੋਕਾਂ ਨੂੰ ਸ਼ਰਾਬ ਖਰੀਦਣ ਦੇ ਤਰੀਕੇ ਦੱਸਣ ਦਾ ਮਾਮਲਾ ਵਿਵਾਦਾਂ ਵਿਚ ਹੈ। ਐਲ.ਸੀ.ਬੀ.ਓ. ਕਾਮਿਆਂ ਦੀ ਹੜਤਾਲ ਦੇ ਮੱਦੇਨਜ਼ਰ ਪ੍ਰੀਮੀਅਰ ਡਗ ਫੋਰਡ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਅਪਲੋਡ ਕਰਦਿਆਂ ਕਿਹਾ ਹੈ ਕਿ ਲੋਕਾਂ ਕੋਲ ਉਨਟਾਰੀਓ ਵਿਚ ਬਣੀ ਸ਼ਰਾਬ ਖਰੀਦਣ ਦਾ ਮੌਕਾ ਮੌਜੂਦ ਹੈ ਅਤੇ ਇਸ ਦੇ ਨਾਲ ਹੀ ਉਹ ਬੀਅਰ, ਵਾਈਨ ਤੇ ਸਾਈਡਰ ਵੀ ਖਰੀਦ ਸਕਦੇ ਹਨ। ਵੀਡੀਓ ਵਿਚ ਡਗ ਫੋਰਡ ਬਰਗਰ ਤਿਆਰ ਕਰਨ ਮਗਰੋਂ ਇਕ ਕੰਪਿਊਟਰ ’ਤੇ ਬੈਠ ਜਾਂਦੇ ਹਨ ਅਤੇ ਪੂਰੇ ਉਨਟਾਰੀਓ ਵਿਚ ਸ਼ਰਾਬ ਵੇਚਣ ਲਈ ਅਧਿਕਾਰਤ ਥਾਵਾਂ ਦਾ ਨਕਸ਼ਾ ਨਜ਼ਰ ਆਉਂਦਾ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਇਹ ਨਕਸ਼ਾ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਹੈ ਜੋ ਸ਼ਰਾਬ ਜਾਂ ਬੀਅਰ ਸਟੋਰ ਦੀ ਲੋਕੇਸ਼ਨ ਦਰਸਾਉਂਦਾ ਹੈ।

ਵਿਰੋਧੀ ਧਿਰ ਵੱਲੋਂ ਡਗ ਫੋਰਡ ਦੀ ਤਿੱਖੀ ਨੁਕਤਾਚੀਨੀ

ਵੀਡੀਓ ਵਿਚ ਡਗ ਫੋਰਡ ਕਹਿੰਦੇ ਹਨ, ‘‘ਦੋਸਤੋ, ਇਹ ਬਹੁਤ ਸੌਖਾ ਹੈ, ਮੈਂ ਉਮੀਦ ਕਰਦਾਂ ਕਿ ਇਸ ਵਾਰ ਗਰਮੀਆਂ ਵਿਚ ਤੁਸੀਂ ਸਾਰੇ ਉਨਟਾਰੀਓ ਵਿਚ ਬਣੇ ਸ਼ਾਨਦਾਰ ਉਤਪਾਦਾਂ ਦਾ ਲੁਤਫ ਲਵੋਗੇ।’’ ਇਥੇ ਦਸਣਾ ਬਣਦਾ ਹੈ ਕਿ ਲਿਕਰ ਕੰਟਰੋਲ ਬੋਰਡ ਆਫ ਉਨਟਾਰੀਓ ਦੇ ਮੁਲਾਜ਼ਮ 5 ਜੁਲਾਈ ਤੋਂ ਹੜਤਾਲ ’ਤੇ ਹਨ। ਜੇ 19 ਜੁਲਾਈ ਤੱਕ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਸੂਬੇ ਵਿਚ ਵੱਖ ਵੱਖ ਥਾਵਾਂ ’ਤੇ ਸਥਿਤ 32 ਸਟੋਰ ਸ਼ੁੱਕਰਵਾਰ, ਸ਼ਨਿੱਚਰਵਾਰ ਅਤੇ ਐਤਵਾਰ ਨੂੰ ਕੁਝ ਘੰਟੇ ਵਾਸਤੇ ਖੋਲ੍ਹਣ ਦਾ ਪ੍ਰਬੰਧ ਕੀਤਾ ਜਾਵੇਗਾ। ਦੂਜੇ ਪਾਸੇ ਡਗ ਫੋਰਡ ਦੀ ਵੀਡੀਓ ’ਤੇ ਤਿੱਖੀਆਂ ਟਿੱਪਣੀਆਂ ਆ ਰਹੀਆਂ ਹਨ। ਡੌਨ ਵੈਲੀ ਈਸਟ ਤੋਂ ਲਿਬਰਲ ਵਿਧਾਇਕ ਆਦਿਲ ਸ਼ਾਮਜੀ ਨੇ ਟਵੀਟ ਕੀਤਾ ਕਿ 23 ਲੱਖ ਉਨਟਾਰੀਓ ਵਾਸੀਆਂ ਨੂੰ ਫੈਮਿਲੀ ਡਾਕਟਰ ਨਹੀਂ ਮਿਲ ਰਹੇ ਪਰ ਪ੍ਰੀਮੀਅਰ ਡਗ ਫੋਰਡ ਵੱਲੋਂ ਉਨ੍ਹਾਂ ਦੀ ਮਦਦ ਵਾਸਤੇ ਕੁਝ ਨਹੀਂ ਕੀਤਾ ਗਿਆ। ਉਨਟਾਰੀਓ ਫੈਡਰੇਸ਼ਨ ਆਫ ਲੇਬਰ ਦੀ ਪ੍ਰੈਜ਼ੀਡੈਂਟ ਲੌਰਾ ਵਾਲਟਨ ਨੇ ਟਵੀਟ ਕੀਤਾ ਕਿ ਉਹ ਸਰਕਾਰ ਦੇ ਖਾਸ ਨਕਸ਼ਿਆਂ ਵਿਚ ਕਿਫਾਇਤੀ ਮਕਾਨ ਅਤੇ ਮੁਕੰਮਲ ਸਟਾਫ ਵਾਲੇ ਐਮਰਜੰਸੀ ਰੂਮਜ਼ ਵੀ ਦੇਖਣਾ ਚਾਹੁਣਗੇ।

ਸ਼ਰਾਬ ਦੇ ਸਟੋਰਾਂ ਦੀ ਥਾਂ ਫੈਮਿਲੀ ਡਾਕਟਰਾਂ ਦਾ ਪ੍ਰਬੰਧ ਕਰਨ ਲਈ ਆਖਿਆ

ਐਲ.ਸੀ.ਬੀ.ਓ. ਕਾਮਿਆਂ ਦੀ ਹੜਤਾਲ ਦੀ ਅਗਵਾਈ ਕਰ ਰਹੀ ਮੁਲਾਜ਼ਮ ਯੂਨੀਅਨ ਵੱਲੋਂ ਫਿਲਹਾਲ ਡਗ ਫੋਰਡ ਦੀ ਵੀਡੀਓ ਬਾਰੇ ਟਿੱਪਣੀ ਨਹੀਂ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਡਗ ਫੋਰਡ ਵੱਲੋਂ ਪੇਸ਼ ਨਕਸ਼ੇ ਵਿਚ ਇਕ ਹਜ਼ਾਰ ਤੋਂ ਵੱਧ ਉਨਟਾਰੀਓ ਬਰੂਅਰੀਜ਼, ਵਾਇਨਰੀਜ਼, ਵਾਈਨ ਸ਼ੌਪਸ, ਡਿਸਟਿਲਰੀਜ਼ ਅਤੇ ਬੀਅਰ ਸਟੋਰ ਵਰਗੇ ਹੋਰ ਵੈਂਡਰਜ਼ ਦੀਆਂ ਲੋਕੇਸ਼ਨਾਂ ਸ਼ਾਮਲ ਹਨ। ਉਧਰ ਐਲ.ਸੀ.ਬੀ.ਓ. ਵੱਲੋਂ 10 ਜੁਲਾਈ ਤੋਂ ਪੰਜ ਸ਼ਰਾਬ ਸਟੋਰ ਖੋਲ੍ਹਣ ਦੀ ਯੋਜਨਾ ਰੱਦ ਕਰ ਦਿਤੀ ਗਈ ਹੈ। ਐਲ.ਸੀ.ਬੀ.ਓ. ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨਟਾਰੀਓ ਪਬਲਿਕ ਸਰਵਿਸ ਇੰਪਲੌਈਜ਼ ਯੂਨੀਅਨ ਤੋਂ ਪੈਦਾ ਹੋਏ ਖਤਰੇ ਨੂੰ ਵੇਖਦਿਆਂ ਬਾਰ ਅਤੇ ਰੈਸਟੋਰੈਂਟ ਮਾਲਕਾਂ ਵਾਸਤੇ ਹੋਲਸੇਲ ਵਿਕਰੀ ਦੀ ਯੋਜਨਾ ਨੂੰ ਫਿਲਹਾਲ ਅੱਗੇ ਪਾਇਆ ਜਾ ਰਿਹਾ ਹੈ ਅਤੇ ਉਹ ਆਨਲਾਈਨ ਖਰੀਦ ਦਾ ਬਦਲ ਚੁਣ ਸਕਦੇ ਹਨ।

Tags:    

Similar News