ਕੈਨੇਡਾ ’ਚ 85 ਸਾਲ ਉਮਰ ਵਾਲਿਆਂ ਦੀ ਵਸੋਂ ਤਿੰਨ ਗੁਣਾ ਵਧਣ ਦੇ ਆਸਾਰ
ਕੈਨੇਡਾ ਵਿਚ 85 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੀ ਆਬਾਦੀ ਤਿੰਨ ਗੁਣਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਸਟੈਟਕੈਨ ਦੇ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2073 ਤੱਕ ਮੁਲਕ ਦੀ ਆਬਾਦੀ 6 ਕਰੋੜ 30 ਲੱਖ ਹੋ ਜਾਵੇਗੀ
ਟੋਰਾਂਟੋ : ਕੈਨੇਡਾ ਵਿਚ 85 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੀ ਆਬਾਦੀ ਤਿੰਨ ਗੁਣਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਸਟੈਟਕੈਨ ਦੇ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2073 ਤੱਕ ਮੁਲਕ ਦੀ ਆਬਾਦੀ 6 ਕਰੋੜ 30 ਲੱਖ ਹੋ ਜਾਵੇਗੀ ਅਤੇ 85 ਸਾਲ ਤੋਂ ਵੱਧ ਉਮਰ ਵਾਲਿਆਂ ਦੀ ਵਸੋਂ 43 ਲੱਖ ਤੱਕ ਪੁੱਜ ਸਕਦੀ ਹੈ। ਬਿਰਧ ਹੁੰਦੀ ਆਬਾਦੀ ਅਤੇ ਘਟਦੀ ਜਨਮ ਦਰ ਦੇ ਮੱਦੇਨਜ਼ਰ ਇੰਮੀਗ੍ਰੇਸ਼ਨ ਹੀ ਕੈਨੇਡਾ ਦੇ ਵਿਕਾਸ ਦਾ ਮੁੱਖ ਆਧਾਰ ਹੋਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਦੀ ਵਸੋਂ ਵਧਣ ਕਾਰਨ ਕਿਰਤੀ ਬਾਜ਼ਾਰ ’ਤੇ ਦਬਾਅ ਦੁੱਗਣ ਹੋ ਜਾਵੇਗਾ ਕਿਉਂਕਿ ਉਮਰ ਵਧਣ ਕਾਰਨ ਨਾ ਸਿਰਫ ਲੋਕ ਕੰਮ ਤੋਂ ਬਾਹਰ ਹੋ ਰਹੇ ਹੋਣਗੇ ਸਗੋਂ ਬਜ਼ੁਰਗ ਹੋਣ ਦੇ ਨਾਤੇ ਉਨ੍ਹਾਂ ਨੂੰ ਵਧੇਰੇ ਸੇਵਾਵਾਂ ਦੀ ਜ਼ਰੂਰਤ ਹੋਵੇਗੀ। ਮਿਸਾਲ ਵਜੋਂ ਲੌਂਗ ਟਰਮ ਕੇਅਰ ਹੋਮਜ਼ ਵਿਚ ਵਧੇਰੇ ਮੁਲਾਜ਼ਮ ਲੋੜੀਂਦੇ ਹੋਣਗੇ ਅਤੇ ਕੈਨੇਡਾ ਨੂੰ ਆਪਣੀ ਵਸੋਂ ਵਧਾਉਣ ਲਈ ਅਸਰਦਾਰ ਯੋਜਨਾ ਦੀ ਜ਼ਰੂਰਤ ਪਵੇਗੀ।
50 ਸਾਲ ਬਾਅਦ ਵੀ ਇੰਮੀਗ੍ਰੇਸ਼ਨ ’ਤੇ ਹੀ ਨਿਰਭਰ ਹੋਵੇਗਾ ਕੈਨੇਡਾ
ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਤਕਰੀਬਨ ਹਰ ਸੂਬੇ ਵਿਚ ਬਜ਼ੁਰਗਾਂ ਦੀ ਗਿਣਤੀ ਵਧੇਗੀ ਅਤੇ ਹਾਲਾਤ ਨਾਲ ਨਜਿੱਠਣ ਲਈ ਠੋਸ ਕਦਮ ਉਠਾਉਣੇ ਲਾਜ਼ਮੀ ਹਨ। ਆਉਂਦੇ 50 ਵਰਿ੍ਹਆਂ ਦੌਰਾਨ ਬੀ.ਸੀ., ਐਲਬਰਟਾ ਅਤੇ ਸਸਕੈਚਵਨ ਰਾਜਾਂ ਵਿਚ ਕੈਨੇਡਾ ਦੀ ਕੁਲ ਆਬਾਦੀ ਦਾ ਜ਼ਿਆਦਾਤਰ ਹਿੱਸਾ ਰਹਿ ਰਿਹਾ ਹੋਵੇਗਾ ਜਦਕਿ ਦੂਜੇ ਪਾਸੇ ਨੋਵਾ ਸਕੋਸ਼ੀਆ, ਨਿਊ ਬ੍ਰਨਜ਼ਵਿਕ, ਕਿਊਬੈਕ ਅਤੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਰਾਜਾਂ ਵਿਚ ਆਬਾਦੀ ਘਟਣ ਦੇ ਆਸਾਰ ਹਨ। ਇਸ ਵੇਲੇ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਉਨਟਾਰੀਓ ਹੈ ਅਤੇ ਆਉਂਦੇ ਪੰਜ ਦਹਾਕੇ ਦੌਰਾਨ ਤਸਵੀਰ ਬਦਲ ਸਕਦੀ ਹੈ। ਔਟਵਾ ਦੇ ਡੈਮੋਗ੍ਰਾਫਰ ਡਗ ਨੌਰਿਸ ਨੇ ਕਿਹਾ ਕਿ ਨੀਤੀ ਘਾੜਿਆਂ ਨੂੰ ਸੰਭਾਵਤ ਵਾਧੇ ਮੁਤਾਬਕ ਵਿਉਂਤਬੰਦੀ ਕਰਨੀ ਚਾਹੀਦੀ ਹੈ ਕਿਉਂਕਿ ਨਵੇਂ ਪ੍ਰਵਾਸੀਆਂ ਦਾ ਰੁਝਾਨ ਵੱਡੇ ਸ਼ਹਿਰਾਂ ਵੱਲ ਜ਼ਿਆਦਾ ਹੁੰਦਾ ਹੈ ਅਤੇ ਅਜਿਹੇ ਵਿਚ ਵੱਡੇ ਸ਼ਹਿਰਾਂ ’ਤੇ ਰਿਹਾਇਸ਼ ਦੇ ਪ੍ਰਬੰਧ ਸਣੇ ਹੋਰ ਸੇਵਾਵਾਂ ਦਾ ਦਬਾਅ ਵਧ ਜਾਂਦਾ ਹੈ।
ਸਾਲ 2073 ਤੱਕ ਕੁਲ ਆਬਾਦੀ 6 ਕਰੋੜ 30 ਲੱਖ ਹੋਵੇਗੀ
ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਸੂਬੇ ਦੀ ਆਬਾਦੀ ਵਿਚ ਹੋਣ ਵਾਲੇ ਵਾਧੇ ਬਾਰੇ ਤਾਜ਼ਾ ਅੰਕੜੇ ਉਨ੍ਹਾਂ ਨੂੰ ਹੈਰਾਨ ਨਹੀਂ ਕਰਦੇ ਪਰ ਵਿਕਾਸ ਆਪਣੇ ਨਾਲ ਦਬਾਅ ਵੀ ਲੈ ਕੇ ਆਉਂਦਾ ਹੈ ਜਿਸ ਨੂੰ ਵੇਖਦਿਆਂ ਫੈਡਰਲ ਸਰਕਾਰ ਨੂੰ ਰਾਜ ਸਰਕਾਰਾਂ ਦਾ ਡਟਵਾਂ ਸਾਥ ਦੇਣਾ ਚਾਹੀਦਾ ਹੈ। ਇਥੇ ਦਸਣਾ ਬਣਦਾ ਹੈ ਕਿ ਕਿਊਬੈਕ ਅਤੇ ਉਨਟਾਰੀਓ ਨੂੰ ਵਧੇਰੇ ਇੰਮੀਗ੍ਰੇਸ਼ਨ ਫੰਡ ਦਿਤੇ ਜਾਣ ਤੋਂ ਨਾਰਾਜ਼ ਡੇਵਿਡ ਈਬੀ ਵੱਲੋਂ ਪਿਛਲੇ ਦਿਨੀਂ ਟਰੂਡੋ ਸਰਕਾਰ ’ਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ। ਬੀ.ਸੀ. ਦੇ ਮੈਸੀ ਟਨਲ ਪ੍ਰੌਜੈਕਟ ਦੀ ਮਿਸਾਲ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਫੈਡਰਲ ਸਰਕਾਰ ਮਦਦ ਨਹੀਂ ਕਰੇਗੀ ਤਾਂ ਸਾਨੂੰ ਸੰਘਰਸ਼ ਕਰਨਾ ਪਵੇਗਾ। ਆਪਣੇ ਪਰਵਾਰ ਦੀ ਪਰਵਰਿਸ਼ ਅਤੇ ਜ਼ਿੰਦਗੀ ਗੁਜ਼ਾਰਨ ਵਾਸਤੇ ਬੀ.ਸੀ. ਇਕ ਬਿਹਤਰਨੀ ਸੂਬਾ ਬਣਿਆ ਰਹੇ, ਇਸ ਵਾਸਤੇ ਲਾਜ਼ਮੀ ਹੈ ਕਿ ਫੈਡਰਲ ਸਰਕਾਰ ਤੋਂ ਮਿਲਣ ਵਾਲੇ ਇਨਫਰਾਸਟ੍ਰਕਚਰ ਫੰਡਾਂ ਵਿਚ ਕੋਈ ਵਿਤਕਰਾ ਨਾ ਕੀਤਾ ਜਾਵੇ।