ਉਨਟਾਰੀਓ ਵਿਚ ਇਕ ਹਜ਼ਾਰ ਤੋਂ ਟੱਪੀ ਕਾਲੀ ਖੰਘ ਦੇ ਮਰੀਜ਼ਾਂ ਦੀ ਗਿਣਤੀ
ਉਨਟਾਰੀਓ ਵਿਚ ਕਾਲੀ ਖੰਘ ਦੇ ਮਰੀਜ਼ਾਂ ਦੀ ਹੈਰਾਨਕੁੰਨ ਤਰੀਕੇ ਨਾਲ ਵਧ ਰਹੀ ਹੈ ਅਤੇ ਇਸ ਵਾਰ ਪਿਛਲੇ ਡੇਢ ਦਹਾਕੇ ਦੇ ਸਭ ਤੋਂ ਵੱਧ ਮਰੀਜ਼ ਸਾਹਮਣੇ ਆਉਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।;
ਟੋਰਾਂਟੋ : ਉਨਟਾਰੀਓ ਵਿਚ ਕਾਲੀ ਖੰਘ ਦੇ ਮਰੀਜ਼ਾਂ ਦੀ ਹੈਰਾਨਕੁੰਨ ਤਰੀਕੇ ਨਾਲ ਵਧ ਰਹੀ ਹੈ ਅਤੇ ਇਸ ਵਾਰ ਪਿਛਲੇ ਡੇਢ ਦਹਾਕੇ ਦੇ ਸਭ ਤੋਂ ਵੱਧ ਮਰੀਜ਼ ਸਾਹਮਣੇ ਆਉਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਇਨਫੈਕਸ਼ਨ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੇ ਮਾਹਰ ਡਾ. ਇਸਾਕ ਬੋਗੋਚ ਨੇ ਕਿਹਾ ਕਿ ਇਹ ਸਿਰਫ ਉਨਟਾਰੀਓ ਦਾ ਮਸਲਾ ਨਹੀਂ ਸਗੋਂ ਕੈਨੇਡਾ ਦੇ ਹੋਰਨਾਂ ਰਾਜਾਂ ਅਤੇ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਇਹ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਉਨਟਾਰੀਓ ਵਿਚ ਬੀਤੀ 9 ਸਤੰਬਰ ਤੱਕ 1,016 ਮਰੀਜ਼ ਸਾਹਮਣੇ ਆ ਚੁੱਕੇ ਸਨ ਅਤੇ ਇਹੀ ਰਫ਼ਤਾਰ ਰਹੀ ਤਾਂ 2012 ਦਾ ਅੰਕੜਾ ਪਾਰ ਹੋ ਜਾਵੇਗਾ ਜਦੋਂ 1,044 ਮਰੀਜ਼ ਸਾਹਮਣੇ ਆਏ ਸਨ।
2012 ਵਿਚ ਸਾਹਮਣੇ ਆਏ ਸਨ 1,044 ਮਰੀਜ਼
ਡਾ. ਬੋਗੋਚ ਦਾ ਕਹਿਣਾ ਸੀ ਕਿ ਮਰੀਜ਼ਾਂ ਦੀ ਗਿਣਤੀ ਵਧਣ ਪਿੱਛੇ ਕੋਈ ਠੋਸ ਕਾਰਨ ਨਜ਼ਰ ਨਹੀਂ ਆ ਰਿਹਾ ਪਰ ਕਈ ਵਾਰ ਬਿਮਾਰੀ ਜ਼ਿਆਦਾ ਜ਼ੋਰ ਫੜਨ ਲਗਦੀ ਹੈ ਅਤੇ ਅਜਿਹਾ ਕਈ ਵਰਿ੍ਹਆਂ ਬਾਅਦ ਹੁੰਦਾ ਹੈ। ਟੋਰਾਂਟੋ ਵਿਖੇ 16 ਸਤੰਬਰ ਤੱਕ 113 ਮਰੀਜ਼ ਸਾਹਮਣੇ ਆ ਚੁੱਕੇ ਹਨ ਜਦਕਿ ਵੈਕਸੀਨੇਸ਼ਨ ਦੀ ਕਮੀ ਵੀ ਪ੍ਰਮੁੱਖ ਕਾਰਨਾਂ ਵਿਚੋਂ ਇਕ ਹੋ ਸਕਦੀ ਹੈ। ਸਾਹ ਨਾਲ ਸਬੰਧਤ ਕਈ ਬਿਮਾਰੀਆਂ ਨੂੰ ਨਿਖੇੜਨਾ ਕਾਫੀ ਮੁਸ਼ਕਲ ਹੁੰਦਾ ਹੈ। ਸਾਧਾਰਣ ਖੰਘ ਕਈ ਵਾਰ ਗੰਭੀਰ ਰੂਪ ਅਖਤਿਆਰ ਕਰ ਜਾਂਦੀ ਹੈ ਅਤੇ ਕਈ ਕਈ ਹਫ਼ਤੇ ਠੀਕ ਨਹੀਂ ਹੁੰਦੀ। ਡਾ. ਬੋਗੋਨ ਵੱਲੋਂ ਉਨਟਾਰੀਓ ਵਾਸੀਆਂ ਨੂੰ ਦੋ ਪ੍ਰਮੁੱਖ ਸੁਨੇਹੇ ਦਿਤੇ ਗਏ ਹਨ।
ਮਾਹਰਾਂ ਨੇ ਕਿਹਾ, ਪੂਰੀ ਦੁਨੀਆਂ ਵਿਚ ਵਧ ਰਹੀ ਗਿਣਤੀ
ਪਹਿਲਾ ਇਹ ਕਿ ਕਾਲੀ ਖੰਘ ਤੋਂ ਬਚਾਅ ਦਾ ਹਰ ਵਸੀਲਾ ਵਰਤਿਆ ਜਾਵੇ ਅਤੇ ਦੂਜਾ ਇਹ ਕਿ ਮਾਮੂਲੀ ਖੰਘ ਹੋਣ ’ਤੇ ਲਾਪ੍ਰਵਾਹੀ ਨਾ ਵਰਤੀ ਜਾਵੇ। ਵੈਕਸੀਨੇਸ਼ਨ ਰਾਹੀਂ ਬੱਚਿਆਂ ਨੂੰ ਕਾਲੀ ਖੰਘ ਤੋਂ ਬਚਾਇਆ ਜਾ ਸਕਦਾ ਹੈ। ਦੋ ਮਹੀਨੇ ਦੇ ਬੱਚੇ ਨੂੰ ਵੀ ਵੈਕਸੀਨੇਟ ਕੀਤਾ ਜਾਂਦਾ ਹੈ ਅਤੇ ਚਾਰ ਮਹੀਨੇ ਜਾਂ ਛੇ ਮਹੀਨੇ ਦਾ ਹੋਣ ਵੀ ਵੈਕਸੀਨੇਸ਼ਨ ਦਿਤੀ ਜਾਂਦੀ ਹੈ। ਬਾਅਦ ਵਿਚ ਬੂਸਟਰ ਸ਼ਾਟਸ ਵੀ ਲਗਵਾਏ ਜਾ ਸਕਦੇ ਹਨ। ਦੂਜੇ ਪਾਸੇ ਐਡਲਟਸ ਵਾਸਤੇ ਵੀ ਵੈਕਸੀਨੇਸ਼ਨ ਉਪਲਬਧ ਹੈ ਅਤੇ ਗਰਭਵਤੀ ਔਰਤਾਂ ਵਾਸਤੇ ਵੀ ਇਸ ਦੀ ਸਿਫਾਰਸ਼ ਕੀਤੀ ਜਾਂਦੀ ਹੈ।