ਉਨਟਾਰੀਓ ਵਿਧਾਨ ਸਭਾ ਚੋਣਾਂ ਦਾ ਐਲਾਨ ਅਗਲੇ ਹਫ਼ਤੇ!

ਉਨਟਾਰੀਓ ਵਿਧਾਨ ਸਭਾ ਚੋਣਾਂ ਦਾ ਐਲਾਨ ਅਗਲੇ ਹਫ਼ਤੇ ਹੋ ਸਕਦਾ ਹੈ ਅਤੇ ਫ਼ਰਵਰੀ ਦੇ ਅੰਤ ਜਾਂ ਮਾਰਚ ਦੇ ਪਹਿਲੇ ਹਫ਼ਤੇ ਵੋਟਾਂ ਦੀ ਤਰੀਕ ਤੈਅ ਕੀਤੀ ਜਾ ਸਕਦੀ ਹੈ।;

Update: 2025-01-22 13:09 GMT

ਟੋਰਾਂਟੋ : ਉਨਟਾਰੀਓ ਵਿਧਾਨ ਸਭਾ ਚੋਣਾਂ ਦਾ ਐਲਾਨ ਅਗਲੇ ਹਫ਼ਤੇ ਹੋ ਸਕਦਾ ਹੈ ਅਤੇ ਫ਼ਰਵਰੀ ਦੇ ਅੰਤ ਜਾਂ ਮਾਰਚ ਦੇ ਪਹਿਲੇ ਹਫ਼ਤੇ ਵੋਟਾਂ ਦੀ ਤਰੀਕ ਤੈਅ ਕੀਤੀ ਜਾ ਸਕਦੀ ਹੈ। ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਡੌਨਲਡ ਟਰੰਪ ਵੱਲੋਂ ਕੈਨੇਡੀਅਨ ਵਸਤਾਂ ’ਤੇ ਟੈਕਸ ਲਾਏ ਜਾਣ ਅਤੇ ਇਸ ਦੇ ਅਸਰ ਸਾਹਮਣੇ ਆਉਣ ਤੋਂ ਪਹਿਲਾਂ ਪ੍ਰੀਮੀਅਰ ਡਗ ਫੋਰਡ ਤੀਜੀ ਵਾਰ ਚਾਰ ਸਾਲ ਦਾ ਕਾਰਜਕਾਲ ਪੱਕਾ ਕਰਨਾ ਚਾਹੁੰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਗਲੇ ਹਫ਼ਤੇ ਚੋਣਾਂ ਦਾ ਐਲਾਨ ਹੋਣ ਮਗਰੋਂ ਪੰਜ ਹਫ਼ਤੇ ਦਾ ਸਮਾਂ ਹੋਵੇਗਾ ਅਤੇ ਵੋਟਾਂ ਪੈਣ ਦੀ ਤਰੀਕ 27 ਫ਼ਰਵਰੀ ਜਾਂ 6 ਮਾਰਚ ਹੋ ਸਕਦੀ ਹੈ।

27 ਫ਼ਰਵਰੀ ਜਾਂ 6 ਮਾਰਚ ਨੂੰ ਪੈ ਸਕਦੀਆਂ ਨੇ ਵੋਟਾਂ

ਪ੍ਰੀਮੀਅਰ ਡਗ ਫੋਰਡ ਦੇ ਚੀਫ਼ ਆਫ਼ ਸਟਾਫ਼ ਦਾ ਕਹਿਣਾ ਹੈ ਕਿ ਡੌਨਲਡ ਟਰੰਪ ਦੇ ਟੈਕਸਾਂ ਦਾ ਜਵਾਬ ਦੇਣ ਵਾਸਤੇ ਸਰਕਾਰ ਨੂੰ ਮਜ਼ਬੂਤ ਲੋਕ ਫ਼ਤਵੇ ਦੀ ਜ਼ਰੂਰਤ ਹੈ। ਪੈਟ੍ਰਿਕ ਸੈਕਵਿਲ ਵੱਲੋਂ ਪਾਰਟੀ ਦੇ ਸਟਾਫ਼ਰਾਂ ਨੂੰ ਭੇਜੀ ਈਮੇਲ ਵਿਚ ਕਿਹਾ ਗਿਆ ਹੈ, ‘‘ਜਿਵੇਂ ਕਿ ਅਸੀਂ ਵੱਡੇ ਆਰਥਿਕ ਖਤਰੇ ਵੱਲ ਵਧ ਰਹੇ ਹਾਂ ਤਾਂ ਸਾਡੀ ਸਰਕਾਰ ਨੂੰ ਉਨਟਾਰੀਓ ਦੇ ਹੱਕਾਂ ਵਾਸਤੇ ਖੜ੍ਹੇ ਹੋਣ ਲਈ ਮਜ਼ਬੂਤ ਲੋਕ ਫ਼ਤਵੇ ਦੀ ਜ਼ਰੂਰਤ ਹੋਵੇਗੀ।’’ ਉਧਰ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਡਗ ਫੋਰਡ ਗੁਆਂਢੀ ਮੁਲਕ ਵੱਲੋਂ ਲੱਗਣ ਵਾਲੇ ਟੈਕਸਾਂ ਨੂੰ ਬਹਾਨਾ ਬਣਾ ਕੇ ਚੋਣਾਂ ਕਰਵਾਉਣਾ ਚਾਹੁੰਦੇ ਹਨ ਜਦਕਿ ਅਸਲੀਅਤ ਇਹ ਹੈ ਕਿ ਟਰੰਪ ਦੇ ਚੋਣ ਜਿੱਤਣ ਤੋਂ ਪਹਿਲਾਂ ਹੀ ਉਨਟਾਰੀਓ ਵਿਚ ਤੈਅ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਹੋਣ ਦੇ ਸੰਕੇਤ ਆਉਣੇ ਸ਼ੁਰੂ ਹੋ ਗਏ ਸਨ। ਕੈਨੇਡੀਅਨ ਸਿਆਸਤ ਵਿਚ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਦਾ ਦਬਦਬਾ ਬਣ ਚੁੱਕਾ ਹੈ ਅਤੇ ਪਿਅਰੇ ਪੌਇਲੀਐਵ ਦੇ ਫੈਡਰਲ ਸੱਤਾ ਵਿਚ ਆਉਣ ਤੋਂ ਪਹਿਲਾਂ ਪਹਿਲਾਂ ਡਗ ਫ਼ੋਰਡ ਪ੍ਰੀਮੀਅਰ ਦੀ ਕੁਰਸੀ ਮੁੜ ਸੰਭਾਲਣ ਦੇ ਰੌਂਅ ਵਿਚ ਨਜ਼ਰ ਆਏ। ਪੱਤਰਕਾਰਾਂ ਵੱਲੋਂ ਕਈ ਮੌਕਿਆਂ ’ਤੇ ਡਗ ਫ਼ੋਰਡ ਨੂੰ ਸੰਭਾਵਤ ਮੱਧਕਾਲੀ ਚੋਣਾਂ ਬਾਰੇ ਪੁੱਛਿਆ ਗਿਆ ਪਰ ਉਹ ਹਰ ਵਾਰ ਟਾਲ ਗਏ ਜਦਕਿ ਸੂਤਰਾਂ ਦੇ ਹਵਾਲੇ ਨਾਲ ਅਕਸਰ ਹੀ ਇਹ ਗੱਲ ਉਭਰ ਕੇ ਸਾਹਮਣੇ ਆਉਂਦ ਰਹੀ ਕਿ 2025 ਦੀ ਬਸੰਤ ਰੁੱਤ ਵਿਚ ਉਨਟਾਰੀਓ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਉਨਟਾਰੀਓ ਦੇ ਹਰ ਵਸਨੀਕ ਨੂੰ 200 ਡਾਲਰ ਦਾ ਚੈਕ ਦੇਣ ਬਾਰੇ ਐਲਾਨ ਵੀ ਚੋਣਾਂ ਨਾਲ ਸਬੰਧਤ ਮੰਨਿਆ ਗਿਆ।

ਵਿਰੋਧੀ ਧਿਰ ਨੇ ਡਗ ਫ਼ੋਰਡ ’ਤੇ ਲਾਇਆ ਕੁਰਸੀ ਦਾ ਲਾਲਚੀ ਹੋਣ ਦਾ ਦੋਸ਼

ਉਧਰ ਡੌਨਲਡ ਟਰੰਪ ਨੇ ਚੋਣ ਜਿੱਤਣ ਮਗਰੋਂ ਕੈਨੇਡਾ ਨਾਲ ਮਤਰੇਈ ਮਾਂ ਵਾਲਾ ਸਲੂਕ ਸ਼ੁਰੂ ਕਰ ਦਿਤਾ ਅਤੇ 25 ਫੀ ਸਦੀ ਟੈਕਸਾਂ ਦੀ ਧਮਕੀ ਦੇਣ ਲੱਗੇ ਜਿਸ ਨੂੰ ਵੇਖਦਿਆਂ ਪ੍ਰੀਮੀਅਰ ਡਗ ਫੋਰਡ ਨੂੰ ਚੋਣਾਂ ਕਰਵਾਉਣ ਦਾ ਠੋਸ ਬਹਾਨਾ ਮਿਲ ਗਿਆ। ਦੂਜੇ ਪਾਸੇ ਵਿਰੋਧੀ ਧਿਰ ਨੇ ਦੋਸ਼ ਲਾਇਆ ਹੈ ਕਿ ਡਗ ਫ਼ੋਰਡ ਕੋਲ ਪਹਿਲਾਂ ਹੀ ਸਾਧਾਰਣ ਬਹੁਮਤ ਤੋਂ ਕਿਤੇ ਜ਼ਿਆਦਾ ਸੀਟਾਂ ਮੌਜੂਦ ਹਨ ਅਤੇ ਮੌਜੂਦਾ ਸਰਕਾਰ ਦਾ ਕਾਰਜਕਾਲ ਇਕ ਸਾਲ ਤੋਂ ਵੱਧ ਬਾਕੀ ਹੈ ਪਰ ਨੀਅਤ ਵਿਚ ਖੋਟ ਨਜ਼ਰ ਆ ਰਿਹਾ ਹੈ। ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਕਿ ਚੋਣਾਂ ਕਰਵਾ ਕੇ 5 ਲੱਖ ਨੌਕਰੀਆਂ ਨਹੀਂ ਬਚਾਈਆਂ ਜਾ ਸਕਦੀਆਂ ਸਗੋਂ ਆਪਣੀ ਕੁਰਸੀ ਬਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਲਿਬਰਲ ਆਗੂ ਬੌਂਨੀ ਕਰੌਂਬੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਚੋਣਾਂ ਸੂਬੇ ਵਾਸਤੇ ਨਵੀਆਂ ਸਮੱਸਿਆਵਾਂ ਪੈਦਾ ਕਰਨਗੀਆਂ ਜਦਕਿ ਇਸ ਵੇਲੇ ਇਕਜੁਟ ਹੋਣ ਦੀ ਜ਼ਰੂਰਤ ਹੈ।

Tags:    

Similar News