ਕੈਨੇਡਾ ’ਚ ਭਾਰਤੀਆਂ ਤੋਂ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦਾ ਸਰਗਣਾ ਕਾਬੂ
ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦਾ ਸਰਗਣਾ ਸੰਯੁਕਤ ਅਰਬ ਅਮੀਰਾਤ ਵਿਚ ਕਾਬੂ ਆ ਗਿਆ ਹੈ।;
ਐਡਮਿੰਟਨ : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦਾ ਸਰਗਣਾ ਸੰਯੁਕਤ ਅਰਬ ਅਮੀਰਾਤ ਵਿਚ ਕਾਬੂ ਆ ਗਿਆ ਹੈ। ਜੀ ਹਾਂ, ‘ਪ੍ਰੌਜੈਕਟ ਗੈਸਲਾਈਟ’ ਅਧੀਨ ਕੀਤੀ ਪੜਤਾਲ ਦੌਰਾਨ ਐਡਮਿੰਟਨ ਪੁਲਿਸ ਵੱਲੋਂ ਮਨਿੰਦਰ ਧਾਲੀਵਾਲ ਅਤੇ ਛੇ ਹੋਰਨਾਂ ਵਿਰੁੱਧ 54 ਦੋਸ਼ ਆਇਦ ਕੀਤੇ ਗਏ ਸਨ ਪਰ ਮਨਿੰਦਰ ਧਾਲੀਵਾਲ ਨੂੰ ਕਾਬੂ ਨਾ ਕੀਤਾ ਜਾ ਸਕਿਆ। ਹੁਣ ਮਨਿੰਦਰ ਧਾਲੀਵਾਲ ਦੇ ਸੰਯੁਕਤ ਅਰਬ ਅਮੀਰਾਤ ਵਿਚ ਗ੍ਰਿਫ਼ਤਾਰ ਹੋਣ ਮਗਰੋਂ ਐਡਮਿੰਟਨ ਪੁਲਿਸ ਉਸ ਦੇ ਹਵਾਲਗੀ ਦੇ ਯਤਨ ਕਰ ਰਹੀ ਹੈ।ਐਲਬਰਟਾ ਵਿਚ 40 ਘਰਾਂ ਨੂੰ ਅੱਗ ਲਾਉਣ ਦੀਆਂ ਵਾਰਦਾਤਾਂ ਮਗਰੋਂ ਸ਼ੁਰੂ ਹੋਈ ਪੜਤਾਲ ਦੇ ਆਧਾਰ ’ਤੇ ਐਡਮਿੰਟਨ ਪੁਲਿਸ ਵੱਲੋਂ 34 ਸਾਲ ਦੇ ਮਨਿੰਦਰ ਧਾਲੀਵਾਲ ਤੋਂ ਇਲਾਵਾ 20 ਸਾਲ ਦੀ ਜਸ਼ਨਦੀਪ ਕੌਰ, 20 ਸਾਲ ਦੇ ਗੁਰਕਰਨ ਸਿੰਘ, 19 ਸਾਲ ਦੇ ਮਾਨਵ ਹੀਰ, 21 ਸਾਲ ਦੇ ਪਰਮਿੰਦਰ ਸਿੰਘ, 19 ਸਾਲ ਦੇ ਦਿਵਨੂਰ ਆਸ਼ਟ ਅਤੇ 17 ਸਾਲ ਦੇ ਇਕ ਅੱਲ੍ਹੜ ਵਿਰੁੱਧ ਜਬਰੀ ਵਸੂਲੀ, ਅਗਜ਼ਨੀ, ਹਥਿਆਰ ਰੱਖਣ, ਹਥਿਆਰ ਨਾਲ ਹਮਲਾ ਕਰਨ ਅਤੇ ਅਪਰਾਧਕ ਗਿਰੋਹ ਵਿਚ ਸ਼ਾਮਲ ਹੋਣ ਦੇ ਦੋਸ਼ ਆਇਦ ਕੀਤੇ ਗਏ ਸਨ।
ਮਨਿੰਦਰ ਧਾਲੀਵਾਲ ਦੀ ਯੂ.ਏ.ਈ. ਵਿਚ ਗ੍ਰਿਫ਼ਤਾਰੀ
ਪੁਲਿਸ ਦਾ ਦੋਸ਼ ਹੈ ਕਿ ਮਨਿੰਦਰ ਧਾਲੀਵਾਲ ਨੇ ਵਿਦੇਸ਼ੀ ਧਰਤੀ ਤੋਂ ਅਪਰਾਧਕ ਸਰਗਰਮੀਆਂ ਚਲਾਈਆਂ ਅਤੇ ਐਡਮਿੰਟਨ ਵਿਖੇ ਨੌਜਵਾਨਾਂ ਨੂੰ ਆਪਣੇ ਗਿਰੋਹ ਵਿਚ ਸ਼ਾਮਲ ਕਰਦਿਆਂ ਲੋਕਾਂ ਨੂੰ ਧਮਕਾਉਣ ਦੀ ਜ਼ਿੰਮੇਵਾਰੀ ਸੌਂਪੀ। ਇਸ ਤੋਂ ਇਲਾਵਾ ਮੰਗੀ ਗਈ ਰਕਮ ਨਾ ਮਿਲਣ ’ਤੇ ਮਕਾਨਾਂ ਨੂੰ ਅੱਗ ਲਾਉਣ ਦੀਆਂ ਵਾਰਦਾਤਾਂ ਵੀ ਕੀਤੀਆਂ ਗਈਆਂ। ਘਰਾਂ ਨੂੰ ਅੱਗ ਲਾਉਣ ਤੋਂ ਇਲਾਵਾ ਨਿਸ਼ਾਨਾ ਬਣਾਏ ਜਾਣ ਵਾਲੇ ਲੋਕਾਂ ਦੇ ਘਰਾਂ ’ਤੇ ਗੋਲੀਆਂ ਵੀ ਚਲਾਈਆਂ ਗਈਆਂ। ਕੈਨੇਡਾ ਵਿਚ ਅਮੀਰ ਸਾਊਥ ਏਸ਼ੀਅਨਜ਼ ਤੋਂ ਜਬਰੀ ਵਸੂਲੀ ਦੇ ਸਭ ਤੋਂ ਵੱਧ ਮਾਮਲੇ ਉਨਟਾਰੀਓ, ਬੀ.ਸੀ. ਅਤੇ ਐਲਬਰਟਾ ਵਿਚ ਸਾਹਮਣੇ ਆਏ ਅਤੇ ਵੱਖ ਵੱਖ ਪੁਲਿਸ ਮਹਿਕਮਿਆਂ ਵੱਲੋਂ ਦਰਜਨਾਂ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ। ਐਡਮਿੰਟਨ ਪੁਲਿਸ ਦੀ ਔਰਗੇਨਾਈਜ਼ਡ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਡੁਏਨ ਹੰਟਰ ਨੇ ਦੱਸਿਆ ਕਿ ਜਬਰੀ ਵਸੂਲੀ ਦੇ ਇਨ੍ਹਾਂ ਮਾਮਲਿਆਂ ਦੀ ਪੜਤਾਲ ਬੇਹੱਦ ਗੁੰਝਲਦਾਰ ਰਹੀ ਪਰ ਇਸ ਗੱਲ ਦੀ ਤਸੱਲੀ ਹੈ ਕਿ ਜਾਂਚਕਰਤਾ ਸਹੀ ਰਾਹ ’ਤੇ ਅੱਗੇ ਵਧੇ ਅਤੇ ਹੁਣ ਮਨਿੰਦਰ ਧਾਲੀਵਾਲ ਦੀ ਹਵਾਲਗੀ ਦੇ ਯਤਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਹਵਾਲਗੀ ਸੰਧੀ ਨਾ ਹੋਣ ਕਾਰਨ ਮਨਿੰਦਰ ਧਾਲੀਵਾਲ ਨੂੰ ਲਿਆਉਣਾ ਸੌਖਾ ਨਹੀਂ ਹੋਵੇਗਾ। ਸੀ.ਬੀ.ਸੀ. ਦੀ ਰਿਪੋਰਟ ਵਿਚ ਅਦਾਲਤੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਦੋ ਸਾਲ ਪਹਿਲਾਂ ਐਡਮਿੰਟਨ ਦੇ ਉੱਤਰ-ਪੂਰਬੀ ਇਲਾਕੇ ਵਿਚ ਉਸਾਰੀ ਅਧੀਨ ਦੋ ਮਕਾਨਾਂ ਨੂੰ ਅੱਗ ਲਾਈ ਗਈ ਅਤੇ ਅੱਗ ਲਾਉਣ ਵਾਲਿਆਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈਆਂ। ਜਬਰੀ ਵਸੂਲੀ ਦੀ ਧਮਕੀ ਆਉਣ ਮਗਰੋਂ ਘਰਾਂ ਦੇ ਮਾਲਕ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਸੀ ਅਤੇ ਸ਼ੱਕੀ ਕਈ ਵਾਰ ਉਸਾਰੀ ਅਧੀਨ ਘਰਾਂ ਦੇ ਆਲੇ ਦੁਆਲੇ ਘੁੰਮਦੇ ਨਜ਼ਰ ਆਏ।
ਐਡਮਿੰਟਨ ਪੁਲਿਸ ਕਰ ਰਹੀ ਹਵਾਲਗੀ ਦੇ ਯਤਨ
ਮਾਲਕ ਦਾ ਘਰ ਜ਼ਿਆਦਾ ਦੂਰ ਨਹੀਂ ਸੀ ਅਤੇ ਵਾਰਦਾਤ ਵਾਲੇ ਦਿਨ ਮਾਲਕ ਕੈਮਰਿਆਂ ਰਾਹੀਂ ਨਜ਼ਰ ਰੱਖ ਰਿਹਾ ਸੀ ਕਿ ਇਕ ਐਸ.ਯੂ.ਵੀ. ਆ ਕੇ ਰੁਕੀ ਅਤੇ ਇਸ ਵਿਚੋਂ ਉਤਰੇ ਚਾਰ ਜਣਿਆਂ ਨੇ ਘਰਾਂ ’ਤੇ ਤੇਲ ਛਿੜਕਣਾ ਸ਼ੁਰੂ ਕਰ ਦਿਤਾ ਅਤੇ ਅੱਗ ਲਾ ਕੇ ਫਰਾਰ ਹੋ ਗਏ। ਮਾਲਕ ਤੁਰਤ ਘਰੋਂ ਰਵਾਨਾ ਹੋਇਆ ਅਤੇ ਐਸ.ਯੂ.ਵੀ. ਦਾ ਪਿੱਛਾ ਸ਼ੁਰੂ ਕਰ ਦਿਤਾ। ਇਸੇ ਦੌਰਾਨ 911 ’ਤੇ ਕਾਲ ਵੀ ਕਰ ਦਿਤੀ ਅਤੇ ਪੁਲਿਸ ਵੀ ਸ਼ੱਕੀਆਂ ਦੀ ਗੱਡੀ ਦੇ ਪਿੱਛੇ ਲੱਗ ਗਈ। ਕੁਝ ਦੇਰ ਬਾਅਦ ਪੁਲਿਸ ਨੇ ਸ਼ੱਕੀਆਂ ਨੂੰ ਕਾਬੂ ਕਰ ਲਿਆ। ਇਥੇ ਦਸਣਾ ਬਣਦਾ ਹੈ ਕਿ ਜਬਰੀ ਵਸੂਲੀ ਦੇ ਮਾਮਲਿਆਂ ਦਾ ਮੁਕੱਦਮਾ ਸ਼ੁਰੂ ਹੋ ਚੁੱਕਾ ਹੈ ਅਤੇ ਮੰਗਲਵਾਰ ਨੂੰ ਪੰਜ ਸ਼ੱਕੀਆਂ ਦੇ ਵਕੀਲ ਅਦਾਲਤ ਵਿਚ ਪੇਸ਼ ਹੋਏ। ਮਾਮਲੇ ਦੀ ਅਗਲੀ ਸੁਣਵਾਈ 4 ਫਰਵਰੀ ਨੂੰ ਹੋਵੇਗੀ।