ਉਨਟਾਰੀਓ ਵਿਚ ਫੈਮਿਲੀ ਡਾਕਟਰ ਤੋਂ ਵਿਹੂਣੇ ਲੋਕਾਂ ਦੀ ਗਿਣਤੀ 25 ਲੱਖ ਹੋਈ

ਉਨਟਾਰੀਓ ਵਿਚ ਬਗੈਰ ਫੈਮਿਲੀ ਡਾਕਟਰ ਵਾਲੇ ਲੋਕਾਂ ਦੀ ਗਿਣਤੀ ਵਧ ਕੇ 25 ਲੱਖ ਹੋ ਚੁੱਕੀ ਹੈ। ਉਨਟਾਰੀਓ ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨਜ਼ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ 6 ਮਹੀਨੇ ਪਹਿਲਾਂ ਕੀਤੀ ਗਿਣਤੀ ਵਿਚ 1 ਲੱਖ 60 ਹਜ਼ਾਰ ਦਾ ਵਾਧਾ ਹੋਇਆ ਹੈ

Update: 2024-07-12 11:44 GMT

ਟੋਰਾਂਟੋ : ਉਨਟਾਰੀਓ ਵਿਚ ਬਗੈਰ ਫੈਮਿਲੀ ਡਾਕਟਰ ਵਾਲੇ ਲੋਕਾਂ ਦੀ ਗਿਣਤੀ ਵਧ ਕੇ 25 ਲੱਖ ਹੋ ਚੁੱਕੀ ਹੈ। ਉਨਟਾਰੀਓ ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨਜ਼ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ 6 ਮਹੀਨੇ ਪਹਿਲਾਂ ਕੀਤੀ ਗਿਣਤੀ ਵਿਚ 1 ਲੱਖ 60 ਹਜ਼ਾਰ ਦਾ ਵਾਧਾ ਹੋਇਆ ਹੈ ਜੋ ਡੂੰਘੀਆਂ ਚਿੰਤਾਵਾਂ ਪੈਦਾ ਕਰਦਾ ਹੈ। ਕਾਲਜ ਦੇ ਨਵੇਂ ਪ੍ਰੈਜ਼ੀਡੈਂਟ ਡਾ. ਜੌਬਿਨ ਵਰੂਗੀਜ਼ ਨੇ ਕਿਹਾ ਕਿ ਫੈਮਿਲੀ ਡਾਕਟਰ ਨਾ ਹੋਣ ਦੀ ਸੂਰਤ ਵਿਚ ਲੋਕਾਂ ਨੂੰ ਵਾਕ ਇਨ ਕਲੀਨਿਕ, ਅਰਜੈਂਟ ਕੇਅਰ ਜਾਂ ਐਮਰਜੰਸੀ ਰੂਮਜ਼ ਵੱਲ ਜਾਣਾ ਪੈਂਦਾ ਹੈ ਜਿਥੇ ਹਰ ਵਾਰ ਉਨ੍ਹਾਂ ਨੂੰ ਨਵਾਂ ਡਾਕਟਰ ਮਿਲੇਗਾ ਅਤੇ ਉਸ ਨੂੰ ਨਵੇਂ ਸਿਰੇ ਤੋਂ ਆਪਣੀ ਸਿਹਤ ਸਮੱਸਿਆ ਸਮਝਾਉਣੀ ਹੋਵੇਗੀ। ਸਿਰਫ ਐਨਾ ਹੀ ਨਹੀਂ ਲੋਕਾਂ ਨੂੰ ਕੈਂਸਰ ਦੀ ਰੋਕਥਾਮ ਲਈ ਕੀਤੀ ਜਾਣ ਵਾਲੀ ਸਕ੍ਰੀਨਿੰਗ ਤੋਂ ਵੀ ਵਾਂਝਾ ਹੋਣਾ ਪੈਂਦਾ ਹੈ।

6 ਮਹੀਨੇ ਵਿਚ ਹੋਇਆ 1 ਲੱਖ 60 ਹਜ਼ਾਰ ਦਾ ਵਾਧਾ

ਹੈਲਥ ਕੇਅਰ ਸੈਕਟਰ ਨਾਲ ਸਬੰਧਤ ਇਹ ਅੰਕੜੇ ਹਰ ਛੇ ਮਹੀਨੇ ਬਾਅਦ ਜਾਰੀ ਕੀਤੇ ਜਾਂਦੇ ਹਨ। ਬਰੈਂਪਟਨ ਨਾਲ ਸਬੰਧਤ ਡਾ. ਵਰੂਗੀਜ਼ ਦਾ ਕਹਿਣਾ ਸੀ ਕਿ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਕੋਲ ਫੈਮਿਲੀ ਡਾਕਟਰ ਦੀ ਸਹੂਲਤ ਹੋਣੀ ਲਾਜ਼ਮੀ ਹੈ,ਜਿਨ੍ਹਾਂ ਨੂੰ ਹਰ ਵਾਰ ਐਮਰਜੰਸੀ ਸਹਾਇਤਾ ਵਾਸਤੇ ਹਸਪਤਾਲ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਨਵੇਂ ਬਣੇ ਡਾਕਟਰਾਂ ਕੋਲ ਵੀ ਗਿਣਤੀ ਐਨੀ ਜ਼ਿਆਦਾ ਵਧ ਜਾਂਦੀ ਹੈ ਕਿ ਉਹ ਮਰੀਜ਼ਾਂ ਨੂੰ ਆਪਣੀ ਸੂਚੀ ਵਿਚ ਸ਼ਾਮਲ ਕਰਨਾ ਬੰਦ ਕਰ ਦਿਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਫੈਮਿਲੀ ਡਾਕਟਰਾਂ ਦੀ ਕਮੀ ਦੂਰ ਕਰਨ ਦੇ ਢੁਕਵੇਂ ਉਪਰਾਲੇ ਹੋਣੇ ਚਾਹੀਦੇ ਹਨ। ਇਸੇ ਦੌਰਾਨ ਫਿਜ਼ੀਸ਼ੀਅਨਜ਼ ਕਾਲਜ ਦੀ ਮੁੱਖ ਕਾਰਜਕਾਰੀ ਅਫਸਰ ਡਾ. ਦੀਪੀ ਸੁਰ ਨੇ ਮੰਨਿਆ ਕਿ ਸੂਬਾ ਸਰਕਾਰ ਵੱਲੋਂ ਪ੍ਰਾਇਮਰੀ ਕੇਅਰ ਵਾਲੀਆਂ ਟੀਮਾਂ ਵਾਸਤੇ ਨਿਵੇਸ਼ ਕੀਤਾ ਗਿਆ ਹੈ ਅਤੇ ਫੈਮਿਲੀ ਡਾਕਟਰਾਂ ਦਾ ਬੋਝ ਘਟਾਉਣ ਲਈ ਗੈਰਜ਼ਰੂਰੀ ਕਾਗਜ਼ੀ ਕਾਰਵਾਈ ਵੀ ਬੰਦ ਕਰ ਦਿਤੀ ਗਈ ਹੈ ਪਰ ਹਾਲੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।

6.7 ਲੱਖ ਲੋਕਾਂ ਨੂੰ ਫੈਮਿਲੀ ਡਾਕਟਰ ਤੱਕ ਪਹੁੰਚਣ ਲਈ ਕਰਨਾ ਪੈਂਦੈ 50 ਕਿਲੋਮੀਟਰ ਸਫਰ

ਉਨ੍ਹਾਂ ਕਿਹਾ ਕਿ ਫੈਮਿਲੀ ਡਾਕਟਰਾਂ ਦੀ ਕਮੀ ਕਾਰਨ ਪੈਣ ਵਾਲੇ ਅਸਰਾਂ ਨਾਲ ਨਜਿੱਠਣ ਅਤੇ ਮਰੀਜ਼ਾਂ ਨੂੰ ਬਣਦੀਆਂ ਸਿਹਤ ਸਹੂਲਤਾਂ ਵਾਸਤੇ ਜਲਦ ਤੋਂ ਜਲਦ ਤੋਂ ਤਬਦੀਲੀਆਂ ਕਰਨੀਆਂ ਹੋਣਗੀਆਂ। ਇਥੇ ਦਸਣਾ ਬਣਦਾ ਹੈ ਕਿ ਫੈਮਿਲੀ ਡਾਕਟਰਾਂ ਨੂੰ ਇਕ ਹਫਤੇ ਵਿਚ 19 ਘੰਟੇ ਕਾਗਜ਼ੀ ਕਾਰਵਾਈ ਕਰਦਿਆਂ ਹੀ ਲੰਘ ਜਾਂਦੇ ਹਨ ਅਤੇ ਐਨਾ ਸਮਾਂ ਮਰੀਜ਼ਾਂ ਨੂੰ ਮਿਲੇ ਤਾਂ ਲੱਖਾਂ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ। ਉਨਟਾਰੀਓ ਦੀ ਸਿਹਤ ਮੰਤਰੀ ਸਿਲਵੀਆ ਜੋਨਜ਼ ਦੀ ਤਰਜਮਾਨ ਹਾਨਾਹ ਜੈਨਸਨ ਨੇ ਕਿਹਾ ਕਿ ਸੂਬੇ ਦੇ 90 ਫੀ ਸਦੀ ਲੋਕਾਂ ਨੂੰ ਪ੍ਰਾਇਮਰੀ ਕੇਅਰ ਦੀ ਸਹੂਲਤ ਮੁਹੱਈਆ ਕਰਵਾਉਂਦਿਆਂ ਉਨਟਾਰੀਓ ਮੁਲਕ ਵਿਚ ਪਹਿਲੇ ਸਥਾਨ ’ਤੇ ਹੈ। ਦੂਜੇ ਪਾਸੇ ਉਨਟਾਰੀਓ ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨਜ਼ ਵੱਲੋਂ ਇਕ ਵੱਖਰਾ ਅਧਿਐਨ ਵੀ ਜਾਰੀ ਕੀਤਾ ਗਿਆ ਹੈ ਜਿਸ ਮੁਤਾਬਕ ਸੂਬੇ ਵਿਚ 6 ਲੱਖ 70 ਹਜ਼ਾਰ ਲੋਕਾਂ ਨੂੰ ਆਪਣੇ ਫੈਮਿਲੀ ਡਾਕਟਰ ਤੱਕ ਪਹੁੰਚਣ ਲਈ 50 ਕਿਲੋਮੀਟਰ ਤੋਂ ਵੱਧ ਸਫਰ ਕਰਨਾ ਪੈਂਦਾ ਹੈ। ਅਧਿਐਨ ਕਰਨ ਵਾਲੀ ਅਪਸਟ੍ਰੀਮ ਲੈਬ ਨਾਲ ਸਬੰਧਤ ਡਾ. ਅਰਚਨਾ ਗੁਪਤਾ ਨੇ ਕਿਹਾ ਕਿ ਘਰ ਦੇ ਨੇੜੇ ਫੈਮਿਲੀ ਡਾਕਟਰ ਨਾ ਹੋਣ ਕਾਰਨ ਜ਼ਿਆਦਾਤਰ ਮਰੀਜ਼ ਹਸਪਤਾਲਾਂ ਦੇ ਐਮਰਜੰਸੀ ਵਿਭਾਗ ਵਿਚ ਜਾਣ ਨੂੰ ਤਰਜੀਹ ਦਿੰਦੇ ਹਨ। ਦੱਸ ਦੇਈਏ ਕਿ ਅਪਸਟ੍ਰੀਮ ਲੈਬ, ਟੋਰਾਂਟੋ ਦੇ ਸੇਂਟ ਮਾਈਕਲਜ਼ ਹਸਪਤਾਲ ਨਾਲ ਸਬੰਧਤ ਹੈ।

Tags:    

Similar News