ਉਨਟਾਰੀਓ ’ਚ ਗੰਭੀਰ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ 31 ਲੱਖ ਤੱਕ ਪੁੱਜਣ ਦਾ ਖਦਸ਼ਾ

ਉਨਟਾਰੀਓ ਵਿਚ ਆਉਂਦੇ 15 ਸਾਲ ਦੌਰਾਨ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 31 ਲੱਖ ਤੱਕ ਪੁੱਜੀ ਸਕਦੀ ਹੈ ਜੋ ਚਾਰ ਸਾਲ ਪਹਿਲਾਂ 18 ਲੱਖ ਦਰਜ ਕੀਤੀ ਗਈ।;

Update: 2024-10-17 12:18 GMT

ਟੋਰਾਂਟੋ : ਉਨਟਾਰੀਓ ਵਿਚ ਆਉਂਦੇ 15 ਸਾਲ ਦੌਰਾਨ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 31 ਲੱਖ ਤੱਕ ਪੁੱਜੀ ਸਕਦੀ ਹੈ ਜੋ ਚਾਰ ਸਾਲ ਪਹਿਲਾਂ 18 ਲੱਖ ਦਰਜ ਕੀਤੀ ਗਈ। ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਤਾਜ਼ਾ ਅਧਿਐਨ ਮੁਤਾਬਕ ਸਾਲ 2040 ਤੱਕ 30 ਸਾਲ ਤੋਂ ਵੱਧ ਉਮਰ ਵਾਲੇ ਹਰ ਚਾਰ ਜਣਿਆਂ ਵਿਚੋਂ ਇਕ ਕਿਸੇ ਨਾ ਕਿਸੇ ਵੱਡੀ ਬਿਮਾਰੀ ਤੋਂ ਪੀੜਤ ਹੋਵੇਗਾ ਅਤੇ ਹਸਪਤਾਲ ਦਾਖਲ ਕਰਵਾਉਣ ਦੀ ਜ਼ਰੂਰਤ ਪਵੇਗੀ। ਯੂਨੀਵਰਸਿਟੀ ਦੇ ਡਾਲਾ ਲਾਨਾ ਸਕੂਲ ਆਫ਼ ਪਬਲਿਕ ਹੈਲਥ ਵੱਲੋਂ ਉਨਟਾਰੀਓ ਹੌਸਪੀਟਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੀਤਾ ਅਧਿਐਨ ਕਹਿੰਦਾ ਹੈ ਕਿ ਮਨੁੱਖੀ ਸਿਹਤ ਨਾਲ ਸਬੰਧਤ ਹਾਲਾਤ ਲਗਾਤਾਰ ਨਿਘਰਦੇ ਜਾ ਰਹੇ ਹਨ। 2002 ਵਿਚ ਹਰ 8 ਜਣਿਆਂ ਵਿਚੋਂ ਇਕ ਕਿਸੇ ਨਾ ਕਿਸੇ ਵੱਡੀ ਬਿਮਾਰੀ ਕਾਰਨ ਬਿਮਾਰ ਹੁੰਦਾ ਸੀ ਪਰ 2040 ਤੱਕ ਹਾਲਾਤ ਹੋਰ ਵੀ ਬਦਤਰ ਹੋ ਜਾਣਗੇ।

ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਤਾਜ਼ਾ ਅਧਿਐਨ ਵਿਚ ਹੈਰਾਨਕੁੰਨ ਦਾਅਵਾ

ਉਨਟਾਰੀਓ ਹੌਸਪੀਟਲ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਫਸਰ ਐਂਥਨੀ ਡੇਲ ਨੇ ਦੱਸਿਆ ਕਿ ਭਵਿੱਖ ਨੂੰ ਧਿਆਨ ਵਿਚ ਰਖਦਿਆਂ ਬਿਲਕੁਲ ਸਪੱਸ਼ਟ ਹੋ ਚੁੱਕਾ ਹੈ ਕਿ ਉਨਟਾਰੀਓ ਇਕ ਨਵਾਂ ਮੋੜ ਲੈ ਰਿਹਾ ਹੈ। ਸਿਹਤ ਸੰਭਾਲ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਹਸਪਤਾਲਾਂ ਦੀ ਸਮਰੱਥਾ ਵਿਚ ਵਾਧਾ ਕਰਨਾ ਹੋਵੇਗਾ ਅਤੇ ਸੂਬੇ ਨੂੰ ਖੋਜਾਂ ’ਤੇ ਆਧਾਰਤ ਕ੍ਰਾਂਤੀ ਦੀ ਲੋੜ ਹੈ ਜਿਸ ਰਾਹੀਂ ਵੱਧ ਤੋਂ ਵੱਧ ਮਰੀਜ਼ਾਂ ਨੂੰ ਸੰਭਾਲਿਆ ਜਾ ਸਕੇ। ਮੌਜੂਦਾ ਪ੍ਰਣਾਲੀ ਵਿਚ ਸੁਧਾਰ ਕੀਤੇ ਬਗੈਰ ਐਨੇ ਜ਼ਿਆਦਾ ਮਰੀਜ਼ਾਂ ਦਾ ਇਲਾਜ ਸੰਭਵ ਨਹੀਂ ਹੋ ਸਕਣਾ। ਡਾਇਬਟੀਜ਼, ਕੈਂਸਰ ਅਤੇ ਗਠੀਏ ਵਰਗੀਆਂ ਬਿਮਾਰੀਆਂ ਵਿਚ ਤੇਜ਼ ਵਾਧਾ ਹੋ ਸਕਦਾ ਹੈ ਅਤੇ ਕੁਝ ਮਰੀਜ਼ ਇਕ ਤੋਂ ਵਧੇਰੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਹਨ। ਡਾਲਾ ਲਾਨਾ ਸਕੂਲ ਆਫ਼ ਪਬਲਿਕ ਹੈਲਥ ਦੇ ਡੀਨ ਅਤੇ ਅਧਿਐਨ ਦੇ ਸਹਿ ਲੇਖਕ ਐਡਸਟਾਈਨ ਬ੍ਰਾਊਨ ਦਾ ਕਹਿਣਾ ਸੀ ਕਿ ਹੁਣ ਤੋਂ ਕੀਤੀ ਯੋਜਨਾਬੰਦੀ ਹੀ ਭਵਿੱਖ ਦੀਆਂ ਸਿਹਤ ਸੰਭਾਲ ਜ਼ਰੂਰਤਾਂ ਪੂਰੀਆਂ ਕਰ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਇਸ ਵੇਲੇ ਕੈਨੇਡੀਨਜ਼ ਦੀ ਔਸਤ ਉਮਰ 82 ਸਾਲ ਬਣਦੀ ਹੈ ਅਤੇ ਵਡੇਰੀ ਉਮਰ ਦੇ ਲੋਕਾਂ ਦੀ ਵਧਦੀ ਗਿਣਤੀ ਨੂੰ ਵੇਖਦਿਆਂ ਫੌਰੀ ਕਦਮ ਉਠਾਏ ਜਾਣੇ ਚਾਹੀਦੇ ਹਨ। ਅਗਲੇ 20 ਸਾਲ ਦੌਰਾਨ ਉਨਟਾਰੀਓ ਦੀ ਆਬਾਦੀ ਵਿਚ 36 ਫੀ ਸਦੀ ਵਾਧਾ ਹੋ ਸਕਦਾ ਹੈ ਅਤੇ 65 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੋ ਸਕਦੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ, ਜੀਨ ਥੈਰੇਪੀ ਅਤੇ ਪਰਸਨਲਾਈਜ਼ਡ ਮੈਡੀਸਲ ਵਰਗੀਆਂ ਨਵੀਆਂ ਤਕਨੀਕਾਂ ਨੂੰ ਅਪਣਾਉਂਦਿਆਂ ਸਿਹਤ ਸੰਭਾਲ ਖੇਤਰ ਦੇ ਹਾਲਾਤ ਨੂੰ ਕਿਸੇ ਹੱਦ ਤੱਕ ਬਿਹਤਰ ਕੀਤਾ ਜਾ ਸਕਦਾ ਹੈ।

Tags:    

Similar News