ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋ ਰਹੇ ਭਾਰਤੀਆਂ ਦੀ ਗਿਣਤੀ 13 ਗੁਣਾ ਵਧੀ
ਪਾਸਪੋਰਟ ’ਤੇ ਵੀਜ਼ਾ ਕੈਨੇਡਾ ਦਾ ਪਰ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਭਾਰਤੀਆਂ ਦੀ ਗਿਣਤੀ ਵਿਚ 13 ਗੁਣਾ ਵਾਧਾ ਹੋ ਚੁੱਕਾ ਹੈ।
ਨਿਊ ਯਾਰਕ : ਪਾਸਪੋਰਟ ’ਤੇ ਵੀਜ਼ਾ ਕੈਨੇਡਾ ਦਾ ਪਰ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਭਾਰਤੀਆਂ ਦੀ ਗਿਣਤੀ ਵਿਚ 13 ਗੁਣਾ ਵਾਧਾ ਹੋ ਚੁੱਕਾ ਹੈ। ਜੀ ਹਾਂ, ਸਿਰਫ ਜੂਨ ਮਹੀਨੇ ਦੌਰਾਨ 5,152 ਭਾਰਤੀਆਂ ਨੂੰ ਅਮਰੀਕਾ ਦੇ ਉਤਰੀ ਬਾਰਡਰ ’ਤੇ ਰੋਕਿਆ ਗਿਆ ਜਦਕਿ 2021 ਵਿਚ ਇਹ ਅੰਕੜਾ ਸਿਰਫ 390 ਦਰਜ ਕੀਤਾ ਗਿਆ ਸੀ। ਭਾਰਤੀ ਨਾਗਰਿਕ ਕੈਨੇਡੀਅਨ ਵੀਜ਼ਾ ਲੈ ਕੇ ਸਿਰਫ ਅਮਰੀਕਾ ਦਾਖਲ ਨਹੀਂ ਹੋ ਰਹੇ ਸਗੋਂ ਦਿੱਲੀ ਤੋਂ ਯੂ.ਕੇ. ਦੇ ਰਸਤੇ ਕੈਨੇਡਾ ਆਉਣ ਵਾਲੀਆਂ ਫਲਾਈਟਸ ਵਿਚ ਸਵਾਰ ਭਾਰਤੀ, ਹੀਥਰੋਅ ਹਵਾਈ ਅੱਡੇ ’ਤੇ ਅਸਾਇਲਮ ਦੇ ਦਾਅਵੇ ਵੀ ਕਰ ਰਹ ੇ ਹਨ।‘ਦਾ ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਮੁਤਾਬਕ ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਇਸ ਨਵੇਂ ਰੁਝਾਨ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ।
ਇਕੱਲੇ ਜੂਨ ਮਹੀਨੇ ਦੌਰਾਨ 5,152 ਭਾਰਤੀਆਂ ਨੂੰ ਬਾਰਡਰ ਏਜੰਟਾਂ ਨੇ ਰੋਕਿਆ
ਦੂਜੇ ਪਾਸੇ ਇੰਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਆਪਣੇ ਉਤਰੀ ਬਾਰਡਰ ’ਤੇ ਸਖ਼ਤੀ ਵਰਤੇ ਜਾਣ ਕਰ ਕੇ ਕੁਝ ਭਾਰਤੀ ਲੋਕ ਆਪਣੇ ਪਾਸਪੋਰਟ ’ਤੇ ਕੈਨੇਡੀਅਨ ਵੀਜ਼ਾ ਲੱਗਾ ਹੋਣ ਦੇ ਬਾਵਜੂਦ ਉਥੇ ਨਹੀਂ ਪੁੱਜਦੇ ਅਤੇ ਯੂ.ਕੇ. ਵਿਚ ਠਹਿਰਾਅ ਵਾਲੀ ਫਲਾਈਟ ਚੁਣਦਿਆਂ ਉਥੇ ਉਤਰ ਕੇ ਅਸਾਇਲਮ ਦੇ ਦਾਅਵੇ ਕਰ ਰਹੇ ਹਨ। ਅੰਕੜੇ ਦਰਸਾਉਂਦੇ ਹਨ ਕਿ ਯੂ.ਕੇ. ਵਿਚ ਪਨਾਹ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਢਾਈ ਗੁਣਾ ਵਧ ਗਈ ਹੈ। ਯੂ.ਕੇ. ਅਤੇ ਅਮਰੀਕਾ ਦੀਆਂ ਸਰਕਾਰਾਂ ਇਸ ਰੁਝਾਨ ਦਾ ਜ਼ਿਕਰ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਕੋਲ ਕਰ ਚੁੱਕੀਆਂ ਹਨ।ਯੂ.ਕੇ. ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅਸਾਇਲਮ ਦੇ ਹਰ ਦਾਅਵੇ ਨੂੰ ਬਾਰੀਕੀ ਨਾਲ ਘੋਖਿਆ ਜਾ ਰਿਹਾ ਹੈ ਅਤੇ ਅਸਾਇਲਮ ਮੰਗਣ ਵਾਲਿਆਂ ਦੇ ਪਿਛੋਕੜ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉਧਰ ਅਮਰੀਕਾ ਸਰਕਾਰ ਨੌਰਥ ਬਾਰਡਰ ਰਾਹੀਂ ਹੋ ਰਹੇ ਅਸਾਇਲਮ ਦੇ ਦਾਅਵਿਆਂ ਨੂੰ ਧੜਾਧੜ ਰੱਦ ਕਰ ਰਹੀ ਹੈ। ਸੇਫ ਥਰਡ ਕੰਟਰੀ ਐਗਰੀਮੈਂਟ ਵਿਚ ਦੋ ਤਬਦੀਲੀਆਂ ਕਰਦਿਆਂ ਹੁਣ ਪ੍ਰਵਾਸੀਆਂ ਨੂੰ ਪੇਸ਼ੀ ਤੋਂ ਪਹਿਲਾਂ ਵਕੀਲ ਨਾਲ ਸਲਾਹ-ਮਸ਼ਵਰਾ ਕਰਨ ਲਈ ਸਿਰਫ ਚਾਰ ਘੰਟੇ ਦਿਤੇ ਜਾ ਰਹੇ ਹਨ ਜਦਕਿ ਇਸ ਤੋਂ ਪਹਿਲਾਂ 24 ਘੰਟੇ ਦਾ ਸਮਾਂ ਮਿਲਦਾ ਸੀ। ਸੇਫ ਥਰਡ ਕੰਟਰੀ ਐਗਰੀਮੈਂਟ ਤੋਂ ਛੋਟ ਹੋਣ ਦਾ ਦਾਅਵਾ ਸਾਬਤ ਕਰਨ ਲਈ ਪ੍ਰਵਾਸੀਆਂ ਨੂੰ ਸਕ੍ਰੀਨਿੰਗ ਦੌਰਾਨ ਦਸਤਾਵੇਜ਼ ਪੇਸ਼ ਕਰਨੇ ਹੋਣਗੇ ਅਤੇ ਸਕ੍ਰੀਨਿੰਗ ਟਾਲੀ ਨਹੀਂ ਜਾਵੇਗੀ ਜਦਕਿ ਅਤੀਤ ਵਿਚ ਪ੍ਰਵਾਸੀਆਂ ਨੂੰ ਲੋੜੀਂਦੇ ਦਸਤਾਵੇਜ਼ ਇਕੱਤਰ ਕਰਨ ਲਈ ਸਕ੍ਰੀਨਿੰਗ ਦਾ ਸਮਾਂ ਅਤੇ ਤਰੀਕ ਮੁਲਤਵੀ ਕਰਵਾਉਣ ਦਾ ਹੱਕ ਸੀ।
ਕੈਨੇਡਾ ਦਾ ਵੀਜ਼ਾ ਲੈ ਕੇ ਯੂ.ਕੇ. ਵਿਚ ਵੀ ਪਨਾਹ ਮੰਗ ਰਹੇ ਭਾਰਤੀ
ਅਮਰੀਕਾ ਅਤੇ ਕੈਨੇਡਾ ਵਿਚਾਲੇ ਹੋਈ ਸੰਧੀ ਵਿਚ ਸਾਫ ਦਰਸਾਇਆ ਗਿਆ ਹੈ ਕਿ ਗੈਰਕਾਨੂੰਨੀ ਪ੍ਰਵਾਸੀ ਜਿਹੜੇ ਮੁਲਕ ਵਿਚ ਪਹਿਲਾ ਕਦਮ ਰੱਖਣਗੇ, ਅਸਾਇਲਮ ਦਾ ਦਾਅਵਾ ਵੀ ਉਥੇ ਹੀ ਕੀਤਾ ਜਾ ਸਕਦਾ ਹੈ। ਇਸ ਦਾ ਸਾਫ਼ ਮਤਲਬ ਹੈ ਕਿ ਕੈਨੇਡਾ ਪੁੱਜਣ ਮਗਰੋਂ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਅਮਰੀਕਾ ਵਿਚ ਪਨਾਹ ਨਹੀਂ ਮਿਲ ਸਕਦੀ ਪਰ ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਚੋਰੀ ਮੋਰੀਆਂ ਹਾਲੇ ਵੀ ਮੌਜੂਦ ਹਨ। ਅਮਰੀਕਾ ਦੇ ਦੱਖਣੀ ਬਾਰਡਰ ਦਾ ਜ਼ਿਕਰ ਕੀਤਾ ਜਾਵੇ ਤਾਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ 13 ਲੱਖ ਪ੍ਰਵਾਸੀ ਅਮਰੀਕਾ ਵਿਚ ਦਾਖਲ ਹੋ ਚੁੱਕੇ ਹਨ। ਇਕੱਲੇ ਜੂਨ ਮਹੀਨੇ ਦੌਰਾਨ 83 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਮੈਕਸੀਕੋ ਬਾਰਡਰ ਤੋਂ ਕਾਬੂ ਕੀਤਾ ਗਿਆ। ਅਮਰੀਕਾ ਦੇ ਦੱਖਣੀ ਬਾਰਡਰ ’ਤੇ ਰੋਜ਼ਾਨਾ ਕਾਬੂ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਔਸਤ ਗਿਣਤੀ ਢਾਈ ਹਜ਼ਾਰ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਚਾਰ ਸਾਲ ਪਹਿਲਾਂ ਸਤੰਬਰ 2020 ਵਿਚ 40,507 ਪ੍ਰਵਾਸੀਆਂ ਨੂੰ ਬਾਰਡਰ ’ਤੇ ਰੋਕਿਆ ਗਿਆ ਜੋ ਪਿਛਲੇ ਕੁਝ ਵਰਿ੍ਹਆਂ ਦਾ ਸਭ ਤੋਂ ਹੇਠਲਾ ਅੰਕੜਾ ਮੰਨਿਆ ਜਾ ਰਿਹਾ ਹੈ ਪਰ ਦਸੰਬਰ 2023 ਵਿਚ ਸਭ ਤੋਂ ਵੱਧ ਢਾਈ ਲੱਖ ਪ੍ਰਵਾਸੀਆਂ ਨੂੰ ਬਾਰਡਰ ’ਤੇ ਰੋਕਿਆ ਗਿਆ। ਨਵੰਬਰ ਵਿਚ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਨਾਜਾਇਜ਼ ਪ੍ਰਵਾਸ ਭਖਦਾ ਮੁੱਦਾ ਬਣਿਆ ਹੋਇਆ ਹੈ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਐਲਾਨ ਕਰ ਚੁੱਕੇ ਹਨ ਕਿ ਸੱਤਾ ਵਿਚ ਆਉਣ ’ਤੇ ਲੱਖਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਦਿਤਾ ਜਾਵੇਗਾ।