ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ 2.36 ਲੱਖ ’ਤੇ ਪੁੱਜੀ
ਕੈਨੇਡਾ ਵਿਚ ਅਸਾਇਲਮ ਮੰਗਣ ਵਾਲਿਆਂ ਦੇ ਮਸਲੇ ’ਤੇ ਫੈਡਰਲ ਸਰਕਾਰ ਅਤੇ ਰਾਜ ਸਰਕਾਰਾਂ ਵਿਚਾਲੇ ਟਕਰਾਅ ਪੈਦਾ ਹੋ ਗਿਆ ਹੈ।;
ਮੌਂਕਟਨ : ਕੈਨੇਡਾ ਵਿਚ ਅਸਾਇਲਮ ਮੰਗਣ ਵਾਲਿਆਂ ਦੇ ਮਸਲੇ ’ਤੇ ਫੈਡਰਲ ਸਰਕਾਰ ਅਤੇ ਰਾਜ ਸਰਕਾਰਾਂ ਵਿਚਾਲੇ ਟਕਰਾਅ ਪੈਦਾ ਹੋ ਗਿਆ ਹੈ। ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਕਿਊਬੈਕ ਅਤੇ ਉਨਟਾਰੀਓ ਦਾ ਬੋਝ ਘਟਾਉਣ ਲਈ ਹਜ਼ਾਰਾਂ ਸ਼ਰਨਾਰਥੀਆਂ ਨੂੰ ਵੱਖ-ਵੱਖ ਰਾਜਾਂ ਵਿਚ ਵਸਾਉਣਾ ਚਾਹੁੰਦੇ ਹਨ ਪਰ ਨਿਊ ਬ੍ਰਨਜ਼ਵਿਕ ਦੇ ਪ੍ਰੀਮੀਅਰ ਬਲੇਨ ਹਿਗਜ਼ ਨੇ ਤਿੱਖੇ ਸ਼ਬਦਾਂ ਦੀ ਵਰਤੋਂ ਕਰਦਿਆਂ ਆਖ ਦਿਤਾ ਕਿ ਟਰੂਡੋ ਸਰਕਾਰ ਬਗੈਰ ਕਿਸੇ ਆਰਥਿਕ ਸਹਾਇਤਾ ਤੋਂ ਸਾਢੇ ਚਾਰ ਹਜ਼ਾਰ ਸ਼ਰਨਾਰਥੀਆਂ ਨੂੰ ਨਿਊ ਬ੍ਰਨਜ਼ਵਿਕ ਭੇਜਣਾ ਚਾਹੁੰਦੀ ਹੈ। ‘ਨੈਸ਼ਨਲ ਪੋਸਟ’ ਦੀ ਰਿਪੋਰਟ ਮੁਤਾਬਕ ਇਸ ਵੇਲੇ ਕੈਨੇਡਾ ਵਿਚ 2 ਲੱਖ 35 ਹਜ਼ਾਰ ਤੋਂ ਵੱਧ ਅਸਾਇਲਮ ਦੀਆਂ ਅਰਜ਼ੀਆਂ ਵਿਚਾਰ ਅਧੀਨ ਹਨ ਅਤੇ ਜ਼ਿਆਦਾਤਰ ਦਾਅਵੇ ਕਿਊਬੈਕ ਅਤੇ ਉਨਟਾਰੀਓ ਵਿਚ ਕੀਤੇ ਗਏ ਹਨ। ਦੂਜੇ ਪਾਸੇ ਨਿਊ ਬ੍ਰਨਜ਼ਵਿਕ ਸੂਬੇ ਵਿਚ ਅਸਾਇਲਮ ਦੀਆਂ ਸਿਰਫ 384 ਅਰਜ਼ੀਆਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਗਿਣਤੀ ਦਾ ਉਨਟਾਰੀਓ ਜਾਂ ਕਿਊਬੈਕ ਦੇ ਮੁਕਾਬਲੇ ਜ਼ਮੀਨ ਅਸਮਾਨ ਦਾ ਫਰਕ ਹੈ।
ਸ਼ਰਨਾਰਥੀਆਂ ਨੂੰ ਵੰਡਣ ਦੇ ਮੁੱਦੇ ’ਤੇ ਛਿੜਿਆ ਵਿਵਾਦ
ਬਲੇਨ ਹਿਗਜ਼ ਨੇ ਕਿਹਾ ਕਿ ਨਿਊ ਬ੍ਰਨਜ਼ਵਿਕ ਵੱਲੋਂ ਪ੍ਰਵਾਸੀਆਂ ਦਾ ਹਮੇਸ਼ਾ ਬਾਹਵਾਂ ਉਲਾਰ ਕੇ ਸਵਾਗਤ ਕੀਤਾ ਗਿਆ ਹੈ ਪਰ ਫੈਡਰਲ ਸਰਕਾਰ ਦਾ ਇਕਪਾਸੜ ਫੈਸਲਾ ਡੂੰਘੀਆਂ ਚਿੰਤਾਵਾਂ ਪੈਦਾ ਕਰਦਾ ਹੈ। ਉਧਰ ਫੈਡਰਲ ਸਰਕਾਰ ਦੇ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਕਿਊਬੈਕ ਵਿਚ 99,553 ਅਸਾਇਲਮ ਅਰਜ਼ੀਆਂ ਦਾਖਲ ਹੋਈਆਂ ਜਦਕਿ ਉਨਟਾਰੀਓ ਵਿਚ ਇਹ ਅੰਕੜਾ ਇਕ ਲੱਖ ਪੰਜ ਹਜ਼ਾਰ ਦੱਸਿਆ ਜਾ ਰਿਹਾ ਹੈ। ਹੁਣ ਇਨ੍ਹਾਂ ਪਨਾਹ ਮੰਗਣ ਵਾਲਿਆਂ ਨੂੰ ਵੱਖ ਵੱਖ ਰਾਜਾਂ ਵਿਚ ਵੰਡਿਆ ਗਿਆ ਤਾਂ ਐਲਬਰਟਾ ਦੇ ਹਿੱਸੇ 28 ਹਜ਼ਾਰ ਰਫਿਊਜੀ ਆਉਣਗੇ ਜਦਕਿ ਬੀ.ਸੀ. ਵੱਲ 32,500 ਸ਼ਰਨਾਰਥੀਆਂ ਨੂੰ ਭੇਜਿਆ ਜਾ ਸਕਦਾ ਹੈ। ਇਸੇ ਤਰ੍ਹਾਂ ਨੋਵਾ ਸਕੋਸ਼ੀਆ ਕੋਲ ਪੰਜ ਹਜ਼ਾਰ ਵਾਧੂ ਰਫਿਊਜੀ ਪੁੱਜ ਸਕਦੇ ਹਨ। ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਲੀਲ ਦਿਤੀ ਕਿ ਫੈਡਰਲ ਸਰਕਾਰ ਵੱਲੋਂ ਸ਼ਰਨਾਰਥੀਆਂ ਵਾਸਤੇ ਹੋਟਲਾਂ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਇਹ ਨਾਕਾਫੀ ਅਤੇ ਮਹਿੰਗੇ ਸਾਬਤ ਹੋ ਰਹੇ ਹਨ। ਬਿਨਾਂ ਸ਼ੱਕ ਕਈ ਸੂਬਾ ਸਰਕਾਰਾਂ ਸ਼ਰਨਾਰਥੀਆਂ ਨੂੰ ਵਸਾਉਣ ਵਾਸਤੇ ਤਿਆਰ ਹਨ ਪਰ ਆਰਥਿਕ ਮੁਆਵਜ਼ੇ ਦਾ ਸਵਾਲ ਵੀ ਪੈਦਾ ਹੁੰਦਾ ਹੈ। ਸੂਬਾ ਸਰਕਾਰਾਂ ਨੂੰ ਜ਼ਿੰਮੇਵਾਰੀ ਵਾਲੇ ਤਰੀਕੇ ਨਾਲ ਅੱਗੇ ਆਉਣਾ ਚਾਹੀਦਾ ਨਾਕਿ ਬਲੇਨ ਹਿਗਜ਼ ਵਾਂਗ ਗ਼ੈਰਜ਼ਿੰਮੇਵਾਰੀ ਵਾਲੀਆਂ ਟਿੱਪਣੀਆਂ ਕਰਨੀਆਂ ਚਾਹੀਦੀਆਂ ਹਨ। ਇਸੇ ਦੌਰਾਨ ਨਿਊ ਬ੍ਰਨਜ਼ਵਿਕ ਸਰਕਾਰ ਦੇ ਬੁਲਾਰੇ ਪੌਲ ਬਰੈਡਲੀ ਨੇ ਕਿਹਾ ਕਿ ਰਫਿਊਜੀਆਂ ਦੇ ਮੁੱਦੇ ’ਤੇ ਫੈਡਰਲ ਸਰਕਾਰ ਨਾਲ ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਦੱਸ ਦੇਈਏ ਕਿ ਫੈਡਰਲ ਸਰਕਾਰ ਵੱਲੋਂ ਸ਼ਰਨਾਰਥੀਆਂ ਦੀ ਗਿਣਤੀ ਦੇ ਮੱਦੇਨਜ਼ਰ ਜੂਨ ਮਹੀਨੇ ਦੌਰਾਨ ਕਿਊਬੈਕ ਨੂੰ 750 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਪਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਇਸ ਨੂੰ ਪੱਖਪਾਤ ਕਰਾਰ ਦਿਤਾ। ਇਸ ਵੇਲੇ ਬੀ.ਸੀ. ਵਿਚ ਮੌਜੂਦ ਸ਼ਰਨਾਰਥੀਆਂ ਦੀ ਗਿਣਤੀ 11,421 ਦੱਸੀ ਜਾ ਰਹੀ ਹੈ। ਮੈਨੀਟੋਬਾ ਵਿਚ 1,378 ਅਸਾਇਲਮ ਮੰਗਣ ਵਾਲੇ ਮੌਜੂਦ ਹਨ ਅਤੇ ਸਾਢੇ ਅੱਠ ਹਜ਼ਾਰ ਹੋਰਨਾਂ ਨੂੰ ਇਥੇ ਭੇਜਿਆ ਜਾ ਸਕਦਾ ਹੈ। ਸਸਕੈਚਵਨ ਵਿਚ ਪਨਾਹ ਦਾ ਦਾਅਵਾ ਕਰਨ ਵਾਲੇ ਸਿਰਫ 514 ਜਣੇ ਮੌਜੂਦ ਹਨ ਅਤੇ ਨਵੀਂ ਯੋਜਨਾ ਅਧੀਨ ਇਥੇ ਸੱਤ ਹਜ਼ਾਰ ਹੋਰਨਾਂ ਨੂੰ ਭੇਜਿਆ ਜਾ ਸਕਦਾ ਹੈ।