ਹਰਦੀਪ ਨਿੱਜਰ ਦੇ ਸਾਥੀ ਉਤੇ ਕਾਤਲਾਨਾ ਹਮਲੇ ਦੀ ਪੜਤਾਲ ਐਫ਼.ਬੀ.ਆਈ ਨੇ ਸੰਭਾਲੀ
ਹਰਦੀਪ ਸਿੰਘ ਨਿੱਜਰ ਦੇ ਨਜ਼ਦੀਕੀ ਦੋਸਤ ਸਤਿੰਦਰਪਾਲ ਸਿੰਘ ਰਾਜੂ ਉਤੇ ਅਮਰੀਕਾ ਵਿਚ ਹੋਏ ਕਾਤਲਾਨਾ ਹਮਲੇ ਦੀ ਪੜਤਾਲ ਐਫ਼.ਬੀ.ਆਈ. ਨੇ ਆਪਣੇ ਹੱਥਾਂ ਵਿਚ ਲੈ ਲਈ ਹੈ।;
ਸੈਕਰਾਮੈਂਟੋ : ਹਰਦੀਪ ਸਿੰਘ ਨਿੱਜਰ ਦੇ ਨਜ਼ਦੀਕੀ ਦੋਸਤ ਸਤਿੰਦਰਪਾਲ ਸਿੰਘ ਰਾਜੂ ਉਤੇ ਅਮਰੀਕਾ ਵਿਚ ਹੋਏ ਕਾਤਲਾਨਾ ਹਮਲੇ ਦੀ ਪੜਤਾਲ ਐਫ਼.ਬੀ.ਆਈ. ਨੇ ਆਪਣੇ ਹੱਥਾਂ ਵਿਚ ਲੈ ਲਈ ਹੈ। ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਐਫ਼.ਬੀ.ਆਈ. ਦੇ ਅਫਸਰ ਵੀਰਵਾਰ ਨੂੰ ਉਨ੍ਹਾਂ ਕੋਲ ਆਏ ਅਤੇ ਯੋਲੋ ਕਾਊਂਟੀ ਦੇ ਦੱਖਣ ਵੱਲ ਇੰਟਰਸਟੇਟ 505 ’ਤੇ ਹੋਏ ਹਮਲੇ ਬਾਰੇ ਵਿਸਤਾਰਤ ਜਾਣਕਾਰੀ ਹਾਸਲ ਕੀਤੀ। ਕੈਲੇਫੋਰਨੀਆ ਦੇ ਵੁਡਲੈਂਡ ਸ਼ਹਿਰ ਵਿਚ ਰਹਿੰਦੇ ਸਤਿੰਦਰਪਾਲ ਸਿੰਘ ਰਾਜੂ ਮੁਤਾਬਕ 11 ਅਗਸਤ ਨੂੰ ਉਹ ਵੈਕਾਵਿਲ ਵਿਖੇ ਡਿਨਰ ਵਿਚ ਸ਼ਾਮਲ ਹੋਣ ਮਗਰੋਂ ਪਿਕਅੱਪ ਟਰੱਕ ਵਿਚ ਘਰ ਪਰਤ ਰਹੇ ਸਨ ਜਦੋਂ ਵਾਰਦਾਤ ਹੋਈ। ਉਨ੍ਹਾਂ ਦੱਸਿਆ ਕਿ ਇਕ ਚਿੱਟੇ ਰੰਗ ਦੀ ਗੱਡੀ ਵਿਚ ਸਵਾਰ ਹਮਲਾਵਰਾਂ ਨੇ ਗੋਲੀਆਂ ਚਲਾਈਆਂ।
ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ 11 ਅਗਸਤ ਨੂੰ ਚੱਲੀਆਂ ਸਨ ਗੋਲੀਆਂ
ਸਤਿੰਦਰਪਾਲ ਸਿੰਘ ਪਿਕਅੱਪ ਟਰੱਕ ਦੀ ਪੈਸੰਜਰ ਸੀਟ ’ਤੇ ਬੈਠੇ ਸਨ ਅਤੇ ਉਨ੍ਹਾਂ ਦਾ ਦੋਸਤ ਗੱਡੀ ਚਲਾ ਰਿਹਾ ਸੀ। ਪਹਿਲੀ ਗੋਲੀ ਚੱਲੀ ਤਾਂ ਸਤਿੰਦਰ ਪਾਲ ਨੇ ਸਿਰ ਹੇਠਾਂ ਕਰ ਲਿਆ ਪਰ ਇਸੇ ਦੌਰਾਨ ਕਈ ਹੋਰ ਗੋਲੀਆਂ ਚੱਲ ਗਈਆਂ। ਸਤਿੰਦਰਪਾਲ ਸਿੰਘ ਦੇ ਦੋਸਤ ਨੇ ਪਿਕਅੱਪ ਟਰੱਕ ਭਜਾਇਆ ਪਰ ਚਿੱਟੀ ਕਾਰ ਲਗਾਤਾਰ ਪਿੱਛਾ ਕਰ ਰਹੀ ਸੀ। ਇਸ ਦੌਰਾਨ ਪਿਕਅੱਪ ਟਰੱਕ ਬੇਕਾਬੂ ਹੋ ਗਿਆ ਅਤੇ ਖਤਾਨਾਂ ਵਿਚ ਜਾ ਵੜਿਆ। ਸਤਿੰਦਰਪਾਲ ਸਿੰਘ ਆਪਣੇ ਦੋ ਦੋਸਤਾਂ ਨਾਲ ਪਿਕਅੱਪ ਟਰੱਕ ਵਿਚੋਂ ਬਾਹਰ ਨਿਕਲੇ ਅਤੇ ਹਨੇਰੇ ਦਾ ਫਾਇਦਾ ਉਠਾ ਕੇ ਖੇਤਾਂ ਵਿਚ ਪਈਆਂ ਪਰਾਲੀ ਦੀਆਂ ਗੰਢਾਂ ਪਿੱਛੇ ਲੁਕ ਗਏ ਅਤੇ ਤੁਰਤ 911 ’ਤੇ ਕਾਲ ਕਰ ਦਿਤੀ। ਪੁਲਿਸ ਨੇ ਮੌਕਾ ਏ ਵਾਰਦਾਤ ਤੋਂ ਪੰਜ ਚੱਲੇ ਹੋਏ ਕਾਰਤੂਸ ਬਰਾਮਦ ਕੀਤੇ। ਵਾਰਦਾਤ ਵੇਲੇ ਆਪਣੇ ਮਨ ਵਿਚ ਆਏ ਖਿਆਲਾਂ ਦਾ ਜ਼ਿਕਰ ਕਰਦਿਆਂ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਹਰਦੀਪ ਸਿੰਘ ਨਿੱਜਰ ਦੀ ਤਸਵੀਰ ਸਾਹਮਣੇ ਆਈ ਕਿਉਂਕਿ ਬਿਲਕੁਲ ਇਸੇ ਤਰੀਕੇ ਨਾਲ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਗਿਆ।
ਸਤਿੰਦਰਪਾਲ ਸਿੰਘ ਅਤੇ ਉਸ ਦੇ 2 ਦੋਸਤ ਵਾਲ-ਵਾਲ ਬਚੇ
ਸਤਿੰਦਰਪਾਲ ਸਿੰਘ ਨੇ ਅੰਤ ਵਿਚ ਕਿਹਾ ਕਿ ਕਾਤਲਾਨਾ ਹਮਲੇ ਦੇ ਬਾਵਜੂਦ ਹੌਸਲੇ ਬੁਲੰਦ ਹਨ ਅਤੇ ਉਹ ਆਪਣਾ ਕੰਮ ਕਰਦੇ ਰਹਿਣਗੇ। ਦੂਜੇ ਪਾਸੇ ਐਫ਼.ਬੀ.ਆਈ. ਦੇ ਸੈਕਰਾਮੈਂਟੋ ਸਥਿਤ ਦਫ਼ਤਰ ਨੇ ਤਸਦੀਕ ਕਰ ਦਿਤੀ ਕਿ ਗੋਲੀਬਾਰੀ ਦੇ ਇਸ ਮਾਮਲੇ ਵਿਚ ਕੈਲੇਫੋਰਨੀਆ ਹਾਈਵੇਅ ਪੈਟਰੋਲ ਨਾਲ ਤਾਲਮੇਲ ਅਧੀਨ ਪੜਤਾਲ ਕੀਤੀ ਜਾ ਰਹੀ ਹੈ। ਉਧਰ ਕੈਲੇਫੋਰਨੀਆ ਹਾਈਵੇਅ ਪੈਟਰੋਲ ਨੇ ਮਾਮਲਾ ਸੰਜੀਦਾ ਹੋਣ ਕਾਰਨ ਵਧੇਰੇ ਜਾਣਕਾਰੀ ਸਾਂਝੀ ਕਰਨ ਤੋਂ ਨਾਂਹ ਕਰ ਦਿਤੀ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਵਾਸ਼ਿੰਗਟਨ ਸਥਿਤ ਭਾਰਤੀ ਅੰਬੈਸੀ ਤੋਂ ਕੈਲੇਫੋਰਨੀਆ ਵਿਚ ਗੋਲੀਬਾਰੀ ਦੀ ਵਾਰਦਾਤ ਬਾਰੇ ਟਿੱਪਣੀ ਮੰਗੀ ਗਈ ਪਰ ਕੋਈ ਹੁੰਗਾਰਾ ਨਹੀਂ ਆਇਆ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵਸਦੇ ਕਈ ਸਿੱਖਾਂ ਦੀ ਜਾਨ ਨੂੰ ਖਤਰਾ ਹੋਣ ਬਾਰੇ ਐਫ਼.ਬੀ.ਆਈ. ਵੱਲੋਂ ਸੁਚੇਤ ਕੀਤਾ ਗਿਆ ਪਰ ਸਤਿੰਦਰ ਪਾਲ ਸਿੰਘ ਰਾਜੂ ਦਾ ਕਹਿਣਾ ਕਿ ਉਨ੍ਹਾਂ ਨੂੰ ਕੋਈ ਚਿਤਾਵਨੀ ਨਹੀਂ ਮਿਲੀ। ਅਮਰੀਕੀ ਮੀਡੀਆ ਵਿਚ ਆਈ ਇਕ ਰਿਪੋਰਟ ਵਿਚ ਪਿਛਲੇ ਦਿਨੀਂ ਦਾਅਵਾ ਕੀਤਾ ਗਿਆ ਕਿ ਕੈਨੇਡਾ ਅਤੇ ਅਮਰੀਕਾ ਵਿਚ 19 ਸਿੱਖ ਕਾਰਕੁੰਨਾਂ ਨੂੰ ਮੁੜ ਧਮਕੀਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਜਿਨ੍ਹਾਂ ਵਿਚੋਂ ਤਿੰਨ ਚੁਣੇ ਹੋਏ ਨੁਮਾਇੰਦੇ ਹਨ। ਸਤਿੰਦਰਪਾਲ ਸਿੰਘ ਰਾਜੂ 28 ਜੁਲਾਈ ਨੂੰ ਕੈਲਗਰੀ ਵਿਖੇ ਰਾਏਸ਼ੁਮਾਰੀ ਵਿਚ ਸ਼ਾਮਲ ਹੋਇਆ ਸੀ ਅਤੇ ਇਸ ਤੋਂ ਪਹਿਲਾਂ ਸੈਨ ਫਰਾਂਸਿਸਕੋ ਅਤੇ ਸੈਕਰਾਮੈਂਟੋ ਵਿਖੇ ਜਨਵਰੀ ਅਤੇ ਮਾਰਚ ਵਿਚ ਹੋਏ ਸਮਾਗਮਾਂ ਦੌਰਾਨ ਵੀ ਸਤਿੰਦਰਪਾਲ ਸਿੰਘ ਨੇ ਸਰਗਰਮ ਰੋਲ ਅਦਾ ਕੀਤਾ।