ਕੈਨੇਡਾ ਦੇ ਰੇਲਵੇ ਕਾਮਿਆਂ ਦੀ ਹੜਤਾਲ ਦਾ ਖਦਸ਼ਾ

ਕੈਨੇਡਾ ਉਤੇ ਹੁਣ ਰੇਲ ਕਾਮਿਆਂ ਦੀ ਹੜਤਾਲ ਦਾ ਖਤਰਾ ਮੰਡਰਾਅ ਰਿਹਾ ਹੈ ਅਤੇ ਸਮਾਂ ਲੰਘਣ ਦੇ ਨਾਲ ਕਾਰੋਬਾਰੀਆਂ ਸਣੇ ਕਿਸਾਨਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ।

Update: 2024-08-06 11:40 GMT

ਵੈਨਕੂਵਰ : ਕੈਨੇਡਾ ਉਤੇ ਹੁਣ ਰੇਲ ਕਾਮਿਆਂ ਦੀ ਹੜਤਾਲ ਦਾ ਖਤਰਾ ਮੰਡਰਾਅ ਰਿਹਾ ਹੈ ਅਤੇ ਸਮਾਂ ਲੰਘਣ ਦੇ ਨਾਲ ਕਾਰੋਬਾਰੀਆਂ ਸਣੇ ਕਿਸਾਨਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਕੈਨੇਡੀਅਨ ਰੇਲਵੇ ਵੱਲੋਂ ਹਰ ਸਾਲ 350 ਅਰਬ ਡਾਲਰ ਮੁੱਲ ਦੀਆਂ ਵਸਤਾਂ ਦਾ ਢੋਆ-ਢੁਆਈ ਕੀਤੀ ਜਾਂਦੀ ਹੈ ਅਤੇ ਬੰਦਰਗਾਹਾਂ ਰਾਹੀਂ ਵਿਦੇਸ਼ ਭੇਜੇ ਜਾਣ ਵਾਲੇ ਸਮਾਨ ਦਾ ਅੱਧੇ ਤੋਂ ਵੱਧ ਹਿੱਸਾ ਰੇਲਵੇ ਰਾਹੀਂ ਪਹੁੰਚਾਇਆ ਜਾਂਦਾ ਹੈ। ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕੈਨੇਡੀਅਨ ਪੈਸੇਫਿਕ ਕੈਨਸਸ ਸਿਟੀ ਲਿਮ. ਦੇ ਤਕਰੀਬਨ 9,300 ਕਾਮਿਆਂ ਦੀ ਸੰਭਾਵਤ ਹੜਤਾਲ ਦਾ ਅਸਰ ਪਹਿਲਾਂ ਹੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਕੁਝ ਕਲਾਈਂਟਸ ਵੱਲੋਂ ਆਪਣੇ ਕਾਰਗੋ ਦੇ ਰੂਟ ਬਦਲੇ ਜਾ ਰਹੇ ਹਨ। ਦੂਜੇ ਪਾਸੇ ਹੜਤਾਲ ਹੋਣ ਦੀ ਸੂਰਤ ਵਿਚ ਵੀ ਗੈਸੋਲੀਨ ਅਤੇ ਪਾਣੀ ਵਿਚ ਰਲਾਉਣ ਲਈ ਕਲੋਰੀਨ ਦੀ ਢੋਆ ਢੁਆਈ ਨਹੀਂ ਰੋਕੀ ਜਾ ਸਕਦੀ।

ਜ਼ਰੂਰੀ ਵਸਤਾਂ ਦੀਆ ਕੀਮਤਾਂ ਵਿਚ ਹੋ ਸਕਦੈ ਵਾਧਾ

ਕੈਨੇਡਾ ਦੇ ਕਿਰਤ ਮੰਤਰੀ ਸਟੀਵਨ ਮੈਕਿਨਨ ਵੱਲੋਂ ਸੋਮਵਾਰ ਨੂੰ ਯੂਨੀਅਨ ਆਗੂਆਂ ਨਾਲ ਮੁਲਾਕਾਤ ਕੀਤੀ ਗਈ। ਗਲੋਬਲ ਨਿਊਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਚ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਹੁਣ ਗੱਲਬਾਤ ਨੂੰ ਮੁੜ ਅੱਗੇ ਵਧਾਉਣਾ ਸੌਖਾ ਨਹੀਂ। ਰੇਲਵੇ ਪ੍ਰਬੰਧਕਾਂ ਅਤੇ ਕਾਮਿਆਂ ਨੂੰ ਆਪਣੇ ਪੱਧਰ ’ਤੇ ਕੋਈ ਨਾਲ ਕੋਈ ਸਮਝੌਤਾ ਕਰਨਾ ਚਾਹੀਦਾ ਹੈ ਜੋ ਸਭਨਾਂ ਵਾਸਤੇ ਫਾਇਦੇਮੰਦ ਸਾਬਤ ਹੋਵੇਗਾ। ਇਕ ਪਾਸੇ ਦੋਵੇਂ ਧਿਰਾਂ ਗੱਲਬਾਤ ਦੀ ਮੇਜ਼ ’ਤੇ ਆਉਣ ਦੀ ਹਾਮੀ ਭਰ ਰਹੀਆਂ ਹਨ ਜਦਕਿ ਦੂਜੇ ਪਾਸੇ ਗੱਲਬਾਤ ਦੀ ਪ੍ਰਕਿਰਿਆ ਤੋੜਨ ਦੇ ਦੋਸ਼ ਲਾਏ ਜਾ ਰਹੇ ਹਨ। ਇਸੇ ਦੌਰਾਨ ਸੀ.ਐਨ. ਰੇਲ ਦੇ ਬੁਲਾਰੇ ਨੇ ਕਿਹਾ ਕਿ ਯੂਨੀਅਨ ਸਾਹਮਣੇ ਤਿੰਨ ਬਦਲ ਰੱਖੇ ਗਏ ਪਰ ਯੂਨੀਅਨ ਆਗੂਆਂ ਨੇ ਨਵੀਆਂ ਮੰਗਾਂ ਗਿਣਾ ਦਿਤੀਆਂ। ਇਸ ਟਕਰਾਅ ਦਾ ਹੱਲ ਤਲਾਸ਼ ਕਰਨਾ ਜ਼ਰੂਰੀ ਹੈ ਕਿਉਂਕਿ ਫਾਲ ਸੀਜ਼ਨ ਵਿਚ ਸ਼ਿਪਿੰਗ ਦੀ ਮੰਗ ਸਿਖਰ ’ਤੇ ਪੁੱਜ ਜਾਂਦੀ ਹੈ ਅਤੇ ਕਰੋੜਾਂ ਟਨ ਅਨਾਜ ਦੇ ਹੋਰ ਉਤਪਾਦ ਬਾਜ਼ਾਰ ਵਿਚ ਪੁੱਜਣੇ ਹੁੰਦੇ ਹਨ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੀ ਸਪਲਾਈ ਚੇਨ ਵਿਚ ਪਿਛਲੇ ਚਾਰ ਸਾਲ ਦੌਰਾਨ ਹੜਤਾਲ ਵਰਗੀਆਂ ਕਈ ਸਮੱਸਿਆਵਾਂ ਆ ਚੁੱਕੀਆਂ ਹਨ। ਪਿਛਲੇ ਸਾਲ ਬੀ.ਸੀ. ਦੇ ਬੰਦਰਗਾਹ ਕਾਮੇ 13 ਦਿਨ ਹੜਤਾਲ ’ਤੇ ਰਹੇ ਜਿਸ ਕਾਰਨ ਅਰਥਚਾਰੇ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋਇਆ। 

Tags:    

Similar News