ਕੰਜ਼ਰਵੇਟਿਵ ਪਾਰਟੀ ਵੱਲੋਂ ਟਰੂਡੋ ਸਰਕਾਰ ਵਿਰੁੱਧ ਦੂਜਾ ਬੇਵਿਸਾਹੀ ਮਤਾ ਪੇਸ਼

ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਪਹਿਲਾ ਬੇਵਿਸਾਹੀ ਮਤਾ ਨਾਕਾਮ ਰਹਿਣ ਤੋਂ 24 ਘੰਟੇ ਦੇ ਅੰਦਰ ਟਰੂਡੋ ਸਰਕਾਰ ਵਿਰੁੱਧ ਦੂਜਾ ਬੇਵਿਸਾਹੀ ਮਤਾ ਹਾਊਸ ਆਫ਼ ਕਾਮਨਜ਼ ਵਿਚ ਪੇਸ਼ ਕਰ ਦਿਤਾ ਗਿਆ।;

Update: 2024-09-27 12:56 GMT

ਔਟਵਾ : ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਪਹਿਲਾ ਬੇਵਿਸਾਹੀ ਮਤਾ ਨਾਕਾਮ ਰਹਿਣ ਤੋਂ 24 ਘੰਟੇ ਦੇ ਅੰਦਰ ਟਰੂਡੋ ਸਰਕਾਰ ਵਿਰੁੱਧ ਦੂਜਾ ਬੇਵਿਸਾਹੀ ਮਤਾ ਹਾਊਸ ਆਫ਼ ਕਾਮਨਜ਼ ਵਿਚ ਪੇਸ਼ ਕਰ ਦਿਤਾ ਗਿਆ। ਬੇਵਿਸਾਹੀ ਮਤੇ ’ਤੇ ਵੋਟਿੰਗ ਮੰਗਲਵਾਰ ਨੂੰ ਹੋ ਸਕਦੀ ਹੈ ਪਰ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਦੂਜਾ ਮਤਾ ਵੀ ਕਾਰਗਰ ਸਾਬਤ ਹੋਣ ਦੇ ਆਸਾਰ ਨਹੀਂ ਕਿਉਂਕਿ ਫਿਲਹਾਲ ਐਨ.ਡੀ.ਪੀ. ਅਤੇ ਬਲੌਕ ਕਿਊਬੈਕਵਾ ਦੋਵੇਂ ਲਿਬਰਲ ਸਰਕਾਰ ਦੇ ਨਾਲ ਖੜ੍ਹੀਆਂ ਹਨ। ਵਿਰੋਧੀ ਧਿਰ ਦੇ ਆਗੂ ਨੇ ਮਤਾ ਪੇਸ਼ ਕਰਦਿਆਂ ਐਮ.ਪੀਜ਼ ਨੂੰ ਸੱਦਾ ਦਿਤਾ ਕਿ ਘਰਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਅਤੇ ਜੁਰਮ ਵਿਚ ਹੋ ਰਹੇ ਵਾਧੇ ਸਣੇ ਲਿਬਰਲ ਸਰਕਾਰ ਦੀਆਂ ਹੋਰਨਾਂ ਨਾਲਾਇਕੀਆਂ ਦੇ ਮੱਦੇਨਜ਼ਰ ਤੁਰਤ ਫੈਡਰਲ ਚੋਣਾਂ ਕਰਵਾਉਣ ਦਾ ਉਪਰਾਲਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੰਸਦ ਦਾ ਸਰਕਾਰ ਤੋਂ ਭਰੋਸਾ ਉਠ ਚੁੱਕਾ ਹੈ ਅਤੇ ਹੁਣ ਕੈਨੇਡਾ ਵਾਸੀਆਂ ਨੂੰ ਕਾਰਬਨ ਟੈਕਸ ਤੋਂ ਮੁਕਤੀ ਮਿਲ ਜਾਣੀ ਚਾਹੀਦੀ ਹੈ ਜਦਕਿ ਘਰਾਂ ਦੀ ਉਸਾਰੀ, ਬਜਟ ਨੂੰ ਸੰਤੁਲਤ ਕਰਨਾ ਅਤੇ ਅਪਰਾਧ ਨੂੰ ਰੋਕਣਾ ਬੇਹੱਦ ਲਾਜ਼ਮੀ ਹੋ ਗਿਆ ਹੈ।

ਕੈਨੇਡਾ ਦੀ ਬਿਹਤਰੀ ਲਈ ਜਲਦ ਤੋਂ ਜਲਣ ਚੋਣਾਂ ਲਾਜ਼ਮੀ : ਪੌਇਲੀਐਵ

ਪ੍ਰਸ਼ਨਕਾਲ ਦੌਰਾਨ ਪੌਇਲੀਐਵ ਨੇ ਸਵਾਲ ਕੀਤਾ ਕਿ ਬੇਵਿਸਾਹੀ ਮਤੇ ਦੇ ਵਿਰੁੱਧ ਕੌਣ ਹੋ ਸਕਦਾ ਹੈ? ਦੂਜੇ ਪਾਸੇ ਸਦਨ ਵਿਚ ਸਰਕਾਰ ਦੀ ਆਗੂ ਕਰੀਨਾ ਗੂਲਡ ਨੇ ਇਕ ਸਵਾਲੀਆ ਲਹਿਜ਼ੇ ਵਿਚ ਕਿਹਾ ਕਿ ਮਤੇ ਦਾ ਵਿਰੋਧ ਕੌਣ ਕਰ ਰਿਹਾ ਹੈ ਅਤੇ ਨਾਲ ਹੀ ਜਵਾਬ ਦਿੰਦਿਆਂ ਕਿਹਾ ਕਿ ਬਿਨਾਂ ਸ਼ੱਕ ਕੈਨੇਡੀਅਨਜ਼। ਇਸੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਲਿਬਰਲ ਪਾਰਟੀ ਨੂੰ ਰੋਜ਼ਾਨਾ ਟੋਰੀਆਂ ਵੱਲੋਂ ਲਾਇਆ ਕੂੜੇ ਦਾ ਢੇਰ ਹਟਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਅਰੇ ਪੌਇਲੀਐਵ ਦੋ ਕਿਸਮ ਦਾ ਹੈਲਥ ਕੇਅਰ ਸਿਸਟਮ ਲਿਆਉਣਾ ਚਾਹੁੰਦੇ ਹਨ ਜਿਸ ਤਹਿਤ ਸਭ ਕੁਝ ਨਿਜੀ ਹੱਥਾਂ ਵਿਚ ਦੇ ਦਿਤਾ ਜਾਵੇਗਾ। ਟਰੂਡੋ ਦੇ ਐਨਾ ਕਹਿੰਦਿਆਂ ਹੀ ਟੋਰੀ ਆਗੂ ਨੇ ਪ੍ਰਧਾਨ ਮੰਤਰੀ ’ਤੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਾਇਆ। ਇਥੇ ਦਸਣਾ ਬਣਦਾ ਹੈ ਕਿ ਕ੍ਰਿਸਮਸ ਤੋਂ ਪਹਿਲਾਂ ਵਿਰੋਧੀ ਧਿਰ ਨੂੰ ਟਰੂਡੋ ਸਰਕਾਰ ਨੂੰ ਡੇਗਣ ਦੇ ਘੱਟੋ ਘੱਟ ਤਿੰਨ ਮੌਕੇ ਮਿਲਣਗੇ ਪਰ ਵੀਰਵਾਰ ਨੂੰ ਪੇਸ਼ ਮਤਾ ਕਾਹਲ ਵਿਚ ਲਿਆਂਦਾ ਗਿਆ। ਬਲੌਕ ਕਿਊਬੈਕਵਾ ਵੱਲੋਂ ਆਪਣੀਆਂ ਮੰਗਾਂ ਮੰਨਣ ਲਈ ਟਰੂਡੋ ਸਰਕਾਰ ਨੂੰ 29 ਅਕਤੂਬਰ ਤੱਕ ਦਾ ਸਮਾਂ ਦਿਤਾ ਗਿਆ ਅਤੇ ਉਦੋਂ ਤੱਕ ਉਹ ਲਿਬਰਲ ਸਰਕਾਰ ਨੂੰ ਡੇਗਣ ਦਾ ਯਤਨ ਨਹੀਂ ਕਰਨਗੇ।

Tags:    

Similar News