ਕੈਨੇਡਾ ਦੇ ਬਰੈਂਪਟਨ ਪੁੱਜੇ ਸੈਂਕੜੇ ਪੰਜਾਬੀਆਂ ਦੀ ਹਾਲਤ ਹੋਈ ਬਦਤਰ

ਕੈਨੇਡਾ ਦੇ ਬਰੈਂਪਟਨ ਸ਼ਹਿਰ ਪੁੱਜ ਰਹੇ ਸੈਂਕੜੇ ਪੰਜਾਬੀ ਨੌਜਵਾਨਾਂ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ ਅਤੇ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।

Update: 2024-07-03 11:24 GMT

ਟੋਰਾਂਟੋ : ਕੈਨੇਡਾ ਦੇ ਬਰੈਂਪਟਨ ਸ਼ਹਿਰ ਪੁੱਜ ਰਹੇ ਸੈਂਕੜੇ ਪੰਜਾਬੀ ਨੌਜਵਾਨਾਂ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ ਅਤੇ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਟੋਰਾਂਟੋ ਦੇ ਕਿਸੇ ਕਾਲਜ ਵਿਚ ਦਾਖਲਾ ਲੈਣ ਤੋਂ ਬਾਅਦ ਵੀ ਉਹ ਆਪਣੀ ਰਿਹਾਇਸ਼ ਬਰੈਂਪਟਨ ਜਾਂ ਮਿਸੀਸਾਗਾ ਵਿਖੇ ਰੱਖਣ ਨੂੰ ਤਰਜੀਹ ਦਿੰਦੇ ਹਨ ਅਤੇ ਇਥੇ ਹੀ ਸਭ ਤੋਂ ਵੱਡੀ ਗਲਤੀ ਹੋ ਜਾਂਦੀ ਹੈ। ਰੁਜ਼ਗਾਰ ਦੇ ਮੌਕੇ ਸੀਮਤ ਹੋਣ ਕਰ ਕੇ ਰੋਜ਼ਾਨਾ ਕਾਲਜ ਜਾਣ-ਆਉਣ ਦਾ ਖਰਚਾ ਝੱਲਣਾ ਹੀ ਮੁਸ਼ਕਲ ਹੋ ਗਿਆ ਹੈ। ‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ ਟੋਰਾਂਟੋ ’ਚ ਟੈਂਪਰੇਰੀ ਵੀਜ਼ਾ ’ਤੇ ਕੈਨੇਡਾ ਆਏ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਵਿਦੇਸ਼ੀ ਨਾਗਰਿਕ ਗੁਜ਼ਾਰਾ ਚਲਾਉਣ ਲਈ ਹੱਥ-ਪੈਰ ਮਾਰਦੇ ਦੇਖੇ ਜਾ ਸਕਦੇ ਹਨ।

ਨਹੀਂ ਮਿਲ ਰਿਹਾ ਕੰਮ, ਰੋਟੀ ਦੇ ਵੀ ਲਾਲੇ ਪਏ

ਮਿਸਾਲ ਵਜੋਂ 22 ਸਾਲ ਦੀ ਰਾਧਿਕਾ ਰੈਨਾ ਨੇ ਟੋਰਾਂਟੋ ਦੇ ਇਕ ਕਾਲਜ ਵਿਚ ਦਾਖਲਾ ਲਿਆ ਪਰ ਆਪਣੇ ਰਿਹਾਇਸ਼ ਬਰੈਂਪਟਨ ਰਹਿੰਦੇ ਆਪਣੇ ਕਜ਼ਨ ਕੋਲ ਰੱਖ ਲਈ। ਕਲਾਸਾਂ ਲਾਉਣ ਲਈ ਰਾਧਿਕਾ ਨੂੰ ਰੋਜ਼ਾਨਾ 90 ਮਿੰਟ ਦਾ ਸਫਰ ਕਰਨਾ ਪੈਂਦਾ ਹੈ ਅਤੇ ਖਰਚਾ ਚਲਾਉਣ ਲਈ ਕੰਮ ਕਰਨ ਦਾ ਸਮਾਂ ਬਹੁਤ ਥੋੜਾ ਬਚਦਾ ਹੈ। ਇਥੇ ਦਸਣਾ ਬਣਦਾ ਹੈ ਕਿ ਸਾਲ 2016 ਤੋਂ 2021 ਦਰਮਿਆਨ ਕੈਨੇਡਾ ਦੇ ਕਈ ਇਲਾਕਿਆਂ ਵਿਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਵਿਚ ਚੌਖਾ ਵਾਧਾ ਹੋਇਆ ਹੈ। ਕਈ ਇਲਾਕਿਆਂ ਵਿਚ ਵਾਧਾ 10 ਗੁਣਾ ਤੱਕ ਦਰਜ ਕੀਤਾ ਗਿਆ ਹੈ। ਕਿਊਬੈਕ ਦੇ ਦਿਹਾਤੀ ਇਲਾਕਿਆਂ ਵਿਚ ਆਰਜ਼ੀ ਵੀਜ਼ਾ ’ਤੇ ਕੈਨੇਡਾ ਆਏ ਲੋਕਾਂ ਦੀ ਗਿਣਤੀ 15 ਗੁਣਾ ਤੱਕ ਵਧਣ ਦੀ ਰਿਪੋਰਟ ਹੈ। ਆਰਜ਼ੀ ਵੀਜ਼ਾ ਵਾਲਿਆਂ ਵਿਚੋਂ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਹਨ ਅਤੇ ਕੁਝ ਵਰਕ ਪਰਮਿਟ ’ਤੇ ਵੀ ਪੁੱਜ ਰਹੇ ਹਨ। ਇਸ ਤੋਂ ਇਲਾਵਾ ਵਿਜ਼ਟਰ ਵੀਜ਼ਾ ’ਤੇ ਆਉਣ ਮਗਰੋਂ ਕੰਮ ਦੀ ਭਾਲ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਜੋ ਕਾਨੂੰਨੀ ਤੌਰ ’ਤੇ ਅਜਿਹਾ ਨਹੀਂ ਕਰ ਸਕਦੇ।

ਗੁਜ਼ਾਰਾ ਚਲਾਉਣ ਲਈ ਪੰਜਾਬ ਰਹਿੰਦੇ ਪਰਵਾਰ ਤੋਂ ਮੰਗਵਾ ਰਹੇ ਖਰਚਾ

ਪ੍ਰਿੰਸ ਐਡਵਰਡ ਆਇਲੈਂਡ ਵਿਚ ਟੈਂਪਰੇਰੀ ਰੈਜ਼ੀਡੈਂਟ ਵਜੋਂ ਆਈਆਂ ਕੁੜੀਆਂ ਦੀ ਗਿਣਤੀ ਵਧ ਰਹੀ ਹੈ ਜਿਥੇ ਹੈਲਥ ਕੇਅਰ ਸੈਕਟਰ ਵਿਚ ਕਾਮਿਆਂ ਦੀ ਵਧੇਰੇ ਜ਼ਰੂਰਤ ਹੈ ਅਤੇ ਬਜ਼ੁਰਗਾਂ ਜਾਂ ਬੱਚਿਆਂ ਦੀ ਸੰਭਾਲ ਵਾਸਤੇ ਕੇਅਰ ਗਿਵਰਜ਼ ਵੀ ਲੋੜੀਂਦੀਆਂ ਹਨ। ਬਰੈਂਪਟਨ ਵਿਚ ਪੰਜਾਬੀਆਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ ਅਤੇ ਨਵੇਂ ਆਉਣ ਵਾਲਿਆਂ ਨੂੰ ਆਪਣੇ ਭਾਈਚਾਰੇ ਦੀ ਈਰਖਾ ਦਾ ਸ਼ਿਕਾਰ ਵੀ ਬਣਨਾ ਪੈ ਰਿਹਾ ਹੈ। ਨਵੇਂ ਪੁੱਜੇ ਨੌਜਵਾਨਾਂ ਨੂੰ ਕਈ ਕਈ ਹਫ਼ਤੇ ਵਿਹਲੇ ਰਹਿ ਕੇ ਸਮਾਂ ਲੰਘਾਉਣਾ ਪੈਂਦਾ ਹੈ ਅਤੇ ਜੇ ਕੰਮ ਮਿਲਦਾ ਹੈ ਤਾਂ ਉਥੇ ਉਜਰਤ ਦਰ ਤਸੱਲੀਬਖ਼ਸ਼ ਨਹੀਂ ਹੁੰਦੀ। ਬਰੈਂਪਟਨ ਵਿਚ ਪਹਿਲਾਂ ਤੋਂ ਮੌਜੂਦ ਨੌਜਵਾਨ ਇਥੇ ਆਉਣ ਦੀ ਯੋਜਨਾ ਬਣਾ ਰਹੇ ਨੌਜਵਾਨਾਂ ਨੂੰ ਹੋਰਨਾਂ ਸ਼ਹਿਰਾਂ ਵੱਲ ਜਾਣ ਦੀ ਨਸੀਹਤ ਦੇ ਰਹੇ ਹਨ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ 2023 ਵਿਚ 8 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕ ਟੈਂਪਰੇਰੀ ਵੀਜ਼ਾ ’ਤੇ ਕੈਨੇਡਾ ਪੁੱਜੇ ਅਤੇ ਇਹ ਅੰਕੜਾ ਪੀ.ਆਰ. ਲੈ ਕੇ ਆਏ 4 ਲੱਖ 71 ਹਜ਼ਾਰ ਪ੍ਰਵਾਸੀਆਂ ਤੋਂ ਤਕਰੀਬਨ ਦੁੱਗਣਾ ਬਣਦਾ ਹੈ। ਪੀਲ ਰੀਜਨ ਵਿਚਲੇ ਹਾਲਾਤ ਤੋਂ ਕੁਝ ਨੌਜਵਾਨ ਜਾਣੂ ਹੋ ਚੁੱਕੇ ਹਨ ਅਤੇ ਸਿਮਕੋਅ ਵਰਗੇ ਇਲਾਕਿਆਂ ਨੂੰ ਤਰਜੀਹ ਦੇ ਰਹੇ ਹਨ। ਉਨਟਾਰੀਓ ਦੇ ਇਸ ਇਲਾਕੇ ਵਿਚ 2016 ਤੋਂ 2021 ਦਰਮਿਆਨ ਪ੍ਰਵਾਸੀਆਂ ਦੀ ਵਸੋਂ ਤਕਰੀਬਨ 34 ਫੀ ਸਦੀ ਵਧੀ। ਦੂਜੇ ਪਾਸੇ ਐਲਬਰਟਾ ਦਾ ਕੈਲਗਰੀ ਸ਼ਹਿਰ ਵੀ ਬਰੈਂਪਟਨ ਵਰਗੇ ਹਾਲਾਤ ਵਿਚ ਘਿਰਿਆ ਹੋਇਆ ਜਿਥੇ ਮੁਲਕ ਦੀ ਦੂਜੀ ਸਭ ਤੋਂ ਉਚੀ ਬੇਰੁਜ਼ਗਾਰੀ ਦਰ ਦਰਜ ਕੀਤੀ ਗਈ ਹੈ। 

Tags:    

Similar News