ਕੈਨੇਡੀਅਨ ਅਰਥਚਾਰੇ ਵਿਚ 1.8 ਫੀ ਸਦੀ ਵਾਧਾ ਹੋਣ ਦੇ ਆਸਾਰ

ਕੈਨੇਡੀਅਨ ਅਰਥਚਾਰੇ ਵੱਲੋਂ ਆ ਰਿਹਾ ਠੰਢੀ ਹਵਾ ਦਾ ਬੁੱਲਾ ਵਿਆਜ ਦਰਾਂ ਵਿਚ ਦੂਜੀ ਕਟੌਤੀ ਦਾ ਆਧਾਰ ਬਣ ਸਕਦਾ ਹੈ। ਆਰਥਿਕ ਮਾਹਰਾਂ ਮੁਤਾਬਕ ਮੌਜੂਦਾ ਵਰ੍ਹੇ ਦੀ ਦੂਜੀ ਤਿਮਾਹੀ ਦੌਰਾਨ ਕੈਨੇਡਾ ਦਾ ਜੀ.ਡੀ.ਪੀ. 1.8 ਫੀ ਸਦੀ ਦੀ ਰਫ਼ਤਾਰ ਨਾਲ ਵਧਣ ਦੇ ਆਸਾਰ ਹਨ

Update: 2024-06-29 07:39 GMT

ਟੋਰਾਂਟੋ : ਕੈਨੇਡੀਅਨ ਅਰਥਚਾਰੇ ਵੱਲੋਂ ਆ ਰਿਹਾ ਠੰਢੀ ਹਵਾ ਦਾ ਬੁੱਲਾ ਵਿਆਜ ਦਰਾਂ ਵਿਚ ਦੂਜੀ ਕਟੌਤੀ ਦਾ ਆਧਾਰ ਬਣ ਸਕਦਾ ਹੈ। ਆਰਥਿਕ ਮਾਹਰਾਂ ਮੁਤਾਬਕ ਮੌਜੂਦਾ ਵਰ੍ਹੇ ਦੀ ਦੂਜੀ ਤਿਮਾਹੀ ਦੌਰਾਨ ਕੈਨੇਡਾ ਦਾ ਜੀ.ਡੀ.ਪੀ. 1.8 ਫੀ ਸਦੀ ਦੀ ਰਫ਼ਤਾਰ ਨਾਲ ਵਧਣ ਦੇ ਆਸਾਰ ਹਨ ਅਤੇ ਬੈਂਕ ਆਫ ਕੈਨੇਡਾ ਬੇਫਿਕਰ ਹੋ ਕੇ ਵਿਆਜ ਦਰਾਂ ਘਟਾਉਣ ਦਾ ਐਲਾਨ ਕਰ ਸਕਦਾ ਹੈ। ਬੈਂਕ ਆਫ ਕੈਨੇਡਾ ਵੱਲੋਂ ਆਰਥਿਕ ਵਾਧਾ ਦਰ ਨਾਲ ਸਬੰਧਤ ਅੰਕੜਿਆਂ ਦੀ ਪੁਣ-ਛਾਣ ਕੀਤੀ ਜਾ ਰਹੀ ਹੈ ਪਰ ਇਸ ਦੇ ਨਾਲ ਹੀ ਮਹਿੰਗਾਈ ਨਾਲ ਸਬੰਧਤ ਕੁਝ ਦਿਨ ਪਹਿਲਾਂ ਆਏ ਅੰਕੜਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਵਿਆਜ ਵਿਚ 25 ਆਧਾਰ ਅੰਕਾਂ ਦੀ ਕਟੌਤੀ ਯਕੀਨੀ ਮੰਨੀ ਜਾ ਸਕਦੀ ਹੈ।

ਵਿਆਜ ਦਰਾਂ ਵਿਚ ਦੂਜੀ ਕਟੌਤੀ ਦਾ ਰਾਹ ਹੋਵੇਗਾ ਪੱਧਰਾ

ਇਥੇ ਦਸਣਾ ਬਣਦਾ ਹੈ ਕਿ 2023 ਦੀਆਂ ਆਖਰੀ ਤਿੰਨ ਤਿਮਾਹੀਆਂ ਦੌਰਾਨ ਕੈਨੇਡੀਅਨ ਅਰਥਚਾਰਾ ਬੇਹੱਦ ਸੁਸਤ ਰਿਹਾ ਅਤੇ ਰਿਸੈਸ਼ਨ ਦਾ ਖਦਸ਼ਾ ਜ਼ਾਹਰ ਕੀਤਾ ਜਾਣ ਲੱਗਾ। ਇਸ ਦੌਰਾਨ ਰੁਜ਼ਗਾਰ ਖੇਤਰ ਨੇ ਮਜ਼ਬੂਤੀ ਦਿਖਾਈ ਅਤੇ ਲਗਾਤਾਰ ਨਵੀਆਂ ਨੌਕਰੀਆਂ ਪੈਦਾ ਹੋਣ ਸਦਕਾ ਕੈਨੇਡਾ ਵਿਚ ਰਿਸੈਸ਼ਨ ਦਾ ਐਲਾਨ ਕਰਨ ਦੀ ਨੌਬਤ ਨਾ ਆਈ। ਉਧਰ ਸਟੈਟਕੈਨ ਦੇ ਤਾਜ਼ਾ ਅੰਕੜਿਆਂ ਮੁਤਾਬਕ ਮਈ ਮਹੀਨੇ ਦੌਰਾਨ ਹੋਲਸੇਲ ਵਪਾਰ, ਮਾਇਨਿੰਗ, ਮੈਨੁਫੈਕਚਰਿੰਗ ਅਤੇ ਤੇਲ-ਗੈਸ ਕੱਢਣ ਦੀ ਰਫ਼ਤਾਰ ਵਿਚ ਵਾਧਾ ਹੋਇਆ। ਉਦਯੋਗਿਕ ਖੇਤਰ ਦੀਆਂ ਸਰਗਰਮੀਆਂ ਭਾਵੇਂ ਤੇਜ਼ ਰਹੀਆਂ ਪਰ ਕੰਸਟ੍ਰਕਸ਼ਨ ਸੈਕਟਰ ਵਿਚ ਨਰਮੀ ਵਾਲਾ ਮਾਹੌਲ ਨਜ਼ਰ ਆਇਆ। ਸੀ.ਆਈ.ਬੀ.ਸੀ. ਦੇ ਸੀਨੀਅਰ ਇਕੌਨੋਮਿਸਟ ਐਂਡਰਿਊ ਗ੍ਰੈਂਥਮ ਨੇ ਕਿਹਾ ਕਿ ਕੈਨੇਡੀਅਨ ਅਰਥਚਾਰੇ ਵਿਚ 1.8 ਫੀ ਸਦੀ ਦਾ ਵਾਧਾ ਬੈਂਕ ਆਫ ਕੈਨੇਡਾ ਦੀਆਂ ਉਮੀਦਾਂ ਤੋਂ ਉਪਰ ਹੈ। 24 ਜੁਲਾਈ ਨੂੰ ਹੋਣ ਵਾਲੀ ਬੈਂਕ ਆਫ ਕੈਨੇਡਾ ਦੀ ਸਮੀਖਿਆ ਮੀਟਿੰਗ ਦੌਰਾਨ ਜੀ.ਡੀ.ਪੀ. ਦੀ ਮਜ਼ਬੂਤੀ ਹਾਂਪੱਖੀ ਫੈਸਲੇ ਦਾ ਰਾਹ ਪੱਧਰਾ ਕਰ ਰਹੀ ਹੈ। ਦੂਜੇ ਪਾਸੇ ਬੈਂਕ ਆਫ਼ ਮੌਂਟਰੀਅਲ ਦੇ ਡਗ ਪੋਰਟਰ ਦਾ ਕਹਿਣਾ ਹੈ ਕਿ ਜੀ.ਡੀ.ਪੀ ਨਾਲ ਸਬੰਧਤ ਅੰਕੜੇ ਤਸਵੀਰ ਦਾ ਇਕ ਪਾਸਾ ਮੰਨੇ ਜਾ ਸਕਦੇ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਬੇਰੁਜ਼ਗਾਰੀ ਦਰ ਵਿਚ ਵਾਧਾ ਹੋ ਸਕਦਾ ਹੈ ਜਿਸ ਦੇ ਮੱਦੇਨਜ਼ਰ ਵਿਆਜ ਦਰਾਂ ਵਿਚ ਕਟੌਤੀ ਸਤੰਬਰ ਤੱਕ ਟਲ ਸਕਦੀ ਹੈ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਅਪ੍ਰੈਲ ਮਹੀਨੇ ਦੌਰਾਨ ਆਰਥਿਕ ਵਿਕਾਸ ਦਰ ਵਿਚ 0.3 ਫੀ ਸਦੀ ਵਾਧਾ ਹੋਇਆ ਅਤੇ ਮਈ ਵਿਚ ਇਹ ਵਾਧਾ 0.1 ਫੀ ਸਦੀ ਦਰਜ ਕੀਤਾ ਗਿਆ। ਰਿਟੇਲ ਸੈਕਟਰ ਵਿਚ ਮਾਮੂਲੀ ਕਮਜ਼ੋਰੀ ਦੇਖਣ ਨੂੰ ਮਿਲੀ ਜਦਕਿ ਸਾਧਾਰਣ ਹਾਲਾਤ ਤਸੱਲੀਬਖਸ਼ ਮੰਨੇ ਜਾ ਸਕਦੇ ਹਨ।

Tags:    

Similar News