ਕੈਨੇਡਾ ਦੇ ਸਿੱਖਾਂ ਦਾ ਵੱਡਾ ਐਲਾਨ
ਆਰ.ਸੀ.ਐਮ.ਪੀ. ਵੱਲੋਂ ਕੀਤੇ ਨਵੇਂ ਖੁਲਾਸੇ ਮਗਰੋਂ ਕੈਨੇਡਾ ਦੇ ਸਿੱਖਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਦਬਾਇਆ ਨਹੀਂ ਜਾ ਸਕਦਾ।
ਵੈਨਕੂਵਰ : ਆਰ.ਸੀ.ਐਮ.ਪੀ. ਵੱਲੋਂ ਕੀਤੇ ਨਵੇਂ ਖੁਲਾਸੇ ਮਗਰੋਂ ਕੈਨੇਡਾ ਦੇ ਸਿੱਖਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਦਬਾਇਆ ਨਹੀਂ ਜਾ ਸਕਦਾ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਬਲਪ੍ਰੀਤ ਸਿੰਘ ਨੇ ਕਿਹਾ ਕਿ ਜੇ ਸਿੱਖਾਂ ਨੂੰ ਚੁੱਪ ਕਰਵਾਉਣ ਦਾ ਯਤਨ ਕੀਤਾ ਜਾਵੇਗਾ ਤਾਂ ਇਸ ਦੇ ਨਤੀਜੇ ਬਿਲਕੁਲ ਉਲਟ ਹੋਣਗੇ। ਇਸੇ ਦੌਰਾਨ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਉਠਾਇਆ ਜਾ ਰਿਹਾ ਹੈ। ਬੀ.ਸੀ. ਗੁਰਦਵਾਰਾਜ਼ ਕੌਂਸਲ ਦੇ ਬੁਲਾਰੇ ਮਨਿੰਦਰ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰਾ ਕੈਨੇਡਾ ਸਰਕਾਰ ਤੋਂ ਭਾਰਤ ਵਿਰੁੱਧ ਸਖ਼ਤ ਕਾਰਵਾਈ ਚਾਹੁੰਦਾ ਹੈ। ਜੇ ਇਸ ਵੇਲੇ ਕਾਰਵਾਈ ਨਾ ਕੀਤੀ ਗਈ ਭਵਿੱਖ ਵਿਚ ਸੰਭਲਣਾ ਮੁਸ਼ਕਲ ਹੋ ਜਾਵੇਗਾ।
ਬੀ.ਸੀ. ਦੇ ਪ੍ਰੀਮੀਅਰ ਵੱਲੋਂ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ
ਇਥੇ ਦਸਣਾ ਬਣਦਾ ਹੈ ਕਿ ਹਰਦੀਪ ਸਿੰਘ ਨਿੱਜਰ ਕਤਲਕਾਂਡ ਵਿਚ ਆਰ.ਸੀ.ਐਮ.ਪੀ. ਵੱਲੋਂ ਬੀਤੇ ਅਪ੍ਰੈਲ ਅਤੇ ਮਈ ਮਹੀਨੇ ਦੌਰਾਨ ਚਾਰ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਸੰਭਾਵਤ ਤੌਰ ’ਤੇ ਉਨ੍ਹਾਂ ਤੋਂ ਕੀਤੀ ਪੁੱਛ ਪੜਤਾਲ ਦੇ ਆਧਾਰ ’ਤੇ ਹੀ ਨਵੇਂ ਖੁਲਾਸੇ ਕੀਤੇ ਜਾ ਰਹੇ ਹਨ। ਸਿੱਖ ਆਗੂਆਂ ਨੇ ਕਿਹਾ ਕਿ ਵਿਦੇਸ਼ੀ ਦਖਲ ਦੇ ਦੋਸ਼ਾਂ ਬਾਰੇ ਲੰਮੇ ਸਮੇਂ ਤੋਂ ਡੂੰਘਾਈ ਨਾਲ ਪੜਤਾਲ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਹੁਣ ਆਰ.ਸੀ.ਐਮ.ਪੀ. ਦੇ ਦਾਅਵੇ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਤਾ ਹੈ। ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਸੀ ਕਿ ਦੁਨੀਆਂ ਦੇ ਕੋਨੇ ਕੋਨੇ ਤੋਂ ਲੋਕ ਕੈਨੇਡਾ ਆਉਂਦੇ ਹਨ ਅਤੇ ਉਨ੍ਹਾਂ ਨੂੰ ਬਿਹਤਰ ਭਵਿੱਖ ਬਣਾਉਣ ਦੇ ਨਾਲ ਨਾਲ ਸੁਰੱਖਿਅਤ ਮਹਿਸੂਸ ਕਰਨ ਦਾ ਵੀ ਹੱਕ ਹੈ। ਕੋਈ ਪੈਦਾ ਹੋਣ ਵਾਲਾ ਖਤਰਾ ਸਾਡੇ ਸਭਨਾਂ ਵਾਸਤੇ ਖਤਰਾ ਮੰਨਿਆ ਜਾਵੇਗਾ ਅਤੇ ਅਸੀਂ ਇਕਜੁਟ ਹੋ ਕੇ ਇਸ ਦਾ ਟਾਕਰਾ ਕਰਾਂਗੇ। ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਹਨ ਰੁਸਟੈਡ ਵੱਲੋਂ ਦੋਸ਼ਾਂ ਨੂੰ ਡੂੰਘੀ ਚਿੰਤਾ ਵਾਲੇ ਕਰਾਰ ਦਿੰਦਿਆਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਲਈ ਵਿਦੇਸ਼ੀ ਤਾਕਤਾਂ ਵੱਲੋਂ ਕੀਤੇ ਜਾ ਰਹੇ ਯਤਨ ਕੀਤ ਉਚ ਪੱਧਰੀ ਪੜਤਾਲ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਬੀ.ਸੀ. ਵਿਚ ਵਸਦੇ ਹਰ ਭਾਈਚਾਰੇ ਵਾਂਗ ਸਿੱਖਾਂ ਨੂੰ ਵੀ ਬਗੈਰ ਕਿਸੇ ਖੌਫ ਤੋਂ ਜ਼ਿੰਦਗੀ ਬਤੀਤ ਕਰਨ ਦਾ ਹੱਕ ਹੈ। ਇਥੇ ਦਸਣਾ ਬਣਦਾ ਹੈ ਕਿ ਭਾਰਤ ਸਰਕਾਰ ਦੋਸ਼ਾਂ ਤੋਂ ਸਾਫ਼ ਨਾਂਹ ਕਰ ਚੁੱਕੀ ਹੈ।