ਕੈਨੇਡਾ ਵਿਚ ਦੁੱਗਣੀ ਕੀਮਤ ’ਤੇ ਮਿਲਣਗੀਆਂ ਟੈਸਲਾ ਗੱਡੀਆਂ
ਕੈਨੇਡਾ ਨੇ ਅਮਰੀਕਾ ਦੇ ਨਕਸ਼ੇ ਕਦਮ ’ਤੇ ਚਲਦਿਆਂ ਚੀਨ ਵਿਚ ਬਣੀਆਂ ਇਲੈਕਟ੍ਰਿਕ ਗੱਡੀਆਂ ’ਤੇ 100 ਫੀ ਸਦੀ ਟੈਕਸ ਲਾਉਣ ਦਾ ਐਲਾਨ ਕਰ ਦਿਤਾ ਹੈ ਅਤੇ ਹੁਣ ਟੈਸਲਾ ਗੱਡੀਆਂ ਦੁੱਗਣੀ ਕੀਮਤ ’ਤੇ ਮਿਲਣਗੀਆਂ।;
ਹੈਲੀਫੈਕਸ : ਕੈਨੇਡਾ ਨੇ ਅਮਰੀਕਾ ਦੇ ਨਕਸ਼ੇ ਕਦਮ ’ਤੇ ਚਲਦਿਆਂ ਚੀਨ ਵਿਚ ਬਣੀਆਂ ਇਲੈਕਟ੍ਰਿਕ ਗੱਡੀਆਂ ’ਤੇ 100 ਫੀ ਸਦੀ ਟੈਕਸ ਲਾਉਣ ਦਾ ਐਲਾਨ ਕਰ ਦਿਤਾ ਹੈ ਅਤੇ ਹੁਣ ਟੈਸਲਾ ਗੱਡੀਆਂ ਦੁੱਗਣੀ ਕੀਮਤ ’ਤੇ ਮਿਲਣਗੀਆਂ। ਜੀ ਹਾਂ, ਟੈਸਲਾ ਵੱਲੋਂ ਜ਼ਿਆਦਾਤਰ ਕੈਨੇਡੀਅਨ ਸਪਲਾਈ ਸ਼ੰਘਾਈ ਦੇ ਕਾਰਖਾਨੇ ਵਿਚ ਬਣੀਆਂ ਗੱਡੀਆਂ ਤੋਂ ਕੀਤੀ ਜਾਂਦੀ ਹੈ। ਉਧਰ ਚੀਨ ਵੱਲੋਂ ਕੈਨੇਡਾ ਨੂੰ ਸਿੱਟੇ ਭੁਗਤਣ ਦੀ ਚਿਤਾਵਨੀ ਦਿਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਨਵੀਆਂ ਟੈਕਸ ਦਰਾਂ 1 ਅਕਤੂਬਰ ਤੋਂ ਲਾਗੂ ਹੋਣਗੀਆਂ ਅਤੇ ਚੀਨ ਵਿਚ ਬਣੀਆਂ ਬੈਟਰੀ ਵਾਲੀਆਂ ਗੱਡੀਆਂ ਦੀ ਕੀਮਤ ਦੁੱਗਣੀ ਹੋ ਜਾਵੇਗੀ। ਸਿਰਫ ਐਨਾ ਹੀ ਨਹੀਂ, ਪ੍ਰਧਾਨ ਮੰਤਰੀ ਨੇ ਚੀਨ ਤੋਂ ਆਉਣ ਵਾਲੇ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ’ਤੇ ਟੈਕਸ 25 ਫੀ ਸਦੀ ਵਧਾਉਣ ਦਾ ਐਲਾਨ ਕੀਤਾ ਜੋ 15 ਅਕਤੂਬਰ ਤੋਂ ਲਾਗੂ ਹੋਵੇਗਾ। 100 ਫੀ ਸਦੀ ਟੈਕਸ ਵਾਧਾ ਇਲੈਕਟ੍ਰਿਕ ਕਾਰਾਂ, ਟਰੱਕਾਂ, ਬੱਸਾਂ ਅਤੇ ਡਿਲੀਵਰੀ ਵੈਨਜ਼ ਤੋਂ ਇਲਾਵਾ ਕੁਝ ਖਾਸ ਹਾਈਬ੍ਰਿਡ ਗੱਡੀਆਂ ’ਤੇ ਵੀ ਲਾਗੂ ਕੀਤਾ ਗਿਆ ਹੈ।
ਚੀਨ ਵਿਚ ਬਣੀਆਂ ਇਲੈਕਟ੍ਰਿਕ ਗੱਡੀਆਂ ’ਤੇ ਟੈਕਸ 100 ਫੀ ਸਦੀ ਵਧਿਆ
ਜਸਟਿਨ ਟਰੂਡੋ ਨੇ ਕਿਹਾ ਕਿ ਚੀਨ ਵਰਗੇ ਮੁਲਕ ਕੌਮਾਂਤਰੀ ਬਾਜ਼ਾਰ ਵਿਚ ਗੈਰਵਾਜਬ ਤਰੀਕੇ ਨਾਲ ਅੱਗੇ ਵਧਦਿਆਂ ਸਾਡੇ ਅਹਿਮ ਉਦਯੋਗਾਂ ਵਾਸਤੇ ਖਤਰਾ ਪੈਦਾ ਕਰ ਰਹੇ ਹਨ। ਕੈਨੇਡੀਅਨ ਆਟੋ ਅਤੇ ਮੈਟਲ ਵਰਕਰਾਂ ਦੇ ਹਿਤਾਂ ਨੂੰ ਧਿਆਨ ਵਿਚ ਰਖਦਿਆਂ ਇਹ ਫੈਸਲਾ ਲਿਆ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਚਾਇਨੀਜ਼ ਬਰੈਂਡ ਬੀ.ਵਾਈ.ਡੀ. ਭਾਵੇਂ ਕੈਨੇਡੀਅਨ ਕਾਰ ਬਾਜ਼ਾਰ ਵਿਚ ਵੱਡਾ ਖਿਡਾਰੀ ਨਹੀਂ ਪਰ ਪਿਛਲੇ ਸਮੇਂ ਦੌਰਾਨ ਚੀਨ ਤੋਂ ਹੋਣ ਇੰਪੋਰਟ ਵਿਚ ਮੋਟਾ ਵਾਧਾ ਹੋਇਆ ਹੈ ਕਿਉਂਕਿ ਟੈਸਲਾ ਵੱਲੋਂ ਅਮਰੀਕਾ ਵਿਚਲੇ ਕਾਰਖਾਨਿਆਂ ਦੀ ਬਜਾਏ ਸ਼ੰਘਾਈ ਵਾਲੇ ਕਾਰਖਾਨੇ ਤੋਂ ਕੈਨੇਡਾ ਨੂੰ ਗੱਡੀਆਂ ਸਪਲਾਈ ਕੀਤੀਆਂ ਜਾ ਰਹੀਆਂ ਹਨ। ਨਵੀਆਂ ਟੈਕਸ ਦਰਾਂ ਸ਼ੰਘਾਈ ਵਿਚ ਬਣੀਆਂ ਟੈਸਲਾ ਗੱਡੀਆਂ ’ਤੇ ਵੀ ਲਾਗੂ ਹੋਣਗੀਆਂ। ਇਸੇ ਦੌਰਾਨ ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕੈਨੇਡਾ ਸਰਕਾਰ ਦੇ ਤਾਜ਼ਾ ਕਦਮ ’ਤੇ ਨਾਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਸ ਕਦਮ ਰਾਹੀਂ ਦੋਹਾਂ ਮੁਲਕਾਂ ਦਰਮਿਆਨ ਆਰਥਿਕ ਅਤੇ ਕਾਰੋਬਾਰੀ ਸਹਿਯੋਗ ਨੂੰ ਢਾਹ ਲੱਗੇਗੀ। ਚੀਨ ਸਰਕਾਰ ਨੇ ਦਾਅਵਾ ਕੀਤਾ ਕਿ ਕੈਨੇਡਾ ਦਾ ਇਹ ਫੈਸਲਾ ਕੈਨੇਡੀਅਨ ਖਪਤਕਾਰਾਂ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ। ਦੂਜੇ ਪਾਸੇ ਅਮਰੀਕੀ ਦਬਾਅ ਦੀਆਂ ਕਨਸੋਆਂ ਨੂੰ ਰੱਦ ਕਰਦਿਆਂ ਟਰੂਡੋ ਸਰਕਾਰ ਦੇ ਇਕ ਸੀਨੀਅਰ ਅਫਸਰ ਨੇ ਕਿਹਾ ਕਿ ਇਹ ਮਸਲਾ ਕਈ ਮਹੀਨੇ ਤੋਂ ਵਿਚਾਰ ਅਧੀਨ ਸੀ ਪਰ ਅਮਰੀਕਾ ਵੱਲੋਂ ਪਹਿਲਾਂ ਐਲਾਨ ਕਰ ਦਿਤਾ ਗਿਆ। ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦਲੀਲ ਦਿਤੀ ਕਿ ਕੈਨੇਡਾ ਸਰਕਾਰ ਵੱਲੋਂ ਸਥਾਨਕ ਪੱਧਰ ’ਤੇ ਇਲੈਕਟ੍ਰਿਕ ਗੱਡੀਆਂ ਤਿਆਰ ਕਰਨ ਲਈ ਅਰਬਾਂ ਡਾਲਰ ਦੀ ਸਹਾਇਤਾ ਦਿਤੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਚੀਨੀ ਗੱਡੀਆਂ ’ਤੇ ਟੈਕਸ ਦਰਾਂ ਵਿਚ ਵਾਧਾ ਲਾਜ਼ਮੀ ਹੋ ਗਿਆ। ਦੱਸ ਦੇਈਏ ਕਿ ਵਿੰਡਸਰ ਵਿਖੇ ਸਟੈਲੈਂਟਿਸ ਵੱਲੋਂ ਅਤੇ ਲੰਡਨ ਵਿਖੇ ਫੌਕਸਵੈਗਨ ਵੱਲੋਂ ਈ.ਵੀ. ਪਲਾਂਟ ਲਾਏ ਜਾ ਰਹੇ ਹਨ। ਕੈਨੇਡਾ ਸਰਕਾਰ ਦੇ ਇਸ ਫੈਸਲਾ ਦਾ ਆਟੋਮੋਟਿਵ ਪਾਰਟਸ ਮੈਨੁਫੈਕਚਰਰਜ਼ ਐਸੋਸੀਏਸ਼ਨ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ।