ਕੈਨੇਡੀਅਨ ਨੌਜਵਾਨਾਂ ਵਿਰੁੱਧ ਅਤਿਵਾਦ ਦੇ ਦੋਸ਼ 5 ਗੁਣਾ ਵਧੇ
ਕੈਨੇਡੀਅਨ ਨੌਜਵਾਨਾਂ ਵਿਚ ਕੱਟੜਵਾਦ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਪਿਛਲੇ ਸਾਲ ਮੁਲਕ ਵਿਚ ਅਤਿਵਾਦ ਦੇ ਦੋਸ਼ ਆਇਦ ਕਰਨ ਦੀ ਰਫ਼ਤਾਰ ਪੰਜ ਗੁਣਾ ਵਧ ਗਈ।
ਔਟਵਾ : ਕੈਨੇਡੀਅਨ ਨੌਜਵਾਨਾਂ ਵਿਚ ਕੱਟੜਵਾਦ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਪਿਛਲੇ ਸਾਲ ਮੁਲਕ ਵਿਚ ਅਤਿਵਾਦ ਦੇ ਦੋਸ਼ ਆਇਦ ਕਰਨ ਦੀ ਰਫ਼ਤਾਰ ਪੰਜ ਗੁਣਾ ਵਧ ਗਈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਆਰ.ਸੀ.ਐਮ.ਪੀ. ਵੱਲੋਂ ਫੈਡਰਲ ਮੰਤਰੀ ਅੱਗੇ ਪੇਸ਼ ਜਾਣਕਾਰੀ ਮੁਤਾਬਕ ਪਿਛਲੇ 12 ਮਹੀਨੇ ਦੌਰਾਨ ਛੇ ਅਤਿਵਾਦੀ ਹਮਲਿਆਂ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਕਰਦਿਆਂ ਐਡਮਿੰਟਨ ਤੋਂ ਔਟਵਾ ਅਤੇ ਟੋਰਾਂਟੋ ਤੱਕ ਕਈ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। 1 ਅਪ੍ਰੈਲ 2023 ਤੋਂ 31 ਮਾਰਚ 2024 ਦਰਮਿਆਨ 25 ਸ਼ੱਕੀਆਂ ਵਿਰੁੱਧ ਅਤਿਵਾਦ ਨਾਲ ਸਬੰਧਤ 83 ਦੋਸ਼ ਲੱਗੇ ਅਤੇ ਇਸ ਤੋਂ ਪਿਛਲੇ ਵਰ੍ਹੇ ਦੇ ਮੁਕਾਬਲੇ ਇਹ ਵਾਧਾ 488 ਫੀ ਸਦੀ ਬਣਦਾ ਹੈ। ਦੋਸ਼ਾਂ ਦਾ ਸਾਹਮਣਾ ਕਰਨ ਵਾਲਿਆਂ ਵਿਚ ਤਿੰਨ ਨਾਬਾਲਗ ਸਨ ਜਦਕਿ ਛੇ ਜਣਿਆਂ ਦੀ ਉਮਰ ਵੀ ਜ਼ਿਆਦਾ ਨਹੀਂ।
ਤੇਜ਼ੀ ਨਾਲ ਵਧ ਰਹੇ ਕੱਟੜਵਾਦ ਤੋਂ ਆਰ.ਸੀ.ਐਮ.ਪੀ. ਨੇ ਕੀਤਾ ਸੁਚੇਤ
ਆਰ.ਸੀ.ਐਮ.ਪੀ. ਵੱਲੋਂ ਪੇਸ਼ ਦਸਤਾਵੇਜ਼ ਮੁਤਾਬਕ ਆਨਲਾਈਨ ਪਲੈਟਫਾਰਮ ਹਿੰਸਕ ਵੱਖਵਾਦੀ ਵਿਚਾਰਧਾਰਾ ਫੈਲਾਉਣ ਦਾ ਮੁੱਖ ਕਾਰਨ ਬਣ ਰਹੇ ਹਨ ਅਤੇ ਦਰਜਨਾਂ ਨੌਜਵਾਨ ਅਜਿਹੀ ਵਿਚਾਰਧਾਰਾ ਤੋਂ ਪ੍ਰਭਾਵਤ ਹੋਏ ਬਗੈਰ ਨਹੀਂ ਰਹਿ ਸਕਦੇ। 75 ਸਫਿਆਂ ਦਾ ਦਸਤਾਵੇਜ਼ ਜਸਟਿਨ ਟਰੂਡੋ ਦੇ ਅਸਤੀਫ਼ਾ ਦੇਣ ਤੋਂ ਕੁਝ ਹਫ਼ਤੇ ਪਹਿਲਾਂ ਦਸੰਬਰ 2024 ਵਿਚ ਤਿਆਰ ਕੀਤਾ ਗਿਆ। ਉਸ ਵੇਲੇ ਲੋਕ ਸੁਰੱਖਿਆ ਮੰਤਰੀ ਡੇਵਿਡ ਮੈਗਿੰਟੀ ਸਨ। ਮੌਜੂਦਾ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਰਾਸੰਗਰੀ ਵੱਲੋਂ ਇਸ ਨੂੰ ਜਨਤਕ ਕੀਤਾ ਗਿਆ ਹੈ ਜਿਸ ਵਿਚ ਕਈ ਅਹਿਮ ਤੱਥ ਸ਼ਾਮਲ ਹਨ। ਦਸਤਾਵੇਜ਼ ਕਹਿੰਦਾ ਹੈ ਕਿ ਅਤਿਵਾਦ ਤੋਂ ਇਲਾਵਾ ਵਿਦੇਸ਼ੀ ਦਖਲ, ਨਫ਼ਰਤੀ ਅਪਰਾਧ, ਕੈਨੇਡਾ-ਅਮਰੀਕਾ ਦੇ ਸਬੰਧ ਅਤੇ ਓਪੀਔਇਡਜ਼ ਮੁਲਕ ਵਾਸਤੇ ਭਖਦੇ ਮੁੱਦੇ ਬਣੇ ਹੋਏ ਹਨ। ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਦੋਸ਼ ਹੈ ਕਿ ਕੈਨੇਡਾ ਵਾਲੇ ਪਾਸਿਉਂ ਫੈਂਟਾਨਿਲ ਦੀ ਤਸਕਰੀ ਅਮਰੀਕਾ ਵਾਸਤੇ ਵੱਡਾ ਖਤਰਾ ਪੈਦਾ ਕਰ ਰਹੀ ਹੈ ਪਰ ਆਰ.ਸੀ.ਐਮ.ਪੀ. ਦਾ ਦਸਤਾਵੇਜ਼ ਕਹਿੰਦਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ। ਕੈਨੇਡਾ ਦੀ ਕੇਂਦਰੀ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮੁੱਦੇ ’ਤੇ ਕੌਮਾਂਤਰੀ ਭਾਈਵਾਲਾਂ ਨਾਲ ਤਾਲਮੇਲ ਤਹਿਤ ਕੰਮ ਕਰਨ ਲਈ ਵਚਨਬੱਧ ਹੈ। ਉਧਰ ਕੈਨੇਡੀਅਨ ਖੁਫੀਆ ਏਜੰਸੀ ਨੇ ਵੀ ਕਿਹਾ ਹੈ ਕਿ ਕੱਟੜਵਾਦ ਵਿਚ ਵਾਧਾ ਚਿੰਤਾ ਕਾਰਨ ਬਣ ਰਿਹਾ ਹੈ ਪਰ ਫਿਲਹਾਲ ਮੁਲਕ ਨੂੰ ਦਰਪੇਸ਼ ਅਤਿਵਾਦੀ ਖਤਰੇ ਦੇ ਪੱਧਰ ਵਿਚ ਵਾਧਾ ਕਰਨ ਦੀ ਜ਼ਰੂਰਤ ਨਹੀਂ।
ਵਿਦੇਸ਼ੀ ਦਖ਼ਲ, ਨਫ਼ਰਤੀ ਅਪਰਾਧਧ ਅਤੇ ਓਪੀਔਇਡਜ਼ ਵੀ ਭਖਦੇ ਮੁੱਦੇ
ਪਿਛਲੇ ਸਮੇਂ ਦੌਰਾਨ ਕੈਨੇਡੀਅਨ ਲਾਅ ਐਨਫੋਰਸਮੈਂਟ ਏਜੰਸੀਆਂ ਕਈ ਸਾਜ਼ਿਸ਼ਾਂ ਬੇਨਕਾਬ ਕਰ ਚੁੱਕੀਆਂ ਹਨ ਜਿਨ੍ਹਾਂ ਵਿਚ ਪਾਰਲੀਮੈਂਟ ਹਿਲ ਵਿਖੇ ਇਜ਼ਰਾਈਲ ਹਮਾਇਤੀ ਰੈਲੀ ਦੌਰਾਨ ਕਥਿਤ ਬੰਬ ਧਮਾਕਾ, ਕੈਲੇਗਰੀ ਵਿਖੇ ਪ੍ਰਾਈਡ ਇਵੈਂਟ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਅਤੇ ਨਿਊ ਯਾਰਕ ਸ਼ਹਿਰ ਵਿਚ ਹਮਲੇ ਦੀ ਸਾਜ਼ਿਸ਼ ਦਾ ਕਿਊਬੈਕ ਵਿਖੇ ਪਰਦਾ ਫਾਸ਼ ਕੀਤਾ ਜਾਣਾ ਸ਼ਾਮਲ ਹੈ। ਦੱਸ ਦੇਈਏ ਕਿ ਇਸਲਾਮਿਕ ਸਟੇਟ ਦਾ ਹਿੱਸਾ ਰਹੀਆਂ ਤਿੰਨ ਕੈਨੇਡੀਅਨ ਔਰਤਾਂ ਵਿਰੁੱਘ ਅਤਿਵਾਦ ਦੇ ਦੋਸ਼ ਆਇਦ ਕੀਤੇ ਗਏ ਜਦਕਿ ਪਿਛਲੇ ਹਫ਼ਤੇ ਇਸਲਾਮਿਕ ਸਟੇਟ ਦੇ ਇਕ ਫਾਇਨੈਂਸਰ ਨੇ ਟੋਰਾਂਟੋ ਦੀ ਅਦਾਲਤ ਵਿਚ ਗੁਨਾਹ ਕਬੂਲ ਕਰ ਲਿਆ। ਬੀਤੀ 19 ਅਪ੍ਰੈਲ ਨੂੰ ਯਮਨ ਦੇ ਇਕ ਨਾਗਰਿਕ ਨੂੰ ਟੋਰਾਂਟੋ ਵਿਖੇ ਗ੍ਰਿਫ਼ਤਾਰ ਕੀਤਾ ਗਿਆ ਜੋ ਕਥਿਤ ਤੌਰ ’ਤੇ ਈਰਾਨ ਦੀ ਹਮਾਇਤ ਹਾਸਲ ਇਕ ਅਤਿਵਾਦੀ ਜਥੇਬੰਦੀ ਵਿਚ ਸ਼ਾਮਲ ਹੋਣ ਜਾ ਰਿਹਾ ਸੀ।