200 ਡਾਲਰ ਦਾ ਚੈੱਕ ਨਾ ਮਿਲਣ ਕਾਰਨ ਕੁਝ ਲੋਕ ਮਾਯੂਸ

ਉਨਟਾਰੀਓ ਦੇ ਇਕ ਕਰੋੜ 28 ਲੱਖ ਲੋਕਾਂ ਨੂੰ 200-200 ਡਾਲਰ ਦੇ ਚੈੱਕ ਭੇਜੇ ਜਾ ਚੁੱਕੇ ਹਨ ਪਰ ਕੁਝ ਲੋਕਾਂ ਨੂੰ ਆਰਥਿਕ ਸਹਾਇਤਾ ਨਹੀਂ ਮਿਲ ਸਕੀ ਅਤੇ ਕੁਝ ਲੋਕਾਂ ਨੂੰ ਚੈੱਕ ਕੈਸ਼ ਕਰਵਾਉਣ ਵਿਚ ਦਿੱਕਤਾਂ ਆ ਰਹੀਆਂ ਹਨ।;

Update: 2025-02-24 13:47 GMT

ਟੋਰਾਂਟੋ : ਉਨਟਾਰੀਓ ਦੇ ਇਕ ਕਰੋੜ 28 ਲੱਖ ਲੋਕਾਂ ਨੂੰ 200-200 ਡਾਲਰ ਦੇ ਚੈੱਕ ਭੇਜੇ ਜਾ ਚੁੱਕੇ ਹਨ ਪਰ ਕੁਝ ਲੋਕਾਂ ਨੂੰ ਆਰਥਿਕ ਸਹਾਇਤਾ ਨਹੀਂ ਮਿਲ ਸਕੀ ਅਤੇ ਕੁਝ ਲੋਕਾਂ ਨੂੰ ਚੈੱਕ ਕੈਸ਼ ਕਰਵਾਉਣ ਵਿਚ ਦਿੱਕਤਾਂ ਆ ਰਹੀਆਂ ਹਨ। ਦੂਜੇ ਪਾਸੇ ਕੁਝ ਮਾਮਲਿਆਂ ਵਿਚ ਮਰ ਚੁੱਕੇ ਲੋਕਾਂ ਦੇ ਨਾਂ ਚੈੱਕ ਭੇਜ ਦਿਤੇ ਗਏ। ਬਰੈਂਪਟਨ ਦੀ ਕੌਲੀਨ ਦੀ ਹੱਕੀ ਬੱਕੀ ਰਹਿ ਗਈ ਜਦੋਂ ਉਸ ਦੇ ਪਤੀ ਦੇ ਨਾਂ ’ਤੇ ਚੈੱਕ ਪੁੱਜਾ ਜੋ ਅਗਸਤ 2024 ਵਿਚ ਅਕਾਲ ਚਲਾਣਾ ਕਰ ਗਿਆ ਸੀ । ਇਸ ਤੋਂ ਇਲਾਵਾ ਚੈੱਕਾਂ ਉਤੇ ਲੋਕਾਂ ਦੇ ਨਾਂ ਦਾ ਪਹਿਲਾ ਸ਼ਬਦ ਹੀ ਵਰਤਿਆ ਜਾ ਰਿਹਾ ਹੈ ਜਿਸ ਨੂੰ ਵੱਡੀ ਗਿਣਤੀ ਵਿਚ ਲੋਕ ਵਰਤਣਾ ਵੀ ਬੰਦ ਕਰ ਚੁੱਕੇ ਹਨ। ਅਜਿਹੀ ਸਮੱਸਿਆ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਸਰਵਿਸ ਉਨਟਾਰੀਓ ਨੂੰ 1833 351 0409 ਜਾਂ 1888 821 9056 ’ਤੇ ਸੰਪਰਕ ਕਰਨ ਲਈ ਆਖਿਆ ਗਿਆ ਹੈ। ਵਿੱਤ ਮੰਤਰਾਲਾ ਅਜਿਹੇ ਚੈੱਕ ਰੱਦ ਕਰ ਕੇ ਨਵੇਂ ਸਿਰੇ ਤੋਂ ਚੈੱਕ ਜਾਰੀ ਕਰ ਦੇਵੇਗਾ। ਸਮੱਸਿਆ ਇਥੇ ਹੀ ਖਤਮ ਨਹੀਂ ਹੁੰਦੀ ਅਤੇ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੇ ਨਾਂ ਸਰਕਾਰ ਦੀ ਸੂਚੀ ਵਿਚ ਸ਼ਾਮਲ ਹੀ ਨਹੀਂ। ਇਥੇ ਦਸਣਾ ਬਣਦਾ ਹੈ ਕਿ ਸੂਬੇ ਦੇ ਲੋਕਾਂ ਨੂੰ ਆਰਥਿਕ ਸਹਾਇਤਾ ਨਾਲ ਸਰਕਾਰੀ ਖਜ਼ਾਨੇ ਉਤੇ 3 ਅਰਬ ਡਾਲਰ ਦਾ ਬੋਝ ਪਵੇਗਾ।

1.28 ਕਰੋੜ ਲੋਕਾਂ ਨੂੰ ਭੇਜੀ ਜਾ ਚੁੱਕੀ ਆਰਥਿਕ ਸਹਾਇਤਾ

ਬੈਂਕਰਪਟ ਲੋਕਾਂ ਨੂੰ ਆਰਥਿਕ ਸਹਾਇਤਾ ਨਹੀਂ ਮਿਲੇਗੀ ਅਤੇ 2023 ਦੀ ਇਨਕਮ ਟੈਕਸ ਰਿਟਰਨ ਲਾਜ਼ਮੀ ਤੌਰ ’ਤੇ ਦਾਖਲ ਕੀਤੀ ਹੋਵੇ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੂੰ ਚੈੱਕ ਚੋਰੀ ਹੋਣ ਜਾਂ ਗੁੰਮ ਹੋਣ ਦੀ ਚਿੰਤਾ ਹੈ, ਉਹ ਸਰਵਿਸ ਉਨਟਾਰੀਓ ਦੇ ਦਫ਼ਤਰ ਵਿਚ ਜਾ ਕੇ ਸੰਪਰਕ ਕਰਨ। ਦੂਜੇ ਪਾਸੇ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਵਾਸਤੇ ਆਖਿਆ ਗਿਆ ਹੈ। ਪਿਛਲੇ ਦਿਨੀਂ ਅਫ਼ਵਾਹ ਉਡ ਗਈ ਕਿ ਆਰ.ਬੀ.ਸੀ. ਦੇ ਗਾਹਕਾਂ ਨੂੰ ਮਿਲੇ ਚੈੱਕ ਬਾਊਂਸ ਹੋ ਗਏ। ਸੂਬਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਨਟਾਰੀਓ ਵਾਸੀਆਂ ਨੂੰ ਰਹਿਣ-ਸਹਿਣ ਦੇ ਵਧਦੇ ਖਰਚਿਆਂ ਨਾਲ ਨਜਿੱਠਣ ਲਈ ਆਰਥਿਕ ਸਹਾਇਤਾ ਦਿਤੀ ਜਾ ਰਹੀ ਹੈ। ਦੱਸ ਦੇਈਏ ਕਿ ਅਪ੍ਰੈਲ 2024 ਦੌਰਾਨ ਪੇਸ਼ ਬਜਟ ਵਿਚ ਡਗ ਫੋਰਡ ਸਰਕਾਰ ਦੀ ਆਮਦਨ ਵਿਚ ਕਮੀ ਦਿਖਾਈ ਗਈ ਅਤੇ ਬਜਟ ਘਾਟਾ 9.8 ਅਰਬ ਡਾਲਰ ’ਤੇ ਪੁੱਜਣ ਦੇ ਅਨੁਮਾਨ ਲਾਏ ਗਏ। ਅਜਿਹੇ ਵਿਚ 16 ਮਿਲੀਅਨ ਲੋਕਾਂ ਨੂੰ ਆਰਥਿਕ ਸਹਾਇਤਾ ਦੇ ਚੈਕ ਸਰਕਾਰੀ ਖਜ਼ਾਨੇ ’ਤੇ ਵੱਡਾ ਬੋਝ ਮੰਨੇ ਜਾ ਰਹੇ ਹਨ ਪਰ ਲੋਕਾਂ ਨੂੰ ਖੁਸ਼ ਕਰਨ ਲਈ ਇਹ ਕੀਮਤ ਜ਼ਿਆਦਾ ਨਹੀਂ ਹੋਵੇਗੀ। ਉਨਟਾਰੀਓ ਦੇ ਲੋਕਾਂ ਦਾ ਦਿਲ ਜਿੱਤਣ ਦੇ ਮਕਸਦ ਨਾਲ ਹੀ ਡਗ ਫੋਰਡ ਸਰਕਾਰ ਵੱਲੋਂ ਕਨਵੀਨੀਐਂਸ ਸਟੋਰਾਂ ’ਤੇ ਬੀਅਰ ਵੇਚਣ ਦੀ ਯੋਜਨਾ ਸਮੇਂ ਤੋਂ ਪਹਿਲਾਂ ਲਾਗੂ ਕੀਤੀ ਗਈ ਤਾਜ਼ਾ ਚੋਣ ਸਰਵੇਖਣਾਂ ਮੁਤਾਬਕ ਉਨਟਾਰੀਓ ਵਿਚ ਹੁਣ ਵੀ ਪੀ.ਸੀ. ਪਾਰਟੀ ਦੀ ਚੜ੍ਹਤ ਹੈ ਅਤੇ ਬੌਨੀ ਕਰੌਂਬੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਵੋਟ ਪਾਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਨਾ ਵਧ ਸਕੀ। ਇਸ ਦੇ ਉਲਟ ਵਿਰੋਧੀ ਧਿਰ ਦਾ ਦਰਜਾ ਪ੍ਰਾਪਤ ਐਨ.ਡੀ.ਪੀ. ਤੀਜੇ ਸਥਾਨ ’ਤੇ ਚੱਲ ਰਹੀ ਹੈ ਅਤੇ ਗਰੀਨ ਪਾਰਟੀ ਚੌਥੇ ਸਥਾਨ ’ਤੇ ਰਹੇਗੀ। ਟਰੰਪ ਵੱਲੋਂ ਤਜਵੀਜ਼ਸ਼ੁਦਾ ਟੈਕਸਾਂ ਦੇ ਮੱਦੇਨਜ਼ਰ ਉਨਟਾਰੀਓ ਚੋਣਾਂ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ।

Tags:    

Similar News