ਕੈਨੇਡਾ ਦੇ 70 ਲੱਖ ਲੋਕਾਂ ਨੂੰ ਮਿਲੇ 200-200 ਡਾਲਰ
ਕੈਨੇਡਾ ਵਿਚ 70 ਲੱਖ ਲੋਕਾਂ ਨੂੰ 200-200 ਡਾਲਰ ਦੀ ਨਕਦ ਰਕਮ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਤਕਰੀਬਨ 80 ਲੱਖ ਹੋਰਨਾਂ ਨੂੰ ਇਸ ਰਕਮ ਦੇ ਚੈਕ ਆਉਣ ਵਾਲੇ ਦਿਨਾਂ ਵਿਚ ਭੇਜ ਦਿਤੇ ਜਾਣਗੇ।;
ਟੋਰਾਂਟੋ : ਕੈਨੇਡਾ ਵਿਚ 70 ਲੱਖ ਲੋਕਾਂ ਨੂੰ 200-200 ਡਾਲਰ ਦੀ ਨਕਦ ਰਕਮ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਤਕਰੀਬਨ 80 ਲੱਖ ਹੋਰਨਾਂ ਨੂੰ ਇਸ ਰਕਮ ਦੇ ਚੈਕ ਆਉਣ ਵਾਲੇ ਦਿਨਾਂ ਵਿਚ ਭੇਜ ਦਿਤੇ ਜਾਣਗੇ। ਉਨਟਾਰੀਓ ਵਿਚ ਸੱਤਾਧਾਰੀ ਪੀ.ਸੀ. ਪਾਰਟੀ ਵੱਲੋਂ ਲੋਕਾਂ ਨੂੰ ਦਿਤੀ ਜਾ ਰਹੀ ਆਰਥਿਕ ਸਹਾਇਤਾ ਦਾ ਪੂਰਾ ਮੁੱਲ 27 ਫ਼ਰਵਰੀ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਵਾਪਸ ਲੈਣ ਦੇ ਯਤਨ ਕੀਤੇ ਜਾਣਗੇ। ਉਨਟਾਰੀਓ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਨੂੰ ਆਰਥਿਕ ਸਹਾਇਤਾ ਨਾਲ ਸਰਕਾਰੀ ਖਜ਼ਾਨੇ ਉਤੇ 3 ਅਰਬ ਡਾਲਰ ਦਾ ਬੋਝ ਪਵੇਗਾ।
80 ਲੱਖ ਹੋਰਨਾਂ ਨੂੰ ਜਲਦ ਮਿਲਣਗੇ ਆਰਥਿਕ ਸਹਾਇਤਾ ਦੇ ਚੈੱਕ
ਅਦਾਇਗੀਆਂ ਦਾ ਸਿਲਸਿਲਾ 17 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਅਤੇ ਤਕਰੀਬਨ 7 ਮਿਲੀਅਨ ਲੋਕਾਂ ਤੱਕ 200-200 ਡਾਲਰ ਦੇ ਚੈੱਕ ਪੁੱਜ ਚੁੱਕੇ ਹਨ। ਸੂਬੇ ਦੇ ਜਿਹੜੇ ਲੋਕਾਂ ਨੂੰ ਹੁਣ ਤੱਕ ਆਰਥਿਕ ਸਹਾਇਤਾ ਨਹੀਂ ਮਿਲੀ, ਉਹ ਉਨਟਾਰੀਓ ਡਾਟ ਸੀ.ਏ. ਸਲੈਸ਼ ਟੈਕਸਪੇਅਰ ਰਿਬੇਟ ’ਤੇ ਜਾ ਚੈਕ ਕਰ ਸਕਦੇ ਹਨ। ਹਾਲ ਹੀ ਵਿਚ ਉਨਟਾਰੀਓ ਪੁੱਜੇ ਲੋਕ ਆਪਣਾ ਪਤਾ ਵੀ ਤਬਦੀਲ ਕਰਵਾ ਸਕਦੇ ਹਨ। ਬੈਂਰਪਟ ਲੋਕਾਂ ਨੂੰ ਆਰਥਿਕ ਸਹਾਇਤਾ ਨਹੀਂ ਮਿਲੇਗੀ ਅਤੇ 2023 ਦੀ ਇਨਕਮ ਟੈਕਸ ਰਿਟਰਨ ਲਾਜ਼ਮੀ ਤੌਰ ’ਤੇ ਦਾਖਲ ਕੀਤੀ ਹੋਵੇ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੂੰ ਚੈੱਕ ਚੋਰੀ ਹੋਣ ਜਾਂ ਗੁੰਮ ਹੋਣ ਦੀ ਚਿੰਤਾ ਹੈ, ਉਹ ਸਰਵਿਸ ਉਨਟਾਰੀਓ ਦੇ ਦਫ਼ਤਰ ਵਿਚ ਜਾ ਕੇ ਸੰਪਰਕ ਕਰਨ। ਦੂਜੇ ਪਾਸੇ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਵਾਸਤੇ ਆਖਿਆ ਗਿਆ ਹੈ। ਪਿਛਲੇ ਦਿਨੀਂ ਅਫ਼ਵਾਹ ਉਡ ਗਈ ਕਿ ਆਰ.ਬੀ.ਸੀ. ਦੇ ਗਾਹਕਾਂ ਨੂੰ ਮਿਲੇ ਚੈੱਕ ਬਾਊਂਸ ਹੋ ਗਏ। ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਪਿਛਲੇ ਸਾਲ ਅਕਤੂਬਰ ਵਿਚ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਗਿਆ ਪਰ ਅਦਾਇਗੀ ਦਾ ਸਮਾਂ ਅਜਿਹਾ ਤੈਅ ਕੀਤਾ ਕਿ ਵੋਟਾਂ ਦੌਰਾਨ ਇਸ ਦਾ ਫ਼ਾਇਦਾ ਲਿਆ ਜਾ ਸਕੇ। ਸੂਬਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਨਟਾਰੀਓ ਵਾਸੀਆਂ ਨੂੰ ਰਹਿਣ-ਸਹਿਣ ਦੇ ਵਧਦੇ ਖਰਚਿਆਂ ਨਾਲ ਨਜਿੱਠਣ ਲਈ ਆਰਥਿਕ ਸਹਾਇਤਾ ਦਿਤੀ ਜਾ ਰਹੀ ਹੈ। ਦੱਸ ਦੇਈਏ ਕਿ ਅਪ੍ਰੈਲ 2024 ਦੌਰਾਨ ਪੇਸ਼ ਬਜਟ ਵਿਚ ਡਗ ਫੋਰਡ ਸਰਕਾਰ ਦੀ ਆਮਦਨ ਵਿਚ ਕਮੀ ਦਿਖਾਈ ਗਈ ਅਤੇ ਬਜਟ ਘਾਟਾ 9.8 ਅਰਬ ਡਾਲਰ ’ਤੇ ਪੁੱਜਣ ਦੇ ਅਨੁਮਾਨ ਲਾਏ ਗਏ।
ਡਗ ਫ਼ੋਰਡ ਦੀ ਪਾਰਟੀ ਨੂੰ ਵੋਟਾਂ ਦੌਰਾਨ ਹੋਵੇਗਾ ਫਾਇਦਾ
ਅਜਿਹੇ ਵਿਚ 16 ਮਿਲੀਅਨ ਲੋਕਾਂ ਨੂੰ ਆਰਥਿਕ ਸਹਾਇਤਾ ਦੇ ਚੈਕ ਸਰਕਾਰੀ ਖਜ਼ਾਨੇ ’ਤੇ ਵੱਡਾ ਬੋਝ ਮੰਨੇ ਜਾ ਰਹੇ ਹਨ ਪਰ ਲੋਕਾਂ ਨੂੰ ਖੁਸ਼ ਕਰਨ ਲਈ ਇਹ ਕੀਮਤ ਜ਼ਿਆਦਾ ਨਹੀਂ ਹੋਵੇਗੀ। ਉਨਟਾਰੀਓ ਦੇ ਲੋਕਾਂ ਦਾ ਦਿਲ ਜਿੱਤਣ ਦੇ ਮਕਸਦ ਨਾਲ ਹੀ ਡਗ ਫੋਰਡ ਸਰਕਾਰ ਵੱਲੋਂ ਕਨਵੀਨੀਐਂਸ ਸਟੋਰਾਂ ’ਤੇ ਬੀਅਰ ਵੇਚਣ ਦੀ ਯੋਜਨਾ ਸਮੇਂ ਤੋਂ ਪਹਿਲਾਂ ਲਾਗੂ ਕੀਤੀ ਗਈ ਤਾਜ਼ਾ ਚੋਣ ਸਰਵੇਖਣਾਂ ਮੁਤਾਬਕ ਉਨਟਾਰੀਓ ਵਿਚ ਹੁਣ ਵੀ ਪੀ.ਸੀ. ਪਾਰਟੀ ਦੀ ਚੜ੍ਹਤ ਹੈ ਅਤੇ ਬੌਨੀ ਕਰੌਂਬੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਵੋਟ ਪਾਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਨਾ ਵਧ ਸਕੀ। ਇਸ ਦੇ ਉਲਟ ਵਿਰੋਧੀ ਧਿਰ ਦਾ ਦਰਜਾ ਪ੍ਰਾਪਤ ਐਨ.ਡੀ.ਪੀ. ਤੀਜੇ ਸਥਾਨ ’ਤੇ ਚੱਲ ਰਹੀ ਹੈ ਅਤੇ ਗਰੀਨ ਪਾਰਟੀ ਚੌਥੇ ਸਥਾਨ ’ਤੇ ਰਹੇਗੀ। ਟਰੰਪ ਵੱਲੋਂ ਤਜਵੀਜ਼ਸ਼ੁਦਾ ਟੈਕਸਾਂ ਦੇ ਮੱਦੇਨਜ਼ਰ ਉਨਟਾਰੀਓ ਚੋਣਾਂ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ।