ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਵਿਰੁੱਧ ਲੱਗੇ ਗੰਭੀਰ ਦੋਸ਼
ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਵਿਰੁੱਧ ਇਕ ਅਤਿਵਾਦੀ ਜਥੇਬੰਦੀ ਦੇ ਮੈਂਬਰ ਨੂੰ ਵੀਜ਼ਾ ਦੇਣ ਦੀ ਸਿਫ਼ਾਰਸ਼ ਕਰਨ ਦੇ ਦੋਸ਼ ਲੱਗੇ ਹਨ।
ਔਟਵਾ : ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਵਿਰੁੱਧ ਇਕ ਅਤਿਵਾਦੀ ਜਥੇਬੰਦੀ ਦੇ ਮੈਂਬਰ ਨੂੰ ਵੀਜ਼ਾ ਦੇਣ ਦੀ ਸਿਫ਼ਾਰਸ਼ ਕਰਨ ਦੇ ਦੋਸ਼ ਲੱਗੇ ਹਨ। ਜੀ ਹਾਂ, ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਗੈਰੀ ਆਨੰਦਸੰਗਰੀ ਨੇ ਸਿਫ਼ਾਰਸ਼ੀ ਪੱਤਰ 2016 ਅਤੇ 2023 ਵਿਚ ਲਿਖੇ ਜਦੋਂ ਉਹ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਸਨ ਹੋਏ। ਬਤੌਰ ਐਮ.ਪੀ. ਹਾਊਸ ਆਫ਼ ਕਾਮਨਜ਼ ਦੇ ਲੈਟਰਹੈਡ ’ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਲਿਖੇ ਪੱਤਰਾਂ ਵਿਚ ਉਨ੍ਹਾਂ ਵੱਲੋਂ ਸ੍ਰੀਲੰਕਾ ਦੀ ਲਿਬਰੇਸ਼ਨ ਟਾਇਗਰਜ਼ ਆਫ਼ ਤਾਮਿਲ ਇਲਮ ਦੇ ਇਕ ਕਥਿਤ ਮੈਂਬਰ ਨੂੰ ਵੀਜ਼ੇ ਦੀ ਵਕਾਲਤ ਕੀਤੀ ਗਈ।
ਅਤਿਵਾਦੀ ਜਥੇਬੰਦੀ ਦੇ ਮੈਂਬਰ ਨੂੰ ਪੀ.ਆਰ. ਦੇਣ ਦੀ ਕੀਤੀ ਸੀ ਸਿਫ਼ਾਰਸ਼
19 ਜੁਲਾਈ 2023 ਦੇ ਪੱਤਰ ਵਿਚ ਗੈਰੀ ਆਨੰਦਸੰਗਰੀ ਨੇ ਲਿਖਿਆ ਕਿਹਾ ਕਿ ਸੇਲਵਾਕੁਮਾਰਨ ਨੂੰ ਪੀ.ਆਰ. ਦੇਣ ਤੋਂ ਨਾਂਹ ਕੀਤੇ ਜਾਣ ਕਰ ਕੇ ਉਹ ਆਪਣੀ ਕੈਨੇਡੀਅਨ ਪਤਨੀ ਅਤੇ ਬੱਚੇ ਤੋਂ ਵੱਖ ਹੋ ਗਿਆ ਅਤੇ ਇਹ ਫੈਸਲਾ ਸਰਾਸਰ ਅਣਮਨੁੱਖੀ ਹੈ। ਲਿਬਰਲ ਐਮ.ਪੀ. ਨੇ ਅੱਗੇ ਲਿਖਿਆ ਕਿ ਸੀ.ਬੀ.ਐਸ.ਏ. ਵੱਲੋਂ ਫੈਸਲੇ ’ਤੇ ਮੁੜ ਵਿਚਾਰ ਕੀਤਾ ਜਾਵੇ। ਦੱਸ ਦੇਈਏ ਕਿ ਪੱਤਰ ਲਿਖਣ ਵੇਲੇ ਗੈਰੀ ਆਨੰਦਸੰਗਰੀ ਨਿਆਂ ਮੰਤਰਾਲੇ ਵਿਚ ਪਾਰਲੀਮਾਨੀ ਸਕੱਤਰ ਸਨ ਅਤੇ 26 ਜੁਲਾਈ 2023 ਨੂੰ ਉਹ ਜਸਟਿਨ ਟਰੂਡੋ ਦੀ ਸਰਕਾਰ ਵਿਚ ਪਹਿਲੀ ਵਾਰ ਕੈਬਨਿਟ ਮੰਤਰੀ ਬਣੇ। ਸੇਲਵਾਕੁਮਾਰਨ ਦੀ ਹਮਾਇਤ ਬਾਰੇ ਪੁੱਛੇ ਜਾਣ ’ਤੇ ਗੈਰੀ ਆਨੰਦਸੰਗਰੀ ਨੇ ਇਕ ਬਿਆਨ ਵਿਚ ਕਿਹਾ ਕਿ ਮਾਮਲਾ ਅਦਾਲਤ ਵਿਚ ਹੋਣ ਕਾਰਨ ਕੋਈ ਟਿੱਪਣੀ ਕਰਨੀ ਵਾਜਬ ਨਹੀਂ। ਉਨ੍ਹਾਂ ਦਲੀਲ ਦਿਤੀ ਕਿ ਬਤੌਰ ਮੰਤਰੀ ਕਦੇ ਕਿਸੇ ਵਾਸਤੇ ਕੋਈ ਸਿਫ਼ਾਰਸ਼ ਨਹੀਂ ਪਰ ਸਿਆਸਤ ਦੇ ਜਾਣਕਾਰੀ ਮਾਮਲਾ ਗੁੰਝਲਦਾਰ ਦੱਸ ਰਹੇ ਹਨ। ਸੇਲਵਾਕੁਮਾਰਨ ਦੀ ਪੀ.ਆਰ. ਅਰਜ਼ੀ ਰੱਦ ਕਰਨ ਵਾਲੀ ਸੀ.ਬੀ.ਐਸ.ਏ. ਦੀ ਪ੍ਰੈਜ਼ੀਡੈਂਟ ਐਰਿਨ ਓ ਗੌਰਮਨ ਇਸ ਵੇਲੇ ਗੈਰੀ ਆਨੰਦਸੰਗਰੀ ਦੇ ਅਧੀਨ ਕੰਮ ਕਰਦੇ ਹਨ। ਦੂਜੇ ਪਾਸੇ ਇਕ ਫ਼ੈਡਰਲ ਅਦਾਲਤ ਨੇ ਪਿਛਲੇ ਦਿਨੀਂ ਸੇਲਵਾਕੁਮਾਰਨ ਦੀ ਅਪੀਲ ਰੱਦ ਕਰ ਦਿਤੀ ਅਤੇ ਜੱਜ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਬਤੌਰ ਸਬੂਤ ਇਕ ਐਮ.ਪੀ. ਦਾ ਸਿਫ਼ਾਰਸ਼ੀ ਪੱਤਰ ਪੇਸ਼ ਕੀਤਾ ਗਿਆ। ਮੁਕੱਦਮੇ ਦੇ ਦਸਤਾਵੇਜ਼ਾਂ ਦੀ ਪੁਣ-ਛਾਣ ਦੌਰਾਨ ਆਨੰਦਸੰਗਰੀ ਦੇ ਦਸਤਖਤ ਵਾਲੀਆਂ ਦੋ ਚਿੱਠੀਆਂ ਮਿਲ ਗਈਆਂ। ਇਸੇ ਦੌਰਾਨ ਸੇਲਵਾਕੁਮਾਰਨ ਦੇ ਵਕੀਲ ਲੌਰਨ ਵਾਲਡਮੈਨ ਨੇ ਕਿਹਾ ਕਿ ਇਕ ਐਮ.ਪੀ. ਅਜਿਹੇ ਸਿਫ਼ਾਰਸ਼ੀ ਪੱਤਰ ਉਸ ਵੇਲੇ ਲਿਖਦਾ ਹੈ ਜਦੋਂ ਹਲਕੇ ਦੇ ਲੋਕਾਂ ਵੱਲੋਂ ਆਪਣੇ ਚੁਣੇ ਹੋਏ ਨੁਮਾਇੰਦੇ ਨਾਲ ਸੰਪਰਕ ਕਰਦਿਆਂ ਅਜਿਹਾ ਕਰਨ ਲਈ ਦਬਾਅ ਪਾਇਆ ਜਾਂਦਾ ਹੈ। ਅਜਿਹਾ ਕਰਨ ਵਿਚ ਕੁਝ ਗਲਤ ਵੀ ਨਹੀਂ ਹੁੰਦਾ।
ਗੈਰੀ ਆਨੰਦਸੰਗਰੀ ਨੇ ਕਿਹਾ, ਮੰਤਰੀ ਬਣਨ ਮਗਰੋਂ ਕੋਈ ਚਿੱਠੀ ਨਹੀਂ ਲਿਖੀ
ਵਾਲਡਮੈਨ ਨੇ ਅਦਾਲਤੀ ਫੈਸਲੇ ’ਤੇ ਨਾਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਵੱਕਲ ਨੂੰ ਦੋ ਦਹਾਕੇ ਪਹਿਲਾਂ ਹੋਈ ਗਲਤੀ ਦੀ ਸਜ਼ਾ ਭੁਗਤਣੀ ਪੈ ਰਹੀ ਹੈ। ਵਾਲਡਮੈਨ ਮੁਤਾਬਕ ਸੇਲਵਾਕੁਮਾਰਨ ਨੇ ਯੂ.ਕੇ. ਵਿਚ ਅਸਾਇਲਮ ਹਾਸਲ ਕਰਨ ਵਾਸਤੇ ਲਿੱਟੇ ਵਿਚ ਮਾਮੂਲੀ ਸ਼ਮੂਲੀਅਤ ਵਾਲੀ ਫਰਜ਼ੀ ਕਹਾਣੀ ਪੇਸ਼ ਕਰ ਦਿਤੀ ਸੀ। ਉਧਰ ਆਨੰਦਸੰਗਰੀ ਦੀਆਂ ਚਿੱਠੀਆਂ ਵਿਚ ਵਰਤੀ ਸ਼ਬਦਾਵਲੀ ਨੂੰ ਗੌਰ ਨਾਲ ਪੜ੍ਹਿਆ ਜਾਵੇ ਤਾਂ ਇਨ੍ਹਾਂ ਵਿਚ ਲਿਖਿਆ ਹੈ ਕਿ ਸੇਲਵਾਕੁਮਾਰਨ ਬਾਰੇ ਸੀ.ਬੀ.ਐਸ.ਏ. ਦੀਆਂ ਚਿੰਤਾਵਾਂ ਬੇਤੁਕੀਆਂ ਹਨ। ਲੋਕ ਸੁਰੱਖਿਆ ਮੰਤਰੀ ਨੇ ਉਸ ਵੇਲੇ ਦਾਅਵਾ ਕੀਤਾ ਸੀ ਕਿ ਸੇਲਵਾਕੁਮਾਰਨ ਨੂੰ ਕੈਨੇਡਾ ਆਉਣ ਦੇ ਅਯੋਗ ਮੰਨਣ ਦਾ ਕੋਈ ਆਧਾਰ ਨਹੀਂ ਜਦਕਿ ਸੀ.ਬੀ.ਐਸ.ਏ. ਵੱਲੋਂ ਆਪਣੇ ਫੈਸਲੇ ਦੇ ਹੱਕ ਵਿਚ ਵਿਸਤਾਤਰ ਰਿਪੋਰਟ ਨੱਥੀ ਕੀਤੀ ਗਈ ਜਿਸ ਵਿਚ ਸਾਫ਼ ਤੌਰ ’ਤੇ ਲਿਖਿਆ ਕਿ ਸੇਲਵਾਕੁਮਾਰਨ ਨੇ 1992 ਵਿਚ ਲਿੱਟੇ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ 1998 ਤੱਕ ਜਾਰੀ ਰੱਖਿਆ। ਚੇਤੇ ਰਹੇ ਕਿ ਲਿੱਟੇ ਦਾ ਮਈ 2009 ਵਿਚ ਸ੍ਰੀਲੰਕਾ ਦੀ ਫੌਜ ਵੱਲੋਂ ਖਾਤਮਾ ਕਰ ਦਿਤਾ ਗਿਆ ਸੀ।