ਕੈਨੇਡਾ ਵਿਚ ਭਾਰਤੀ ਫ਼ਿਲਮਾਂ ਦੀ ਸਕ੍ਰੀਨਿੰਗ ਰੋਕੀ
ਕੈਨੇਡਾ ਵਿਚ ਭਾਰਤੀ ਫ਼ਿਲਮਾਂ ਦਿਖਾਉਣ ਵਾਲੇ ਥਿਏਟਰ ਮੁੜ ਨਿਸ਼ਾਨੇ ’ਤੇ ਹਨ ਅਤੇ ਸ਼ੱਕੀਆਂ ਵੱਲੋਂ ਤੇਲ ਛਿੜਕ ਕੇ ਅੱਗ ਲਾਉਣ ਸਣੇ ਅੰਨ੍ਹੇਵਾਹ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਜਾ ਰਿਹਾ ਹੈ
ਓਕਵਿਲ : ਕੈਨੇਡਾ ਵਿਚ ਭਾਰਤੀ ਫ਼ਿਲਮਾਂ ਦਿਖਾਉਣ ਵਾਲੇ ਥਿਏਟਰ ਮੁੜ ਨਿਸ਼ਾਨੇ ’ਤੇ ਹਨ ਅਤੇ ਸ਼ੱਕੀਆਂ ਵੱਲੋਂ ਤੇਲ ਛਿੜਕ ਕੇ ਅੱਗ ਲਾਉਣ ਸਣੇ ਅੰਨ੍ਹੇਵਾਹ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਜਾ ਰਿਹਾ ਹੈ। ਤਾਜ਼ਾ ਵਾਰਦਾਤਾਂ ਓਕਵਿਲ ਦੇ ਫਿਲਮ ਡਾਟ ਸੀ.ਏ. ਥਿਏਟਰ ਵਿਚ ਸਾਹਮਣੇ ਆਈਆਂ ਅਤੇ ਹੁਣ ਭਾਰਤੀ ਫ਼ਿਲਮਾਂ ਦੀ ਸਕ੍ਰੀਨਿੰਗ ਹੀ ਬੰਦ ਕਰ ਦਿਤੀ ਗਈ ਹੈ। ਹਾਲਟਨ ਪੁਲਿਸ ਨੇ ਦੱਸਿਆ ਕਿ ਪਹਿਲੀ ਵਾਰਦਾਤ 25 ਸਤੰਬਰ ਨੂੰ ਸਾਹਮਣੇ ਆਈ ਜਦੋਂ ਡੌਰਵਲ ਡਰਾਈਵ ਨੇੜੇ ਸਪੀਅਰਜ਼ ਰੋਡ ’ਤੇ ਸਥਿਤ ਥਿਏਟਰ ਵਿਚ ਅਗਜ਼ਨੀ ਦੀ ਵਾਰਦਾਤ ਸਾਹਮਣੇ ਆਈ। ਸੀ.ਸੀ.ਟੀ.ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਸ਼ੱਕੀ ਲਾਲ ਰੰਗ ਦੇ ਡੱਬਿਆਂ ਨਾਲ ਬਲਣਸ਼ੀਲ ਪਦਾਰਥ ਛਿੜਕਣ ਮਗਰੋਂ ਅੱਗ ਲਾ ਕੇ ਫਰਾਰ ਹੋ ਜਾਂਦੇ ਹਨ।
ਥਿਏਟਰਾਂ ’ਤੇ ਚੱਲ ਰਹੀਆਂ ਗੋਲੀਆਂ
ਪੁਲਿਸ ਮੁਤਾਬਕ ਅਗਜ਼ਨੀ ਦੀ ਵਾਰਦਾਤ ਦੌਰਾਨ ਥਿਏਟਰ ਦੇ ਬਾਹਰਲੇ ਹਿੱਸੇ ਵਿਚ ਨੁਕਸਾਨ ਹੋਇਆ ਪਰ ਅੰਦਰਲੇ ਨੁਕਸਾਨ ਤੋਂ ਬਚਾਅ ਰਿਹਾ। ਦੂਜੀ ਵਾਰਦਾਤ 2 ਅਕਤੂਬਰ ਨੂੰ ਵੱਡੇ ਤੜਕੇ ਸਾਹਮਣੇ ਆਈ ਜਦੋਂ ਥਿਏਟਰ ਦੇ ਮੁੱਖ ਦਾਖਲਾ ਗੇਟ ’ਤੇ ਗੋਲੀਆਂ ਚੱਲ ਗਈਆਂ। ਪੁਲਿਸ ਦਾ ਮੰਨਣਾ ਹੈ ਕਿ ਗੋਲੀਆਂ ਚਲਾਉਣ ਵਾਲੇ ਸ਼ੱਕੀ ਡਾਰਕ ਸਕਿੰਨ ਵਾਲਾ ਸੀ ਅਤੇ ਉਸ ਨੇ ਨਕਾਬ ਸਣੇ ਕਾਲੇ ਕੱਪੜੇ ਪਾਏ ਹੋਏ ਸਨ। ਪੁਲਿਸ ਵੱਲੋਂ ਦੋਹਾਂ ਘਟਨਾਵਾਂ ਨੂੰ ਟਾਰਗੈਟਡ ਮੰਨਿਆ ਜਾ ਰਿਹਾ ਹੈ। ਫਿਲਮ ਡਾਟ ਸੀ.ਏ. ਦੇ ਮੁੱਖ ਕਾਰਜਕਾਰੀ ਅਫ਼ਸਰ ਜੈਫ਼ ਨੋਲ ਦਾ ਕਹਿਣਾ ਸੀ ਕਿ ਸਾਊਥ ਏਸ਼ੀਅਨ ਫ਼ਿਲਮਾਂ ਦਿਖਾਏ ਜਾਣ ਕਰ ਕੇ ਇਹ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਥਿਏਟਰ ਵਿਚ ਉਹ ਸਭ ਹੀ ਦਿਖਾਇਆ ਜਾਵੇਗਾ ਜੋ ਅਸੀਂ ਦਿਖਾਉਣਾ ਚਾਹੁੰਦੇ ਹਾਂ ਪਰ ਲੋਕਾਂ ਦੀ ਜਾਨ ਖਤਰੇ ਵਿਚ ਨਹੀਂ ਪਾਈ ਜਾ ਸਕਦੀ ਜਿਸ ਦੇ ਮੱਦੇਨਜ਼ਰ ਭਾਰਤੀ ਫ਼ਿਲਮਾਂ ਦੀ ਸਕ੍ਰੀਨਿੰਗ ਹੀ ਬੰਦ ਕਰ ਦਿਤੀ ਗਈ।