ਕੈਨੇਡਾ ਵਿਚ ਫੈਲਿਆ ਸਾਲਮੋਨੈਲਾ, 60 ਬਿਮਾਰ, 17 ਹਸਪਤਾਲ ਦਾਖਲ
ਕੈਨੇਡਾ ਵਿਚ ਸਾਲਮੋਨੈਲਾ ਫੈਲਣ ਕਾਰਨ 60 ਤੋਂ ਵੱਧ ਲੋਕ ਬਿਮਾਰ ਹੋ ਗਏ ਜਿਨ੍ਹਾਂ ਵਿਚੋਂ 17 ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।;
ਟੋਰਾਂਟੋ : ਕੈਨੇਡਾ ਵਿਚ ਸਾਲਮੋਨੈਲਾ ਫੈਲਣ ਕਾਰਨ 60 ਤੋਂ ਵੱਧ ਲੋਕ ਬਿਮਾਰ ਹੋ ਗਏ ਜਿਨ੍ਹਾਂ ਵਿਚੋਂ 17 ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਖਤਰਨਾਕ ਬੈਕਟੀਰੀਆ ਫੈਲਣ ਦਾ ਕਾਰਨ ਸਵੀਟ ਕ੍ਰੀਮ ਬਰੈਂਡ ਵਾਲੀਆਂ ਮਿੰਨੀ ਪੇਸਟ੍ਰੀਜ਼ ਦੱਸੀਆਂ ਜਾ ਰਹੀਆਂ ਹਨ ਜੋ ਬੇਕਰੀਜ਼, ਹੋਟਲਾਂ, ਰੈਸਟੋਰੈਂਟਸ, ਕੈਫੇਟੇਰੀਆਜ਼, ਹਸਪਤਾਲਾਂ ਅਤੇ ਬਜ਼ੁਰਗਾਂ ਦੀ ਰਿਹਾਇਸ਼ ਵਾਲੇ ਘਰਾਂ ਭੇਜੀਆਂ ਜਾਂਦੀਆਂ ਹਨ। ਪਬਲਿਕ ਹੈਲਥ ਏਜੰਸੀ ਨੇ ਦੱਸਿਆ ਕਿ 33 ਮਰੀਜ਼ ਕਿਊਬੈਕ ਵਿਚ ਸਾਹਮਣੇ ਆਏ ਜਦਕਿ ਉਨਟਾਰੀਓ ਵਿਚ 21, ਬੀ.ਸੀ ਵਿਚ ਚਾਰ, ਐਲਬਰਟਾ ਵਿਚ 2 ਅਤੇ ਨਿਊ ਬ੍ਰਨਜ਼ਵਿਕ ਵਿਖੇ ਇਕ ਮਰੀਜ਼ ਦੀ ਰਿਪੋਰਟ ਹੈ।
ਬੈਕਟੀਰੀਆ ਦੇ ਖਤਰੇ ਕਾਰਨ 6 ਬਰੈਂਡ ਦੇ ਆਂਡੇ ਬਾਜ਼ਾਰ ’ਚ ਵਾਪਸ ਮੰਗਵਾਏ
ਬਿਮਾਰ ਹੋਣ ਵਾਲਿਆਂ ਦੀ ਉਮਰ ਤਿੰਨ ਸਾਲ ਤੋਂ 88 ਸਾਲ ਦਰਮਿਆਨ ਦਰਜ ਕੀਤੀ ਗਈ ਅਤੇ ਇਨ੍ਹਾਂ ਵਿਚੋਂ 61 ਫੀ ਸਦੀ ਔਰਤਾਂ ਸਨ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਚਾਰ ਕਿਲੋ ਅਤੇ ਇਕ ਕਿਲੋ ਦੇ ਡੱਬਿਆਂ ਵਿਚ ਪੈਕ ਸਵੀਟ ਕ੍ਰੀਮ ਪੇਸਟ੍ਰੀਜ਼ ਵਾਪਸ ਮੰਗਵਾਈਆਂ ਗਈਆਂ ਜਿਨ੍ਹਾਂ ਦੀ ਮਿਆਦ 17 ਜੂਨ 2025 ਅਤੇ 15 ਨਵੰਬਰ 2025 ਤੱਕ ਸੀ। ਸਾਲਮੋਨੈਲਾ ਦੇ ਮਰੀਜ਼ਾਂ ਵਿਚ ਬੁਖਾਰ, ਸਿਰ ਦਰਦ, ਉਲਟੀਆਂ, ਪੇਟ ਵਿਚ ਤਿੱਖਾ ਦਰਦ ਅਤੇ ਡਾਇਰੀਆ ਵਰਗੇ ਲੱਛਣ ਨਜ਼ਰ ਆਉਂਦੇ ਹਨ। ਕਮਜ਼ੋਰ ਇਮਿਊਨ ਸਿਸਟਮ ਵਾਲਿਆਂ ਲਈ ਇਨਫੈਕਸ਼ਨ ਗੰਭੀਰ ਸਾਬਤ ਹੋ ਸਕਦਾ ਹੈ। ਇਸੇ ਦੌਰਾਨ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਵੱਲੋਂ ਕੌਂਪਲੀਮੈਂਟਸ, ਫੌਰਮੋਸਟ, ਗੋਲਡਨਵੈਲੀ, ਆਈ.ਜੀ.ਏ. ਅਤੇ ਵੈਸਟ੍ਰਨ ਫੈਮਿਲੀ ਬ੍ਰੈਂਡਜ਼ ਦੇ ਆਂਡੇ ਬਾਜ਼ਾਰ ਤੋਂ ਵਾਪਸ ਮੰਗਵਾਏ ਜਾ ਰਹੇ ਹਨ। ਮੈਨੀਟੋਬਾ, ਉਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਦੇ ਖਪਤਕਾਰਾਂ ਨੂੰ ਵੀ ਸੁਚੇਤ ਕੀਤਾ ਗਿਆ ਹੈ ਕਿ ਕੁਝ ਖਾਸ ਲੌਟ ਵਾਲੇ ਆਂਡਿਆਂ ਦੀ ਵਰਤੋਂ ਨਾ ਕੀਤੀ ਜਾਵੇ ਜਿਨ੍ਹਾਂ ਵਿਚ ਸਾਲਮੋਨੈਲਾ ਹੋ ਸਕਦਾ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਸਾਲਮੋਨੈਲਾ ਵਾਲੀਆਂ ਖੁਰਾਕੀ ਵਸਤਾਂ ਭਾਵੇਂ ਖਰਾਬ ਮਹਿਸੂਸ ਨਾ ਹੋਣ ਪਰ ਬੱਚਿਆਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਉਤੇ ਗੰਭੀਰ ਅਸਰ ਪਾ ਸਕਦੀਆਂ ਹਨ।