Brampton ਵਿਖੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਕੈਨੇਡਾ ਵਿਚ ਗੋਲੀਬਾਰੀ ਦਾ ਦੌਰ ਬਾਦਸਤੂਰ ਜਾਰੀ ਹੈ ਅਤੇ ਤਾਜ਼ਾ ਵਾਰਦਾਤ ਬਰੈਂਪਟਨ ਵਿਖੇ ਸਾਹਮਣੇ ਆਈ ਜਿਥੇ 20-25 ਸਾਲ ਦੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ
ਬਰੈਂਪਟਨ : ਕੈਨੇਡਾ ਵਿਚ ਗੋਲੀਬਾਰੀ ਦਾ ਦੌਰ ਬਾਦਸਤੂਰ ਜਾਰੀ ਹੈ ਅਤੇ ਤਾਜ਼ਾ ਵਾਰਦਾਤ ਬਰੈਂਪਟਨ ਵਿਖੇ ਸਾਹਮਣੇ ਆਈ ਜਿਥੇ 20-25 ਸਾਲ ਦੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਦੂਜੇ ਪਾਸੇ ਮਿਸੀਸਾਗਾ ਵਿਖੇ ਇਕ ਔਰਤ ਦੀ ਹੱਤਿਆ ਹੋਣ ਦੀ ਰਿਪੋਰਟ ਹੈ ਅਤੇ ਪੀਲ ਰੀਜਨਲ ਪੁਲਿਸ ਨੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੋਲੀਬਾਰੀ ਦੀ ਵਾਰਦਾਤ ਬਰੈਂਪਟਨ ਦੇ ਬਰੈਮਲੀ ਰੋਡ ਅਤੇ ਕਲਾਰਕ ਬੁਲੇਵਾਰਡ ਨੇੜੇ ਡਾਰਟਫਰਡ ਰੋਡ ’ਤੇ ਸਥਿਤ ਇਕ ਘਰ ਵਿਚ ਵਾਪਰੀ। ਮੌਕੇ ’ਤੇ ਪੁੱਜੇ ਪੀਲ ਰੀਜਨਲ ਪੁਲਿਸ ਦੇ ਅਫ਼ਸਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਨੌਜਵਾਨ ਨਾਜ਼ੁਕ ਹਾਲਤ ਵਿਚ ਮਿਲਿਆ ਜਿਸ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ। ਜਾਂਚਕਰਤਾਵਾਂ ਮੁਤਾਬਕ 30-35 ਸਾਲ ਦੇ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਰਿਸ਼ਤੇਦਾਰ ਨੇ ਹੀ ਮਾਰ ਮੁਕਾਇਆ 20-25 ਸਾਲ ਦਾ ਨੌਜਵਾਨ
ਕਾਂਸਟੇਬਲ ਟਾਇਲਰ ਬੈਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵੇਂ ਜਣੇ ਰਿਸ਼ਤੇਦਾਰ ਹਨ ਪਰ ਫ਼ਿਲਹਾਲ ਇਹ ਦੱਸਣਾ ਮੁਸ਼ਕਲ ਹੈ ਕਿ ਦੋਵੇਂ ਸਕੇ ਭਰਾ ਹਨ ਜਾਂ ਕਜ਼ਨ ਅਤੇ ਜਾਂ ਫ਼ਿਰ ਕੋਈ ਹੋਰ ਰਿਸ਼ਤਾ ਬਣਦਾ ਹੈ। ਪੁਲਿਸ ਵੱਲੋਂ ਵਾਰਦਾਤ ਨੂੰ ਪਰਵਾਰਕ ਹਿੰਸਾ ਨਾਲ ਜੋੜਿਆ ਜਾ ਰਿਹਾ ਹੈ। ਉਧਰ ਮਿਸੀਸਾਗਾ ਦੀ ਡੰਡਾਸ ਸਟ੍ਰੀਟ ਈਸਟ ਵਿਖੇ ਸ਼ੁੱਕਰਵਾਰ ਰਾਤ ਤਕਰੀਬਨ 8 ਵਜੇ ਪੁਲਿਸ ਨੂੰ ਸੱਦਿਆ ਗਿਆ ਜਿਥੇ ਇਕ ਔਰਤ ਬੇਹੱਦ ਗੰਭੀਰ ਹਾਲਤ ਵਿਚ ਮਿਲੀ। ਕਾਂਸਟੇਬਲ ਟਾਇਲਰ ਬੈਲ ਮੁਤਾਬਕ ਔਰਤ ਨੂੰ ਕਿਸੇ ਹਥਿਆਰ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ ਅਤੇ ਇਹ ਹਥਿਆਰ ਕੋਈ ਪੋਲ ਜਾਂ ਬੈਟ ਹੋ ਸਕਦਾ ਹੈ। ਪੈਰਾਮੈਡਿਕਸ ਔਰਤ ਨੂੰ ਹਸਪਤਾਲ ਲੈ ਗਏ ਪਰ ਕੁਝ ਸਮੇਂ ਬਾਅਦ ਉਸ ਨੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿਤਾ। ਗ੍ਰਿਫ਼ਤਾਰ ਕੀਤਾ 50-55 ਸਾਲ ਦਾ ਸ਼ੱਕੀ ਔਰਤ ਨੂੰ ਜਾਣਦਾ ਸੀ ਪਰ ਦੋਹਾਂ ਦੇ ਰਿਸ਼ਤੇ ਬਾਰੇ ਪੁਲਿਸ ਨੇ ਕੋਈ ਜ਼ਿਕਰ ਨਹੀਂ ਕੀਤਾ। ਔਰਤ ਉਤੇ ਹਮਲਾ ਕਿਉਂ ਹੋਇਆ, ਇਸ ਬਾਰੇ ਪੁਲਿਸ ਵੱਲੋਂ ਪੜਤਾਲ ਕੀਤੀ ਜ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕਰੇ।