ਏਅਰ ਕੈਨੇਡਾ ਦੀਆਂ ਟਿਕਟਾਂ ਬੁੱਕ ਕਰਵਾ ਚੁੱਕੇ ਪੰਜਾਬੀ ਡੂੰਘੀ ਚਿੰਤਾ ’ਚ ਡੁੱਬੇ

ਏਅਰ ਕੈਨੇਡਾ ਦੀ ਸੰਭਾਵਤ ਹੜਤਾਲ ਨੇ ਪੰਜਾਬ ਦਾ ਗੇੜਾ ਲਾਉਣ ਵਾਸਤੇ ਟਿਕਟਾਂ ਬੁੱਕ ਕਰਵਾ ਚੁੱਕੇ ਮੁਸਾਫਰਾਂ ਨੂੰ ਡੂੰਘੀ ਚਿੰਤਾ ਵਿਚ ਪਾ ਦਿਤਾ ਹੈ।

Update: 2024-09-14 11:14 GMT

ਕੈਲਗਰੀ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਏਅਰ ਕੈਨੇਡਾ ਦੀ ਸੰਭਾਵਤ ਹੜਤਾਲ ਨੇ ਪੰਜਾਬ ਦਾ ਗੇੜਾ ਲਾਉਣ ਵਾਸਤੇ ਟਿਕਟਾਂ ਬੁੱਕ ਕਰਵਾ ਚੁੱਕੇ ਮੁਸਾਫਰਾਂ ਨੂੰ ਡੂੰਘੀ ਚਿੰਤਾ ਵਿਚ ਪਾ ਦਿਤਾ ਹੈ। ਐਡਮਿੰਟਨ ਦੀ ਨਵਨੀਤ ਕੌਰ ਨੇ ਦੱਸਿਆ ਕਿ 2015 ਵਿਚ ਕੈਨੇਡਾ ਆਉਣ ਮਗਰੋਂ ਉਹ ਪਹਿਲੀ ਵਾਰ ਇੰਡੀਆ ਜਾ ਰਹੇ ਹਨ ਪਰ ਹੜਤਾਲ ਦੇ ਖਦਸ਼ੇ ਕਾਰਨ ਮਨ ਕਾਹਲਾ ਪੈ ਰਿਹਾ ਹੈ ਕਿ ਆਖਰਕਾਰ ਕੀ ਹੋਵੇਗਾ। ਏਅਰ ਕੈਨੇਡਾ ਦੇ ਪਾਇਲਟ ਐਤਵਾਰ ਨੂੰ 72 ਘੰਟੇ ਦਾ ਨੋਟਿਸ ਦੇਣ ਲਈ ਅਧਿਕਾਰਤ ਹੋ ਜਾਣਗੇ ਅਤੇ ਜੇ ਕੋਈ ਸਮਝੌਤਾ ਸਿਰੇ ਨਹੀਂ ਚੜ੍ਹਦਾ ਤਾਂ ਬੁੱਧਵਾਰ ਤੋਂ ਹੜਤਾਲ ਸ਼ੁਰੂ ਹੋ ਸਕਦੀ ਹੈ।

ਬੁੱਧਵਾਰ ਤੋਂ ਸ਼ੁਰੂ ਹੋ ਸਕਦੀ ਐ ਪਾਇਲਟਾਂ ਦੀ ਹੜਤਾਲ

ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾਮਲੇ ਵਿਚ ਦਖਲ ਦੇਣ ਤੋਂ ਨਾਂਹ ਕਰ ਦਿਤੀ ਹੈ। ਇਕ ਲੱਖ 10 ਹਜ਼ਾਰ ਮੁਸਾਫਰਾਂ ਨੂੰ ਰੋਜ਼ਾਨਾ ਹਵਾਈ ਸਫਰ ਕਰਵਾਉਣ ਵਾਲੀ ਏਅਰ ਕੈਨੇਡਾ ਵੱਲੋਂ ਸ਼ੁੱਕਰਵਾਰ ਨੂੰ ਕੋਈ ਫਲਾਈਟ ਰੱਦ ਨਹੀਂ ਕੀਤੀ ਗਈ ਪਰ ਕੰਮਕਾਜ ਪ੍ਰਭਾਵਤ ਹੋਣਾ ਸ਼ੁਰੂ ਹੋ ਗਿਆ ਹੈ। ਏਅਰ ਕੈਨੇਡਾ ਵੱਲੋਂ ਜਲਦ ਖਰਾਬ ਹੋਣ ਵਾਲੀਆਂ ਚੀਜ਼ਾਂ ਜਾਂ ਜਾਨਵਰਾਂ ਦੀ ਢੋਆ ਢੁਆਈ ਨਾਲ ਸਬੰਧਤ ਕਾਰਗੋ ਲੈਣੇ ਬੰਦ ਕੀਤਾ ਜਾ ਚੁੱਕੇ ਹਨ। ਪਾਇਲਟ ਯੂਨੀਅਨ ਦੀਆਂ ਮੰਗਾਂ ਬਾਰੇ ਏਅਰ ਕੈਨੇਡਾ ਨੇ ਕਿਹਾ ਕਿ ਤਨਖਾਹਾਂ ਵਿਚ ਗੈਰਵਾਜਬ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਮੰਗਾਂ ਬਾਰੇ ਲਚੀਲਾ ਰੁਖ ਅਖਤਿਆਰ ਨਹੀਂ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਯੂਨੀਅਨ ਨੇ ਕਿਹਾ ਕਿ ਕਾਰਪੋਰੇਟਸ ਦਾ ਲਾਲਚ ਸਿਰ ਚੜ੍ਹ ਕੇ ਬੋਲ ਰਿਹਾ ਹੈ ਕਿਉਂਕਿ ਰਿਕਾਰਡ ਮੁਨਾਫ਼ਾ ਹੋਣ ਦੇ ਬਾਵਜੂਦ ਪਾਇਲਟਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਹੜਤਾਲ ਦੇ ਖਦਸ਼ੇ ਨੂੰ ਵੇਖਦਿਆਂ ਘਰੇਲੂ ਮੁਸਾਫਰਾਂ ਵੱਲੋਂ ਆਪਣੀਆਂ ਯੋਜਨਾਵਾਂ ਵਿਚ ਤਬਦੀਲੀ ਕੀਤੀ ਜਾ ਰਹੀ ਹੈ ਅਤੇ ਉਹ ਜਲਦ ਤੋਂ ਜਲਦ ਕੰਮ ਨਿਬੇੜ ਕੇ ਆਪੋ ਆਪਣੇ ਟਿਕਾਣੇ ’ਤੇ ਪਹੁੰਚਣ ਦੇ ਯਤਨ ਕਰ ਰਹੇ ਹਨ ਪਰ ਸੱਤ ਸਮੁੰਦਰ ਪਾਰ ਜਾਣ ਵਾਲਿਆਂ ਵਾਸਤੇ ਇਹ ਸੌਖਾ ਨਹੀਂ। ਨਵਨੀਤ ਕੌਰ ਨੇ ਦੱਸਿਆ ਕਿ ਇੰਡੀਆਂ ਦਾ ਇਹ ਟ੍ਰਿਪ ਬੇਹੱਦ ਖਾਸ ਹੈ ਕਿਉਂਕਿ ਉਨ੍ਹਾਂ ਦੀ ਬੇਟੀ ਪਹਿਲੀ ਵਾਰ ਆਪਣੇ ਗਰੈਂਡ ਪੇਰੈਂਟਸ ਨੂੰ ਮਿਲੇਗੀ।

ਟਰੂਡੋ ਸਰਕਾਰ ਨੇ ਮਾਮਲੇ ਵਿਚ ਦਖਲ ਦੇਣ ਤੋਂ ਕੀਤੀ ਨਾਂਹ

ਉਹ ਇਸ ਵੇਲੇ ਸਿਰਫ ਢਾਈ ਸਾਲ ਦੀ ਹੈ। ਨਵਨੀਤ ਕੌਰ ਦੀ ਫਲਾਈਟ 29 ਸਤੰਬਰ ਨੂੰ ਹੈ ਅਤੇ ਉਹ ਉਮੀਦ ਕਰ ਰਹੇ ਹਨ ਕਿ ਮਸਲੇ ਦਾ ਕੋਈ ਹੱਲ ਨਿਕਲ ਆਵੇ। ਇਸੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਮੁਸਾਫਰਾਂ ਦੀ ਖੱਜਲ ਖੁਆਰੀ ਅਤੇ ਕਾਰੋਬਾਰ ਦਾ ਨੁਕਸਾਨ ਰੋਕਣ ਦੀ ਜ਼ਿੰਮੇਵਾਰੀ ਏਅਰ ਕੈਨੇਡਾ ਅਤੇ ਪਾਇਲਟ ਯੂਨੀਅਨ ਦੀ ਬਣਦੀ ਹੈ। ਜਸਟਿਨ ਟਰੂਡੋ ਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਪਾਇਲਟਾਂ ਨੂੰ ਕੰਮ ’ਤੇ ਪਰਤਣ ਲਈ ਮਜਬੂਰ ਕਰਦਾ ਕਾਨੂੰਨ ਲਾਗੂ ਕਰਨਗੇ। ਉਨ੍ਹਾਂ ਅੱਗੇ ਕਿਹਾ, ‘‘ਹਰ ਵਾਰ ਜਦੋਂ ਹੜਤਾਲ ਹੋਣ ਲਗਦੀ ਹੈ ਤਾਂ ਸਾਰੀਆਂ ਧਿਰਾਂ ਸਮੱਸਿਆ ਸੁਲਝਾਉਣ ਲਈ ਸਰਕਾਰ ਵੱਲ ਦੇਖਣਾ ਸ਼ੁਰੂ ਕਰ ਦਿੰਦੀਆਂ ਹਨ ਪਰ ਅਸੀਂ ਅਜਿਹਾ ਕੁਝ ਨਹੀਂ ਕਰਾਂਗੇ।’’ ਟਰੂਡੇ ਨੇ ਅੱਗੇ ਕਿਹਾ ਕਿ ਕੈਨੇਡੀਅਨ ਅਰਥਚਾਰੇ ਦੀ ਹਿਫ਼ਾਜ਼ਤ ਸਾਡੀ ਜ਼ਿੰਮੇਵਾਰੀ ਹੈ ਪਰ ਯੂਨੀਅਨਾਂ ਅਤੇ ਇੰਪਲੌਇਰਜ਼ ਨੂੰ ਵੀ ਕੁੱਝ ਪਤਾ ਲੱਗਣਾ ਚਾਹੀਦਾ ਹੈ ਜੋ ਅਕਸਰ ਹੀ ਲੋਕਾਂ ਨੂੰ ਵਖਤ ਪਾਈ ਰਖਦੇ ਹਨ।

Tags:    

Similar News