ਕੈਨੇਡਾ ’ਚ ਪੰਜਾਬੀ ਨੌਜਵਾਨ ਨੂੰ 1.15 ਲੱਖ ਡਾਲਰ ਦਾ ਮੁਆਵਜ਼ਾ

25 ਹਜ਼ਾਰ ਡਾਲਰ ਖਰਚ ਕਰ ਕੇ ਕੈਨੇਡਾ ਪੁੱਜੇ ਹਰਮਿੰਦਰ ਸਿੰਘ ਨੂੰ ਬਣਦੀ ਤਨਖਾਹ ਨਾ ਮਿਲੀ ਤਾਂ ਉਸ ਨੇ ਕਾਨੂੰਨ ਦਾ ਦਰਵਾਜ਼ਾ ਖੜਕਾਇਆ;

Update: 2025-04-14 12:29 GMT
ਕੈਨੇਡਾ ’ਚ ਪੰਜਾਬੀ ਨੌਜਵਾਨ ਨੂੰ 1.15 ਲੱਖ ਡਾਲਰ ਦਾ ਮੁਆਵਜ਼ਾ
  • whatsapp icon

ਰਿਚਮੰਡ : 25 ਹਜ਼ਾਰ ਡਾਲਰ ਖਰਚ ਕਰ ਕੇ ਕੈਨੇਡਾ ਪੁੱਜੇ ਹਰਮਿੰਦਰ ਸਿੰਘ ਨੂੰ ਬਣਦੀ ਤਨਖਾਹ ਨਾ ਮਿਲੀ ਤਾਂ ਉਸ ਨੇ ਕਾਨੂੰਨ ਦਾ ਦਰਵਾਜ਼ਾ ਖੜਕਾਇਆ ਅਤੇ ਹੁਣ ਬੀ.ਸੀ. ਇੰਪਲੌਇਮੈਂਟ ਸਟੈਂਡਰਡਜ਼ ਟ੍ਰਿਬਿਊਨਲ ਵੱਲੋਂ ਉਸ ਨੂੰ 115,574 ਡਾਲਰ ਦੇ ਮੁਆਵਜ਼ੇ ਦਾ ਹੱਕਦਾਰ ਬਣਾਇਆ ਗਿਆ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਹਰਮਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਰਿਚਮੰਡ ਦੀ ਟਰੱਕ ਰਿਪੇਅਰ ਕੰਪਨੀ ਨੇ ਉਸ ਨੂੰ ਨੌਕਰੀ ਦੇਣ ਲਈ 25 ਹਜ਼ਾਰ ਡਾਲਰ ਵਸੂਲ ਕੀਤੇ। ਟ੍ਰਿਬਿਊਨਲ ਦੇ ਫੈਸਲੇ ਮੁਤਾਬਕ ਹਰਮਿੰਦਰ ਸਿੰਘ ਮਾਰਚ 2018 ਵਿਚ ਵਿਜ਼ਟਰ ਵੀਜ਼ਾ ’ਤੇ ਕੈਨੇਡਾ ਪੁੱਜਾ ਅਤੇ ਕੁਝ ਸਮੇਂ ਬਾਅਦ ਪੱਕੇ ਤੌਰ ’ਤੇ ਹੀ ਕੈਨੇਡਾ ਵਿਚ ਰਹਿਣ ਦਾ ਮਨ ਬਣਾ ਲਿਆ। ਹਰਮਿੰਦਰ ਸਿੰਘ ਦੇ ਕਜ਼ਨ ਵੱਲੋਂ ਉਸ ਦੀ ਮੁਲਾਕਾਤ ਏ.ਜੇ. ਬੋਇਲ ਟਰੱਕ ਰਿਪੇਅਰ ਲਿਮ. ਦੇ ਸਰਵਪ੍ਰੀਤ ਬੋਇਲ ਨਾਲ ਕਰਵਾਈ ਗਈ।

ਘੱਟ ਤਨਖਾਹ ਦੇਣ ਦੇ ਮਾਮਲੇ ਵਿਚ ਬੀ.ਸੀ. ਟ੍ਰਿਬਿਊਨਲ ਦੀ ਕਾਰਵਾਈ

ਕੰਪਨੀ ਕੋਲ ਮਕੈਨਿਕ ਦੀ ਜੌਬ ਮੌਜੂਦ ਸੀ ਅਤੇ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ ਵੀ ਹਾਸਲ ਕਰ ਲਿਆ ਜਿਸ ਰਾਹੀਂ ਵਿਦੇਸ਼ੀ ਕਾਮਿਆਂ ਦੀ ਭਰਤੀ ਸੰਭਵ ਹੋ ਸਕੀ। ਹਰਮਿੰਦਰ ਸਿੰਘ ਨੇ ਬੋਇਲ ਨਾਲ ਰੁਜ਼ਗਾਰ ਕੌਂਟਰੈਕਟ ਕਰ ਲਿਆ ਅਤੇ ਇਕ ਮਹੀਨੇ ਵਾਸਤੇ ਭਾਰਤ ਚਲਾ ਗਿਆ। ਵਾਪਸੀ ਕਰਨ ’ਤੇ ਉਸ ਨੂੰ ਵਰਕ ਪਰਮਿਟ ਮਿਲ ਗਿਆ ਅਤੇ ਜੁਲਾਈ 2018 ਵਿਚ ਉਸ ਨੇ ਕੰਪਨੀ ਵਾਸਤੇ ਕੰਮ ਸ਼ੁਰੂ ਕਰ ਦਿਤਾ। ਅਕਤੂਬਰ 2019 ਵਿਚ ਉਸ ਨੇ ਨੌਕਰੀ ਛੱਡ ਦਿਤੀ ਅਤੇ ਘੱਟ ਮਿਹਨਤਾਨਾ ਦਿਤੇ ਜਾਣ ਦਾ ਦੋਸ਼ ਲਾਇਆ। ਹਰਮਿੰਦਰ ਸਿੰਘ ਮੁਤਾਬਕ ਉਸ ਨੇ 25 ਹਜ਼ਾਰ ਡਾਲਰ ਵਿਚੋਂ 10 ਹਜ਼ਾਰ ਡਾਲਰ ਨਕਦ ਅਦਾ ਕੀਤੇ ਜਦਕਿ 15 ਹਜ਼ਾਰ ਡਾਲਰ ਦੀ ਰਕਮ ਉਸ ਦੇ ਕਜ਼ਨ ਵੱਲੋਂ ਜਾਰੀ ਚੈਕਸ ਰਾਹੀਂ ਦਿਤੇ ਗਏ ਜੋ ਬੋਇਲ ਦੇ ਵੱਖ ਵੱਖ ਦੋਸਤਾਂ ਦੇ ਨਾਂ ’ਤੇ ਸਨ। ਟ੍ਰਿਬਿਊਨਲ ਨੇ ਹਰਮਿੰਦਰ ਸਿੰਘ ਦੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਰਵਪ੍ਰੀਤ ਬੋਇਲ ਅਤੇ ਉਸ ਦਾ ਵਕੀਲ ਪੀਰ ਇੰਦਰ ਪਾਲ ਸਿੰਘ ਸਹੋਤਾ ਦੋਵੇਂ ਹੀ ਸਹੀ ਜਾਣਕਾਰੀ ਨਹੀਂ ਦੇ ਰਹੇ ਸਨ। ਬੋਇਲ ਨੂੰ ਆਪਣੇ ਹੀ ਬਿਆਨ ਬਦਲਣੇ ਪਏ ਜਦੋਂ ਉਹ ਕਈ ਦਾਅਵਿਆਂ ’ਤੇ ਘਿਰਦਾ ਨਜ਼ਰ ਆਇਆ। ਫੈਸਲੇ ਮੁਤਾਬਕ ਹਰਮਿੰਦਰ ਸਿੰਘ ਵੱਲੋਂ ਕੰਪਨੀ ਵਿਚ ਕੀਤੇ ਕੰਮ ਦਾ ਸਮਾਂ ਸਹੀ ਨਹੀਂ ਸੀ ਦਿਖਾਇਆ ਜਾ ਰਿਹਾ।

25 ਹਜ਼ਾਰ ਡਾਲਰ ਖਰਚ ਕੇ ਕੈਨੇਡਾ ਪੁੱਜਾ ਸੀ ਹਰਮਿੰਦਰ ਸਿੰਘ

ਬੋਇਲ ਵੱਲੋਂ ਆਪਣੇ ਦਾਅਵੇ ਦੇ ਹੱਕ ਵਿਚ ਹਾਜ਼ਰੀ ਰਜਿਸਟਰ ਪੇਸ਼ ਕੀਤਾ ਗਿਆ ਪਰ ਮਾਇਗ੍ਰੈਂਟ ਵਰਕਰਜ਼ ਸੈਂਟਰ ਦੇ ਲੀਗਲ ਡਾਇਰੈਕਟਰ ਨੇ ਦਾਅਵਾ ਕੀਤਾ ਕਿ ਰਜਿਸਟਰ ਵਿਚ ਕੀਤੇ ਦਸਤਖਤ ਹਰਮਿੰਦਰ ਸਿੰਘ ਦੇ ਨਹੀਂ। ਮਾਮਲੇ ਦੇ ਹਰ ਪਹਿਲੂ ਉਤੇ ਵਿਚਾਰ ਕਰਨ ਮਗਰੋਂ ਬੋਇਲ ਦੀ ਕੰਪਨੀ ਨੂੰ ਹਰਮਿੰਦਰ ਸਿੰਘ ਦੀ ਉਜਰਤ ਦੇ ਰੂਪ ਵਿਚ 24 ਹਜ਼ਾਰ ਡਾਲਰ ਅਦਾ ਕਰਨ ਦੇ ਹੁਕਮ ਦਿਤੇ ਗਏ ਜਦਕਿ ਓਵਰਟਾਈਮ ਦੇ 44,256 ਡਾਲਰ ਵੱਖਰੇ ਅਦਾ ਕਰਨੇ ਹੋਣਗੇ। ਇਸ ਤੋਂ ਇਲਾਵਾ ਸਰਕਾਰੀ ਛੁੱਟੀਆਂ ਦੇ ਢਾਈ ਹਜ਼ਾਰ ਡਾਲਰ ਅਤੇ ਸਾਲਾਨਾ ਛੁੱਟੀਆਂ ਦੇ 4,585 ਡਾਲਰ ਦੇਣੇ ਹੋਣਗੇ। ਨੌਕਰੀ ਦੀ ਮਿਆਦ ਦੇ ਮੁਆਵਜ਼ੇ ਵਜੋਂ 2,300 ਡਾਲਰ ਅਦਾ ਕਰਨ ਅਤੇ ਨੌਕਰੀ ਦੇ ਇਵਜ਼ ਵਿਚ ਵਸੂਲ ਕੀਤੀ ਰਕਮ ਵਜੋਂ 15 ਹਜ਼ਾਰ ਡਾਲਰ ਅਦਾ ਕਰਨ ਦੇ ਹੁਕਮ ਦਿਤੇ ਗਏ। ਇਸ ਤੋਂ ਇਲਾਵਾ 22,894 ਡਾਲਰ ਦਾ ਵਿਆਜ ਅਦਾ ਕਰਨ ਦੀ ਹਦਾਇਤ ਵੀ ਦਿਤੀ ਗਈ ਹੈ। ਹਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਸਲ ਫੈਸਲਾ 2023 ਵਿਚ ਆਇਆ ਸੀ ਪਰ ਉਸ ਵੱਲੋਂ ਮੁੜ ਪੜਤਾਲ ਦੀ ਅਪੀਲ ਪ੍ਰਵਾਨ ਹੋ ਗਈ ਅਤੇ ਮੁਆਵਜ਼ੇ ਦੀ ਰਕਮ ਇਕ ਲੱਖ 15 ਹਜ਼ਾਰ ਡਾਲਰ ਹੋ ਚੁੱਕੀ ਹੈ।

Tags:    

Similar News