Canada: ਕੈਨੇਡਾ 'ਚ ਪੰਜਾਬੀ ਮੁੰਡੇ ਦੀ ਦਰਦਨਾਕ ਮੌਤ, ਪੰਜ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਭੈਣ ਨੂੰ ਮਿਲਣ ਜਾ ਰਿਹਾ ਸੀ, ਕਾਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਹਰਵਿੰਦਰ
Punjab Man Dies In Canada: ਪੰਜਾਬ ਦੇ ਮੋਰਿੰਡਾ ਸ਼ਹਿਰ ਦੇ 31 ਸਾਲਾ ਨੌਜਵਾਨ ਹਰਵਿੰਦਰ ਸਿੰਘ ਹੈਰੀ ਦੀ ਕੈਨੇਡਾ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਹਾਈਵੇਅ 417 'ਤੇ ਵਾਪਰਿਆ। ਜਾਣਕਾਰੀ ਮੁਤਾਬਕ ਹੈਰੀ ਦੀ ਕਾਰ ਨੂੰ ਅੱਗ ਲੱਗ ਗਈ ਸੀ।
ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਹੈਰੀ ਆਪਣੀ ਭੈਣ ਕੋਲ ਜਾ ਰਿਹਾ ਸੀ ਪਰ ਰਸਤੇ ਵਿੱਚ ਅਚਾਨਕ ਉਸਦੀ ਕਾਰ ਨੂੰ ਅੱਗ ਲੱਗ ਗਈ। ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਅਤੇ ਹਰਵਿੰਦਰ ਸਿੰਘ ਹੈਰੀ ਗੰਭੀਰ ਰੂਪ ਵਿੱਚ ਝੁਲਸ ਗਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਜਾਨ ਨਹੀਂ ਬਚਾਈ ਜਾ ਸਕੀ।
ਹਰਵਿੰਦਰ ਸਿੰਘ ਹੈਰੀ ਸਟੇਟ ਬੈਂਕ ਆਫ਼ ਪਟਿਆਲਾ ਦੇ ਸੇਵਾਮੁਕਤ ਕਰਮਚਾਰੀ ਜਸਬੀਰ ਸਿੰਘ ਦਾ ਪੁੱਤਰ ਸੀ, ਜੋ ਕਿ ਸੂਦ ਕਲੋਨੀ, ਮੋਰਿੰਡਾ ਦਾ ਰਹਿਣ ਵਾਲਾ ਹੈ। ਹਰਵਿੰਦਰ ਆਪਣੇ ਬਿਹਤਰ ਭਵਿੱਖ ਲਈ ਕੈਨੇਡਾ ਗਿਆ ਸੀ। ਇਸ ਦੁਖਦਾਈ ਹਾਦਸੇ ਤੋਂ ਸਿਰਫ਼ ਪੰਜ ਮਹੀਨੇ ਪਹਿਲਾਂ, ਉਸਦਾ ਵਿਆਹ 12 ਮਾਰਚ, 2025 ਨੂੰ ਹੋਇਆ ਸੀ।