‘ਪ੍ਰਧਾਨ ਮੰਤਰੀ ਮੋਦੀ ਨੂੰ ਕਦੇ ਕੈਨੇਡਾ ਵਿਚਲੀ ਹਿੰਸਾ ਨਾਲ ਨਹੀਂ ਜੋੜਿਆ’
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੈਨੇਡੀਅਨ ਮੀਡੀਆ ਵਿਚ ਪ੍ਰਕਾਸ਼ਤ ਰਿਪੋਰਟ ਨੂੰ ਕੈਨੇਡਾ ਸਰਕਾਰ ਨੇ ਬੇਬੁਨਿਆਦ ਅਤੇ ਅੰਦਾਜ਼ਿਆਂ ’ਤੇ ਆਧਾਰਤ ਕਰਾਰ ਦਿਤਾ ਹੈ।;
ਔਟਵਾ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੈਨੇਡੀਅਨ ਮੀਡੀਆ ਵਿਚ ਪ੍ਰਕਾਸ਼ਤ ਰਿਪੋਰਟ ਨੂੰ ਕੈਨੇਡਾ ਸਰਕਾਰ ਨੇ ਬੇਬੁਨਿਆਦ ਅਤੇ ਅੰਦਾਜ਼ਿਆਂ ’ਤੇ ਆਧਾਰਤ ਕਰਾਰ ਦਿਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੌਮੀ ਸੁਰੱਖਿਆ ਸਲਾਹਕਾਰ ਨੈਟਲੀ ਜੀ ਡਰੌਇਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਕਦੇ ਵੀ ਪ੍ਰਧਾਨ ਮੰਤਰੀ ਮੋਦੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਜਾਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਕੈਨੇਡਾ ਵਿਚਲੀਆਂ ਗੰਭੀਰ ਅਪਰਾਧਕ ਸਰਗਰਮੀਆਂ ਨਾਲ ਨਹੀਂ ਜੋੜਿਆ ਗਿਆ ਅਤੇ ਨਾ ਹੀ ਕਿਸੇ ਸਬੂਤ ਬਾਰੇ ਕੋਈ ਜਾਣਕਾਰੀ ਹੈ।
ਟਰੂਡੋ ਦੀ ਕੌਮੀ ਸੁਰੱਖਿਆ ਸਲਾਹਕਾਰ ਨੇ ਦਿਤਾ ਵੱਡਾ ਬਿਆਨ
ਕੌਮੀ ਸੁਰੱਖਿਆ ਸਲਾਹਕਾਰ ਵੱਲੋਂ 14 ਅਕਤੂਬਰ ਦੇ ਘਟਨਾਕ੍ਰਮ ਦਾ ਜ਼ਿਕਰ ਵੀ ਕੀਤਾ ਗਿਆ ਹੈ ਜਦੋਂ ਆਰ.ਸੀ.ਐਮ.ਪੀ. ਨੇ ਜਨਤਕ ਤੌਰ ’ਤੇ ਦੋਸ਼ ਲਾਉਂਦਿਆਂ ਕਿਹਾ ਸੀ ਕਿ ਕੈਨੇਡਾ ਵਿਚ ਗੰਭੀਰ ਅਪਰਾਧਕ ਸਰਗਰਮੀਆਂ ਦੀ ਸਾਜ਼ਿਸ਼ ਭਾਰਤ ਸਰਕਾਰ ਦੇ ਏਜੰਟਾਂ ਵੱਲੋਂ ਘੜੀ ਗਈ। ਨੈਟਲੀ ਜੀ ਡਰੌਇਨ ਨੇ ਆਰ.ਸੀ.ਐਮ.ਪੀ. ਦੇ ਅਫਸਰਾਂ ਵੱਲੋਂ ਕੀਤੇ ਖੁਲਾਸੇ ਨੂੰ ਗੈਰਸਾਧਾਰਣ ਕਰਾਰ ਦਿਤਾ। ਇਥੇ ਦਸਣਾ ਬਣਦਾ ਹੈ ਕਿ ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਵਿਚ ਕੈਨੇਡੀਅਨ ਸੁਰੱਖਿਆ ਏਜੰਸੀਆਂ ਦੇ ਇਕ ਸੀਨੀਅਰ ਅਫਸਰ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜ਼ਿਸ਼ ਅਤੇ ਹੋਰਨਾਂ ਹਿੰਸਕ ਸਰਗਰਮੀਆਂ ਦੀ ਯੋਜਨਾ ਬਾਰੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਤਾ ਸੀ। ਇਹ ਵੱਡਾ ਦਾਅਵਾ ਇਕ ਸੀਨੀਅਰ ਅਫਸਰ ਦੇ ਹਵਾਲੇ ਨਾਲ ਕੀਤਾ ਗਿਆ ਹੈ ਜੋ ਕੈਨੇਡਾ ਵਿਚ ਭਾਰਤੀ ਦਖਲ ਬਾਰੇ ਖੁਫੀਆ ਜਾਣਕਾਰੀ ਦੇ ਮੁਲਾਂਕਣ ਦੌਰਾਨ ਅਹਿਮ ਅਹੁਦੇ ’ਤੇ ਰਿਹਾ। ਰਿਪੋਰਟ ਮੁਤਾਬਕ ਸੁਰੱਖਿਆ ਏਜੰਸੀਆਂ ਦੇ ਅਫਸਰ ਨੇ ਦੱਸਿਆ ਕਿ ਕੈਨੇਡਾ ਅਤੇ ਅਮਰੀਕਾ ਦੀ ਇੰਟੈਲੀਜੈਂਸ ਵੱਲੋਂ ਕਤਲ ਦੀਆਂ ਸਾਜ਼ਿਸ਼ਾਂ ਨੂੰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਪ੍ਰਧਾਨ ਮੰਤਰੀ ਮੋਦੀ ਦੇ ਭਰੋਸੇਮੰਦ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਜੋੜਿਆ ਗਿਆ।
ਮੀਡੀਆ ਰਿਪੋਰਟ ਵਿਚਲੇ ਤੱਥਾਂ ਨੂੰ ਬੇਬੁਨਿਆਦ ਕਰਾਰ ਦਿਤਾ
ਭਾਵੇਂ ਕੈਨੇਡਾ ਕੋਲ ਇਸ ਗੱਲ ਦਾ ਕੋਈ ਸਿੱਧਾ ਸਬੂਤ ਮੌਜੂਦ ਨਹੀਂ ਕਿ ਪ੍ਰਧਾਨ ਮੰਤਰੀ ਮੋਦੀ, ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜ਼ਿਸ਼ ਬਾਰੇ ਜਾਣਦੇ ਸਨ ਪਰ ਇਹ ਗੱਲ ਸੋਚਣੀ ਵੀ ਮੁਸ਼ਕਲ ਹੈ ਕਿ ਅਮਿਤ ਸ਼ਾਹ, ਅਜੀਤ ਡੋਵਾਲ ਅਤੇ ਐਸ. ਜੈਸ਼ੰਕਰ ਵੱਲੋਂ ਕਥਿਤ ਟਾਰਗੈਟਡ ਕਿÇਲੰਗਜ਼ ਬਾਰੇ ਪ੍ਰਧਾਨ ਮੰਤਰੀ ਮੋਦੀ ਨਾਲ ਕੋਈ ਵਿਚਾਰ ਵਟਾਂਦਰਾ ਨਾ ਕੀਤਾ ਹੋਵੇ। ਇਸੇ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡੀਅਨ ਮੀਡੀਆ ਰਿਪੋਰਟ ਨੂੰ ਬੇਤੁਕੀ ਕਰਾਰ ਦਿੰਦਿਆਂ ਰੱਦ ਕਰ ਦਿਤਾ।