ਜਤਿੰਦਰ ‘ਮਾਈਕਲ’ ਸੰਧੂ ਦੇ ਕਾਤਲਾਂ ਨੂੰ ਫੜਨ ਲਈ ਪੁਲਿਸ ਨੇ ਮੰਗੀ ਲੋਕਾਂ ਤੋਂ ਮਦਦ
ਜਤਿੰਦਰ ਮਾਈਕਲ ਸੰਧੂ ਦੇ ਸਰੀ ਵਿਖੇ ਕਤਲ ਤੋਂ ਅੱਠ ਸਾਲ ਬਾਅਦ ਵੀ ਉਸ ਦੇ ਕਾਤਲਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਅਤੇ ਆਈ ਹਿਟ ਵੱਲੋਂ ਗੁੱਥੀ ਸੁਲਝਾਉਣ ਲਈ ਲੋਕਾਂ ਤੋਂ ਮਦਦ ਮੰਗੀ ਗਈ ਹੈ।;
ਸਰੀ : ਜਤਿੰਦਰ ਮਾਈਕਲ ਸੰਧੂ ਦੇ ਸਰੀ ਵਿਖੇ ਕਤਲ ਤੋਂ ਅੱਠ ਸਾਲ ਬਾਅਦ ਵੀ ਉਸ ਦੇ ਕਾਤਲਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਅਤੇ ਆਈ ਹਿਟ ਵੱਲੋਂ ਗੁੱਥੀ ਸੁਲਝਾਉਣ ਲਈ ਲੋਕਾਂ ਤੋਂ ਮਦਦ ਮੰਗੀ ਗਈ ਹੈ। ਹੁਣ ਤੱਕ ਕੀਤੀ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਵਾਰਦਾਤ ਗਿਰੋਹਾਂ ਵਿਚਾਲੇ ਟਕਰਾਅ ਦਾ ਨਤੀਜਾ ਸੀ ਪਰ ਗੋਲੀਬਾਰੀ ਦਾ ਸ਼ਿਕਾਰ ਬਣੇ ਦੋ ਨੌਜਵਾਨ ਅਸਲ ਨਿਸ਼ਾਨਾ ਨਹੀਂ ਸਨ। ਇਥੇ ਦਸਣਾ ਬਣਦਾ ਹੈ ਕਿ 23 ਜੁਲਾਈ 2016 ਨੂੰ ਸਰੀ ਦੇ 90 ਏ ਐਵੇਨਿਊ ਦੇ 14,300 ਬਲਾਕ ਵਿਖੇ ਗੋਲੀਬਾਰੀ ਦੌਰਾਨ ਦੋ ਜਣੇ ਗੰਭੀਰ ਜ਼ਖਮੀ ਹੋ ਗਏ ਸਨ ਜਿਨ੍ਹਾਂ ਵਿਚੋਂ ਜਤਿੰਦਰ ਮਾਈਕਲ ਸੰਧੂ ਵੀ ਸ਼ਾਮਲ ਸਨ।
ਜੁਲਾਈ 2016 ਵਿਚ ਸਰੀ ਵਿਖੇ ਕੀਤੀ ਗਈ ਸੀ ਹੱਤਿਆ
ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ 28 ਸਾਲ ਦੇ ਜਤਿੰਦਰ ਸੰਧੂ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਅੱਠਵੀਂ ਬਰਸੀ ਮੌਕੇ ਆਈ ਹਿਟ ਵੱਲੋਂ ਜਤਿੰਦਰ ਸੰਧੂ ਕਤਲ ਮਾਮਲੇ ਨੂੰ ਅਣਸੁਲਝਿਆ ਕਰਾਰ ਦਿੰਦਿਆਂ ਮੁੜ ਲੋਕਾਂ ਨੂੰ ਅੱਗੇ ਆਉਣ ਦੀ ਗੁਜ਼ਾਰਿਸ਼ ਕੀਤੀ ਗਈ ਹੈ। ਜਤਿੰਦਰ ਸੰਧੂ ਦਾ ਪਰਵਾਰ ਵੀ ਅੱਜ ਤੱਕ ਉਸ ਨੂੰ ਭੁਲਾ ਨਹੀਂ ਸਕਿਆ ਅਤੇ ਅੱਜ ਵੀ ਦਿਲਾਂ ਵਿਚ ਯਾਦਾਂ ਤਾਜ਼ਾ ਹਨ। ਉਹ ਆਪਣੇ ਤਿੰਨ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡਾ ਸੀ। ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਟਾਫ ਸਾਰਜੈਂਟ ਡੇਵਿਡ ਲੀ ਨੇ ਕਿਹਾ ਕਿ ਬਿਨਾਂ ਸ਼ੱਕ ਕੁਝ ਲੋਕਾਂ ਕੋਲ ਇਸ ਕਤਲਕਾਂਡ ਬਾਰੇ ਅਹਿਮ ਜਾਣਕਾਰੀ ਮੌਜੂਦ ਹੈ ਅਤੇ ਉਹ ਗੁੱਥੀ ਸੁਲਝਾਉਣ ਵਿਚ ਮਦਦ ਕਰ ਸਕਦੇ ਹਨ।
ਗਿਰੋਹਾਂ ਵਿਚਾਲੇ ਟਕਰਾਅ ਦੇ ਸਿੱਟੇ ਵਜੋਂ ਗਲਤ ਨਿਸ਼ਾਨਾ ਬਣੇ 2 ਨੌਜਵਾਨ
ਇਸ ਤਰੀਕੇ ਨਾਲ ਜਤਿੰਦਰ ਸੰਧੂ ਦੇ ਪਰਵਾਰ ਨੂੰ ਤਸੱਲੀ ਜ਼ਰੂਰ ਮਿਲੇਗੀ। ਡੇਵਿਡ ਲੀ ਨੇ ਅੱਗੇ ਕਿਹਾ ਕਿ ਸਮਾਂ ਲੰਘਦਾ ਜਾ ਰਿਹਾ ਹੈ, ਹਾਲਾਤ ਬਦਲ ਚੁੱਕੇ ਹਨ ਅਤੇ ਹੁਣ ਕਿਸੇ ਨਾ ਕਿਸੇ ਨੂੰ ਅੱਗੇ ਜ਼ਰੂਰ ਆਉਣਾ ਚਾਹੀਦਾ ਹੈ। ਆਈ ਹਿਟ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਜਾਣਕਾਰੀ ਹੋਵੇ ਤਾਂ 1877 551 ਆਈ ਹਿਟ 4448 ਨਾਲ ਸੰਪਰਕ ਕਰੇ।