ਕੈਨੇਡਾ ’ਚ ਪੰਜਾਬੀ ਦੀ ਰਿਹਾਈ ਤੋਂ ਲੋਕਾਂ ਵਿਚ ਸਹਿਮ
ਕੈਨੇਡਾ ਵਿਚ ਜਬਰ-ਜਨਾਹ ਦੇ ਦੋਸ਼ੀ ਗੈਰੀ ਸਿੰਘ ਨੂੰ ਮੁਕੰਮਲ ਪੈਰੋਲ ਮਿਲਣ ’ਤੇ ਪੀੜਤ ਪਰਵਾਰਾਂ ਵਿਚ ਸਹਿਮ ਦਾ ਮਾਹੌਲ ਹੈ।;
ਸਰੀ : ਕੈਨੇਡਾ ਵਿਚ ਜਬਰ-ਜਨਾਹ ਦੇ ਦੋਸ਼ੀ ਗੈਰੀ ਸਿੰਘ ਨੂੰ ਮੁਕੰਮਲ ਪੈਰੋਲ ਮਿਲਣ ’ਤੇ ਪੀੜਤ ਪਰਵਾਰਾਂ ਵਿਚ ਸਹਿਮ ਦਾ ਮਾਹੌਲ ਹੈ। ਜਨਵਰੀ 1988 ਤੋਂ ਅਗਸਤ 1991 ਦਰਮਿਆਨ 11 ਔਰਤਾਂ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਗੈਰੀ ਸਿੰਘ ਨੂੰ 1994 ਵਿਚ ਖਤਰਨਾਕ ਮੁਜਰਮ ਕਰਾਰ ਦਿੰਦਿਆਂ ਅਣਮਿੱਥੇ ਸਮੇਂ ਦੀ ਸਜ਼ਾ ਸੁਣਾਈ ਗਈ ਪਰ ਚਾਰ ਸਾਲ ਪਹਿਲਾਂ ਦਿਨ ਵੇਲੇ ਦੀ ਪੈਰੋਲ ਦੇ ਦਿਤੀ ਗਈ ਅਤੇ ਹੁਣ ਮੁਕੰਮਲ ਪੈਰੋਲ ਤੋਂ ਪਹਿਲਾਂ ਕੋਈ ਅਗਾਊਂ ਸੂਚਨਾ ਨਾ ਦਿਤੇ ਜਾਣ ਕਰ ਕੇ ਵਿਵਾਦ ਪੈਦਾ ਹੋ ਗਿਆ ਹੈ। ਗੈਰੀ ਸਿੰਘ ਇਸ ਵੇਲੇ 68 ਸਾਲ ਦਾ ਹੋ ਗਿਆ ਹੈ ਅਤੇ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜੇਲ ਵਿਚ ਰਹਿੰਦਿਆਂ ਉਸ ਨੇ ਮਾਨਸਿਕ ਸਿਹਤ ਵਿਚ ਸੁਧਾਰ ਨਾਲ ਸਬੰਧਤ ਕਈ ਪ੍ਰੋਗਰਾਮਾਂ ਵਿਚ ਹਿੱਸਾ ਲਿਆ। ਦਿਨ ਵੇਲੇ ਦੀ ਪੈਰੋਲ ਮਿਲਣ ਮਗਰੋਂ ਉਸ ’ਤੇ ਨਿਗਰਾਨੀ ਰੱਖੀ ਗਈ ਅਤੇ ਪੈਰੋਲ ਬੋਰਡ ਦਾ ਕਹਿਣਾ ਹੈ ਕਿ ਚਿੰਤਾਵਾਂ ਪੈਦਾ ਕਰਨ ਵਾਲੀ ਕੋਈ ਹਰਕਤ ਨਜ਼ਰ ਨਹੀਂ ਆਈ। ਦੂਜੇ ਪਾਸੇ ਗੈਰੀ ਸਿੰਘ ਵੱਲੋਂ ਮੁੜ ਬਲਾਤਕਾਰ ਵਰਗਾ ਅਪਰਾਧ ਕਰਨ ਦੇ ਖਤਰੇ ਦਾ ਮਾਨਸਿਕ ਮੁਲਾਂਕਣ ਆਖਰੀ ਵਾਰ 2019 ਵਿਚ ਕੀਤਾ ਗਿਆ ਅਤੇ ਉਸ ਵੇਲੇ ਮੁੜ ਅਪਰਾਧ ਕਰਨ ਦਾ ਖਤਰਾ ਮਹਿਸੂਸ ਹੋਇਆ।
11 ਔਰਤਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ
ਇਸੇ ਦੌਰਾਨ ਪੀੜਤ ਪਰਵਾਰਾਂ ਦੇ ਕੁਝ ਮੈਂਬਰਾਂ ਨੇ ‘ਗਲੋਬਲ ਨਿਊਜ਼’ ਨਾਲ ਗੱਲਬਾਤ ਕਰਦਿਆਂ ਸ਼ਿਕਾਇਤ ਕੀਤੀ ਕਿ ਐਨੇ ਖਤਰਨਾਕ ਅਪਰਾਧੀ ਦੀ ਰਿਹਾਈ ਬਾਰੇ ਅਗਾਊਂ ਤੌਰ ’ਤੇ ਜਾਣਕਾਰੀ ਦੇਣੀ ਬਣਦੀ ਸੀ। ਕੰਜ਼ਰਵੇਟਿਵ ਪਾਰਟੀ ਦੀ ਐਮ.ਐਲ.ਏ. ਐਲਾਨੋਰ ਸਟਰਕੋ ਜੋ ਗੈਰੀ ਸਿੰਘ ਨੂੰ ਦਿਨ ਵੇਲੇ ਦੀ ਪੈਰੋਲ ਮਿਲਣ ਵੇਲੇ ਸਰੀ ਆਰ.ਸੀ.ਐਮ.ਪੀ. ਦੀ ਤਰਜਮਾਨ ਹੁੰਦੀ ਸੀ, ਨੇ ਕਿਹਾ ਕਿ ਬਿਨਾ ਸ਼ੱਕ ਲੋਕਾਂ ਅੰਦਰ ਕੁਝ ਡਰ ਪੈਦਾ ਹੋਣਾ ਲਾਜ਼ਮੀ ਹੈ। ਲੋਕ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਕਮਿਊਨਿਟੀ ਨੂੰ ਬਲਾਤਕਾਰ ਦੇ ਦੋਸ਼ੀ ਬਾਰੇ ਪੂਰੀ ਜਾਣਕਾਰੀ ਹੋਵੇ। ਇਥੇ ਦਸਣਾ ਬਣਦਾ ਹੈ ਕਿ ਗੈਰੀ ਸਿੰਘ ਨੂੰ ਕਈ ਸ਼ਰਤਾਂ ਦੇ ਆਧਾਰ ’ਤੇ ਮੁਕੰਮਲ ਪੈਰੋਲ ਦਿਤੀ ਗਈ ਹੈ ਜਿਨ੍ਹਾਂ ਵਿਚ ਪੀੜਤਾਂ ਜਾਂ ਉਨ੍ਹਾਂ ਦੇ ਪਰਵਾਰਾਂ ਨਾਲ ਕੋਈ ਸੰਪਰਕ ਨਾ ਕਰਨਾ, ਸ਼ਰਾਬ ਤੋਂ ਦੂਰ ਰਹਿਣਾ ਅਤੇ ਹਰ ਰਿਸ਼ਤੇ ਜਾਂ ਦੋਸਤੀ ਬਾਰੇ ਜਾਣਕਾਰੀ ਮੁਹੱਈਆ ਕਰਵਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਗੈਰੀ ਸਿੰਘ ਨੂੰ ਵੈਨਕੂਵਰ ਆਇਲੈਂਡ, ਗਲਫ ਆਇਲੈਂਡ ਅਤੇ ਸਨਸ਼ਾਈਨ ਕੋਸਟ ਜਾਣ ’ਤੇ ਸਖ਼ਤੀ ਨਾਲ ਵਰਜਿਆ ਗਿਆ ਹੈ। ਗੈਰੀ ਸਿੰਘ ਨੂੰ ਜੂਨ 1994 ਵਿਚ ਹਥਿਆਰ ਦੀ ਨੋਕ ’ਤੇ ਸੈਕਸ਼ੁਅਲ ਅਸਾਲਟ ਦੇ ਚਾਰ, ਸੈਕਸ਼ੁਅਲ ਅਸਾਲਟ ਦੇ ਸੱਤ ਅਤੇ ਬਰੇਂਕ ਐਂਡ ਐਂਡ ਦੇ ਅੱਠ ਦੋਸ਼ਾਂ ਅਧੀਨ ਕਸੂਰਵਾਰ ਠਹਿਰਾਇਆ ਗਿਆ। ਪੀੜਤਾਂ ਵੱਲੋਂ ਦਰਜ ਬਿਆਨਾਂ ਵਿਚ ਉਨ੍ਹਾਂ ਨੇ ਕਦੇ ਨਾ ਖ਼ਤਮ ਹੋਣ ਵਾਲੇ ਖੌਫ ਅਤੇ ਮਾਨਸਿਕ ਸਿਹਤ ਵਿਚ ਵਿਗਾੜ ਦਾ ਜ਼ਿਕਰ ਕੀਤਾ। ਗੈਰੀ ਸਿੰਘ ਨੂੰ ਪਹਿਲੀ ਵਾਰ 2006 ਵਿਚ ਦਿਨ ਵੇਲੇ ਦੀ ਪੈਰੋਲ ਦਿਤੀ ਗਈ ਪਰ ਜਨਵਰੀ 2008 ਵਿਚ ਰੱਦ ਕਰ ਦਿਤੀ ਗਈ ਜਦੋਂ ਉਸ ਨੂੰ ਇਕ ਦਾਗੀ ਔਰਤ ਦੀ ਕੰਪਨੀ ਵਿਚ ਦੇਖਿਆ ਗਿਆ। ਗੈਰੀ ਸਿੰਘ ਨੂੰ ਮੁਕੰਮਲ ਪੈਰੋਲ ਬਾਰੇ ਤਾਜ਼ਾ ਫੈਸਲੇ ਵਿਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਉਸ ਨੂੰ ਰਿਹਾਈ ਕਦੋਂ ਦਿਤੀ ਜਾਵੇਗੀ ਜਦਕਿ ਕਮਿਊਨਿਟੀ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦਾ ਮਾਨਸਿਕ ਟੈਸਟ ਮੁੜ ਕਰਵਾਇਆ ਜਾਵੇ ਤਾਂਕਿ ਸੰਭਾਵਤ ਖਤਰੇ ਬਾਰੇ ਅਗਾਊਂ ਤੌਰ ’ਤੇ ਪਤਾ ਲੱਗ ਸਕੇ।