ਬਰੈਂਪਟਨ ਵਿਖੇ ਸਾਊਥ ਏਸ਼ੀਅਨ ਨੌਜਵਾਨ ਦੀ ਭਾਲ ਕਰ ਰਹੀ ਪੀਲ ਪੁਲਿਸ
ਬਰੈਂਪਟਨ ਵਿਖੇ ਸੈਕਸ਼ੁਅਲ ਅਸਾਲਟ ਦੇ ਤਿੰਨ ਮਾਮਲਿਆਂ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ 20-25 ਸਾਲ ਦੇ ਸਾਊਥ ਏਸ਼ੀਅਨ ਦੀ ਭਾਲ ਕਰ ਰਹੀ ਹੈ।;
ਬਰੈਂਪਟਨ : ਬਰੈਂਪਟਨ ਵਿਖੇ ਸੈਕਸ਼ੁਅਲ ਅਸਾਲਟ ਦੇ ਤਿੰਨ ਮਾਮਲਿਆਂ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ 20-25 ਸਾਲ ਦੇ ਸਾਊਥ ਏਸ਼ੀਅਨ ਦੀ ਭਾਲ ਕਰ ਰਹੀ ਹੈ। ਕਾਂਸਟੇਬਲ ਰਿਚਰਡ ਚਿਨ ਨੇ ਦੱਸਿਆ ਕਿ ਤਿੰਨੋ ਮਾਮਲੇ ਬਰੈਂਪਟਨ ਦੇ ਨੌਰਥ ਈਸਟ ਇਲਾਕੇ ਵਿਚ ਸਾਹਮਣੇ ਆਏ ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸਾਰੇ ਮਾਮਲਿਆਂ ਵਿਚ ਇਕੋ ਸ਼ੱਕੀ ਸ਼ਾਮਲ ਰਿਹਾ। ਪੁਲਿਸ ਮੁਤਾਬਕ 16 ਨਵੰਬਰ ਨੂੰ ਸਵੇਰੇ ਤਕਰੀਬਨ ਪੌਣੇ ਸੱਤ ਵਜੇ 21 ਸਾਲ ਦੀ ਇਕ ਕੁੜੀ ਏਅਰਪੋਰਟ ਰੋਡ ਅਤੇ ਹੰਬਰਵੈਸਟ ਪਾਰਕਵੇਅ ਦੇ ਬੱਸ ਸਟੌਪ ’ਤੇ ਖੜ੍ਹੀ ਸੀ ਜਦੋਂ ਇਕ ਅਣਪਛਾਤਾ ਸ਼ਖਸ ਆਇਆ ਅਤੇ ਮੰਜ਼ਿਲ ਤੱਕ ਪਹੁੰਚਾਉਣ ਦੀ ਪੇਸ਼ਕਸ਼ ਕੀਤੀ।
ਸੈਕਸ਼ੁਅਲ ਅਸਾਲਟ ਦੇ ਤਿੰਨ ਮਾਮਲਿਆਂ ਵਿਚ ਸ਼ਮੂਲੀਅਤ ਦਾ ਸ਼ੱਕ
ਕੁੜੀ ਨੇ ਪੇਸ਼ਕਸ਼ ਪ੍ਰਵਾਨ ਕਰ ਲਈ ਪਰ ਸ਼ੱਕੀ ਉਸ ਨੂੰ ਬਰੈਂਪਟਨ ਦੇ ਕੰਟਰੀ ਸਾਈਡ ਡਰਾਈਵ ਅਤੇ ਏਅਰਪੋਰਟ ਰੋਡ ਇਲਾਕੇ ਵੱਲ ਲੈ ਗਿਆ ਅਤੇ ਕਥਿਤ ਤੌਰ ’ਤੇ ਸ਼ੈਕਸ਼ੁਅਲੀ ਅਸਾਲਟ ਕੀਤਾ। ਸ਼ੱਕੀ ਕੋਲ ਗੂੜ੍ਹੇ ਰੰਗ ਦੀ ਸੇਡਾਨ ਸੀ ਅਤੇ ਉਸ ਦੇ ਕਾਲੇ ਛੋਟੇ ਵਾਲ ਤੇ ਕਾਲੀ ਛੋਟੀ ਦਾੜ੍ਹੀ ਦੱਸੀ ਜਾ ਰਹੀ ਹੈ। ਸ਼ੱਕੀ ਦਾ ਸਰੀਰ ਦਰਮਿਆਨੇ ਤੋਂ ਤਕੜਾ ਦੱਸਿਆ ਜਾ ਰਿਹਾ ਹੈ। ਜਾਂਚਕਰਤਾਵਾਂ ਵੱਲੋਂ ਸਬੰਧਤ ਇਲਾਕੇ ਵਿਚ 16 ਨਵੰਬਰ ਨੂੰ ਸਵੇਰੇ 6.40 ਤੋਂ 8.30 ਤੱਕ ਦੀ ਡੈਸ਼ਕੈਮ ਵੀਡੀਓ ਮੰਗੀ ਗਈ ਹੈ। ਕਾਂਸਟੇਬਲ ਰਿਚਰਡ ਚਿਨ ਮੁਤਾਬਕ 8 ਨਵੰਬਰ ਨੂੰ ਵਾਪਰੀ ਵਾਰਦਾਤ ਵੀ ਸੰਭਾਵਤ ਤੌਰ ’ਤੇ ਇਸੇ ਸ਼ੱਕੀ ਨੇ ਅੰਜਾਮ ਦਿਤੀ ਅਤੇ ਪੀੜਤ ਦੀ ਉਮਰ ਸਿਰਫ 18 ਸਾਲ ਸੀ। ਬਿਲਕੁਲ ਇਸੇ ਕਿਸਮ ਦੀ ਵਾਰਦਾਤ ਯਾਰਕ ਰੀਜਨ ਦੇ ਵੌਅਨ ਇਲਾਕੇ ਵਿਚ ਵੀ ਸਾਹਮਣੇ ਆਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਸਪੈਸ਼ਲ ਵਿਕਟਿਮਜ਼ ਯੂਨਿਟ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 3460 ’ਤੇ ਸੰਪਰਕ ਕੀਤਾ ਜਾਵੇ।