ਸਾਊਥ ਏਸ਼ੀਅਨ ਭਾਈਚਾਰੇ ਨੂੰ ਬਿਹਤਰ ਸੇਵਾਵਾਂ ਲਈ ਤਤਪਰ ਪੀਲ ਪੁਲਿਸ, ਨਵੀਂ ਰਣਨੀਤੀ ਦਾ ਕੀਤਾ ਐਲਾਨ
ਪੀਲ ਰੀਜਨ ਵਿਚ ਸਾਊਥ ਏਸ਼ੀਅਨ ਭਾਈਚਾਰੇ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਯਤਨ ਤਹਿਤ ਪੀਲ ਰੀਜਨਲ ਪੁਲਿਸ ਵੱਲੋਂ ਨਵੀਂ ਰਣਨੀਤੀ ਦਾ ਐਲਾਨ ਕੀਤਾ ਗਿਆ ਹੈ। ਪੁਲਿਸ ਮੁਖੀ ਨਿਸ਼ਾਨ ਦੁਰਈਅੱਪਾ ਨੇ ਕਿਹਾ ਕਿ ਸਾਊਥ ਏਸ਼ੀਅਨ ਕਮਿਊਨਿਟੀ ਐਂਗੇਜਮੈਂਟ ਦਾ ਉਪਰਾਲਾ ਅਗਾਂਹਵਧੂ, ਸਮੁੱਚਤਾ ’ਤੇ ਆਧਾਰਤ ਅਤੇ ਖੋਜ ਮੁਖੀ ਪੁਲਿਸ ਸੇਵਾ ਦਾ ਰਾਹ ਪੱਧਰਾ ਕਰਦਾ ਹੈ।
ਬਰੈਂਪਟਨ : ਪੀਲ ਰੀਜਨ ਵਿਚ ਸਾਊਥ ਏਸ਼ੀਅਨ ਭਾਈਚਾਰੇ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਯਤਨ ਤਹਿਤ ਪੀਲ ਰੀਜਨਲ ਪੁਲਿਸ ਵੱਲੋਂ ਨਵੀਂ ਰਣਨੀਤੀ ਦਾ ਐਲਾਨ ਕੀਤਾ ਗਿਆ ਹੈ। ਪੁਲਿਸ ਮੁਖੀ ਨਿਸ਼ਾਨ ਦੁਰਈਅੱਪਾ ਨੇ ਕਿਹਾ ਕਿ ਸਾਊਥ ਏਸ਼ੀਅਨ ਕਮਿਊਨਿਟੀ ਐਂਗੇਜਮੈਂਟ ਦਾ ਉਪਰਾਲਾ ਅਗਾਂਹਵਧੂ, ਸਮੁੱਚਤਾ ’ਤੇ ਆਧਾਰਤ ਅਤੇ ਖੋਜ ਮੁਖੀ ਪੁਲਿਸ ਸੇਵਾ ਦਾ ਰਾਹ ਪੱਧਰਾ ਕਰਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਵੰਨ ਸੁਵੰਨੇ ਸਭਿਆਚਾਰ ਵਾਲੇ ਸਾਡੇ ਸਮਾਜ ਵਿਚ ਲੋਕਾਂ ਦੀ ਸੁਰੱਖਿਆ ਅਤੇ ਬਿਹਤਰੀ ਮੁੱਖ ਤਰਜੀਹ ਹੈ ਜਦਕਿ ਭਾਈਚਾਰੇ ਦੇ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਉਠਾਏ ਜਾਣ ਵਾਲੇ ਕਦਮ ਬੇਹੱਦ ਲਾਜ਼ਮੀ ਹੋ ਜਾਂਦੇ ਹਨ। ਇਥੇ ਦਸਣਾ ਬਣਦਾ ਹੈ ਕਿ ਬਰੈਂਪਟਨ ਅਤੇ ਮਿਸੀਸਾਗਾ ਦੀ ਕੁਲ ਵਸੋਂ ਵਿਚੋਂ 40 ਫੀ ਸਦੀ ਆਪਣੇ ਆਪ ਨੂੰ ਸਾਊਥ ਏਸ਼ੀਅਨ ਮੂਲ ਦਾ ਦਸਦੇ ਹਨ। ਬੁਨਿਆਦੀ ਤੌਰ ’ਤੇ ਸਾਊਥ ਏਸ਼ੀਅਨ ਕਮਿਊਨਿਟੀ ਐਂਗੇਜਮੈਂਟ ਦੀ ਸ਼ੁਰੂਆਤ ਕਰਦਿਆਂ 2023 ਵਿਚ 120 ਵੱਖ ਵੱਖ ਜਥੇਬੰਦੀਆਂ ਨਾਲ ਲੰਮੇ ਵਿਚਾਰ ਵਟਾਂਦਰੇ ਦਾ ਸਿਲਸਿਲਾ ਆਰੰਭ ਕੀਤਾ ਗਿਆ।
ਲੰਮੀ ਪ੍ਰਕਿਰਿਆ ਵਿਚੋਂ ਲੰਘਦਿਆਂ ਬੁੱਧਵਾਰ ਨੂੰ ਸਾਊਥ ਏਸ਼ੀਅਨ ਕਮਿਊਨਿਟੀ ਐਂਗੇਜਮੈਂਟ ਸੰਮੇਲਨ ਕਰਵਾਇਆ ਗਿਆ ਜਿਸ ਵਿਚ ਭਾਈਚਾਰੇ ਦੇ ਮੈਂਬਰ, ਚੁਣੇ ਹੋਏ ਨੁਮਾਇੰਦੇ ਅਤੇ ਕੈਨੇਡਾ ਦੇ ਵੱਡੇ ਪੁਲਿਸ ਮਹਿਕਮਿਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਪੀਲ ਪੁਲਿਸ ਦੀ ਨਵੀਂ ਰਣਨੀਤੀ ਕਰੌਸ ਫੰਕਸ਼ਨਲ ਸਪੋਰਟ ਟੀਮ ’ਤੇ ਆਧਾਰਤ ਹੈ ਜਦਕਿ ਕਮਿਊਨਿਟੀ ਅੰਬੈਸਡਰ ਪ੍ਰੋਗਰਾਮ ਰਾਹੀਂ ਸੇਵਾਵਾਂ ਦਾ ਮਿਆਰ ਬਿਹਤਰ ਬਣਾਉਣ ’ਤੇ ਜ਼ੋਰ ਦਿਤਾ ਗਿਆ ਹੈ। ਸਿਰਫ ਐਨਾ ਹੀ ਨਹੀਂ, ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਅੱਗੇ ਵਧਣਾ ਪੀਲ ਰੀਜਨਲ ਪੁਲਿਸ ਦਾ ਮੁੱਖ ਮਕਸਦ ਰਹੇਗਾ। ਸੰਮੇਲਨ ਦੌਰਾਨ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵੱਡੇ ਇਕੱਠ ਵਿਚ ਸ਼ਾਮਲ ਹੁੰਦਿਆਂ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ।