ਉਨਟਾਰੀਓ ਦੇ ਡੇਢ ਕਰੋੜ ਲੋਕਾਂ ਨੂੰ 200-200 ਡਾਲਰ ਦਾ ਰਾਹ ਪੱਧਰਾ
ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਸੂਬੇ ਦੇ ਲੋਕਾਂ ਨੂੰ 200-200 ਡਾਲਰ ਦੇ ਚੈਕ ਭੇਜਣ ਬਾਰੇ ਯੋਜਨਾ ਦਾ ਵਿਸਤਾਰਤ ਖੁਲਾਸਾ ਮੰਗਲਵਾਰ ਨੂੰ ਕਰ ਦਿਤਾ ਗਿਆ।;
ਟੋਰਾਂਟੋ : ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਸੂਬੇ ਦੇ ਲੋਕਾਂ ਨੂੰ 200-200 ਡਾਲਰ ਦੇ ਚੈਕ ਭੇਜਣ ਬਾਰੇ ਯੋਜਨਾ ਦਾ ਵਿਸਤਾਰਤ ਖੁਲਾਸਾ ਮੰਗਲਵਾਰ ਨੂੰ ਕਰ ਦਿਤਾ ਗਿਆ। ਬੱਚਿਆਂ ਤੋਂ ਲੈ ਕੇ ਵਡੇਰੀ ਉਮਰ ਤੱਕ ਦੇ ਹਰ ਵਸਨੀਕ ਨੂੰ ਇਹ ਰਕਮ ਮਿਲੇਗੀ ਜੋ ਸੂਬੇ ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਵੱਲ ਸੰਕੇਤ ਦੇ ਰਹੀ ਹੈ। ਦੂਜੇ ਪਾਸੇ ਵਿਰੋਧੀ ਧਿਰ ਵੱਲੋਂ ਇਸ ਰਕਮ ਨੂੰ ਸਰਾਸਰ ਰਿਸ਼ਵਤਖੋਰੀ ਕਰਾਰ ਦਿਤਾ ਗਿਆ ਹੈ। ਸਕਾਰਬ੍ਰੋਅ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰੀਮੀਅਰ ਡਗ ਫੋਰਡ ਅਤੇ ਵਿੱਤ ਮੰਤਰੀ ਪੀਟਰ ਬੈਥਲੈਨਫੌਲਵੀ ਨੇ ਕਿਹਾ ਕਿ ਲੋਕਾਂ ਨੂੰ ਰਹਿਣ-ਸਹਿਣ ਦੇ ਅਸਮਾਨ ਛੂੰਹਦੇ ਖਰਚੇ ਤੋਂ ਨਿਜਾਤ ਦਿਵਾਉਣ ਲਈ ਇਹ ਰਿਆਇਤ ਲਾਜ਼ਮੀ ਹੋ ਗਈ ਸੀ। ਉਨਟਾਰੀਓ ਦੇ ਕੋਨੇ ਕੋਨੇ ਵਿਚ ਵਸਦੇ ਲੋਕ ਰੋਜ਼ਾਨਾ ਖਰਚੇ ਚਲਾਉਣ ਵਿਚ ਆ ਰਹੀਆਂ ਦਿੱਕਤਾਂ ਦਾ ਜ਼ਿਕਰ ਕਰ ਰਹੇ ਹਨ ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਰਾਹਤ ਦੇਣ ਦਾ ਫੈਸਲਾ ਲਿਆ ਗਿਆ।
ਪ੍ਰੀਮੀਅਰ ਡਗ ਫੋਰਡ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ ਐਲਾਨ
ਵਿੱਤ ਮੰਤਰਾਲੇ ਦਾ ਮੰਨਣਾ ਹੈ ਕਿ ਅਗਲੇ ਸਾਲ ਦੇ ਆਰੰਭ ਵਿਚ ਚਾਰ ਜੀਆਂ ਵਾਲੇ ਇਕ ਪਰਵਾਰ ਨੂੰ 800 ਡਾਲਰ ਤੱਕ ਦੀ ਰਕਮ ਮਿਲ ਸਕਦੀ ਹੈ ਅਤੇ ਸਰਕਾਰੀ ਖਜ਼ਾਨੇ ’ਤੇ 3 ਅਰਬ ਡਾਲਰ ਦਾ ਬੋਝ ਪਵੇਗਾ। ਉਨਟਾਰੀਓ ਦੀ ਵਸੋਂ ਡੇਢ ਕਰੋੜ ਦੇ ਨੇੜੇ ਬਣਦੀ ਹੈ ਅਤੇ ਇਸ ਹਿਸਾਬ ਨਾਲ ਸੂਬੇ ਦੇ ਹਰ ਵਸਨੀਕ ਨੂੰ 200 ਡਾਲਰ ਦੀ ਰਕਮ ਮਿਲੇਗੀ। ਪੱਤਰਕਾਰਾਂ ਵੱਲੋਂ 200-200 ਡਾਲਰ ਦੀ ਰਕਮ ਅਤੇ ਸਮੇਂ ਤੋਂ ਪਹਿਲਾਂ ਚੋਣਾਂ ਦਰਮਿਆਨ ਕੋਈ ਸਬੰਧ ਹੋਣ ਬਾਰੇ ਪੁੱਛੇ ਜਾਣ ’ਤੇ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਇਹ ਰਕਮ ਉਨ੍ਹਾਂ ਟੈਕਸ ਪੇਅਰਜ਼ ਨੂੰ ਵਾਪਸ ਕੀਤੀ ਜਾ ਰਹੀ ਹੈ ਜੋ ਆਪਣੀ ਜ਼ਿੰਦਗੀ ਅੱਗੇ ਵਧਾਉਣ ਲਈ ਸੰਘਰਸ਼ ਕਰ ਰਹੇ ਹਨ। ਇਸੇ ਦੌਰਾਨ ਉਨਟਾਰੀਓ ਵਿਚ ਲਿਬਰਲ ਪਾਰਟੀ ਦੀ ਆਗੂ ਬੌਨੀ ਕਰੌਂਬੀ ਨੇ ਸਵਾਲ ਉਠਾਇਆ ਕਿ ਕੀ ਇਹ ਰਕਮ ਚੋਣਾਂ ਤੋਂ ਪਹਿਲਾਂ ਦਿਤੀ ਜਾ ਰਹੀ ਰਿਸ਼ਵਤ ਤਾਂ ਨਹੀਂ? ਉਨ੍ਹਾਂ ਦੋਸ਼ ਲਾਇਆ ਕਿ ਪੀ.ਸੀ. ਪਾਰਟੀ ਦੀ ਸਰਕਾਰ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਵਰਤ ਕੇ ਦੇਖ ਰਹੀ ਹੈ ਪਰ ਸੂਬੇ ਵਿਚ ਲਿਬਰਲ ਪਾਰਟੀ ਦੀ ਸਰਕਾਰ ਆਉਣ ’ਤੇ ਮੱਧ ਵਰਗੀ ਲੋਕਾਂ ਨੂੰ ਟੈਕਸਾਂ ਵਿਚ ਕਟੌਤੀ ਰਾਹੀਂ ਵੱਡੀ ਰਾਹਤ ਮੁਹੱਈਆ ਕਰਵਾਈ ਜਾਵੇਗੀ। ਉਧਰ ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਇਲਜ਼ ਨੇ ਕਿਹਾ ਕਿ ਸੂਬਾ ਸਰਕਾਰ ਆਰਥਿਕ ਸਹਾਇਤਾ ਦੇ ਚੈੱਕ ਰਾਹੀਂ ਲੋਕਾਂ ਦੀਆਂ ਇਛਾਵਾਂ ਖਰੀਦਣ ਦੇ ਯਤਨ ਕਰ ਰਹੀ ਹੈ ਕਿਉਂਕਿ ਅਗਲੇ ਸਾਲ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਹਿੰਗਾਈ ਵਿਚ ਫਸੇ ਲੋਕਾਂ ਨੂੰ ਰਾਹਤ ਦੇਣ ਦਾ ਇਹ ਕੋਈ ਤਰੀਕਾ ਨਹੀਂ।
2025 ਦੀ ਬਸੰਤ ਰੁੱਤ ਵਿਚ ਹੋ ਸਕਦੀਆਂ ਨੇ ਵਿਧਾਨ ਸਭਾ ਚੋਣਾਂ
ਇਸ ਤਰੀਕੇ ਨਾਲ ਨਾ ਹੀ ਮਕਾਨ ਸਸਤੇ ਹੋਣਗੇ ਅਤੇ ਨਾ ਹੀ ਪਰਵਾਰਾਂ ਨੂੰ ਫੈਮਿਲੀ ਡਾਕਟਰ ਮਿਲ ਸਕਣਗੇ। ਦੂਜੇ ਪਾਸੇ ਗਰੀਨ ਪਾਰਟੀ ਦੇ ਆਗੂ ਮਾਈਕ ਸ਼ਰੀਨਰ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਅਮੀਰ ਲੋਕਾਂ ਨੂੰ ਵੀ ਸਹਾਇਤਾ ਰਾਸ਼ੀ ਦੇ ਚੈੱਕ ਭੇਜ ਰਹੀ ਹੈ ਜਿਨ੍ਹਾਂ ਵਿਚ ਲੌਬਲਾਅ ਦਾ ਸਾਬਕਾ ਮੁੱਖ ਕਾਰਜਕਾਰੀ ਅਫਸਰ ਵੀ ਸ਼ਾਮਲ ਹੈ।