ਉਨਟਾਰੀਓ ਵਿਚ ਘੱਟੋ-ਘੱਟ ਉਜਰਤ ਦਰ 17.60 ਡਾਲਰ ਕੀਤੀ
ਕੈਨੇਡਾ ਵਿਚ ਘੱਟੋ ਘੱਟ ਉਜਰਤ ਦਰ 17.75 ਡਾਲਰ ਪ੍ਰਤੀ ਘੰਟਾ ਹੋ ਚੁੱਕੀ ਹੈ ਅਤੇ ਦੂਜੇ ਪਾਸੇ ਉਨਟਾਰੀਓ ਦੀ ਡਗ ਫੋਰਡ ਸਰਕਾਰ ਵੱਲੋਂ ਆਉਂਦੇ ਅਕਤੂਬਰ ਮਹੀਨੇ ਤੋਂ ਪ੍ਰਤੀ ਘੰਟਾ ਮਿਹਨਤਾਨਾ 17.60 ਡਾਲਰ ਕਰਨ ਦਾ ਐਲਾਨ ਕਰ ਦਿਤਾ ਗਿਆ ਹੈ।;

ਟੋਰਾਂਟੋ : ਕੈਨੇਡਾ ਵਿਚ ਘੱਟੋ ਘੱਟ ਉਜਰਤ ਦਰ 17.75 ਡਾਲਰ ਪ੍ਰਤੀ ਘੰਟਾ ਹੋ ਚੁੱਕੀ ਹੈ ਅਤੇ ਦੂਜੇ ਪਾਸੇ ਉਨਟਾਰੀਓ ਦੀ ਡਗ ਫੋਰਡ ਸਰਕਾਰ ਵੱਲੋਂ ਆਉਂਦੇ ਅਕਤੂਬਰ ਮਹੀਨੇ ਤੋਂ ਪ੍ਰਤੀ ਘੰਟਾ ਮਿਹਨਤਾਨਾ 17.60 ਡਾਲਰ ਕਰਨ ਦਾ ਐਲਾਨ ਕਰ ਦਿਤਾ ਗਿਆ ਹੈ। ਕੰਜ਼ਿਊਮਰ ਪ੍ਰਾਈਸ ਇੰਡੈਕਸ ਵਿਚ 2.4 ਫੀ ਸਦੀ ਵਾਧਾ ਹੋਣ ਦੇ ਮੱਦੇਨਜ਼ਰ ਘੱਟੋ-ਘੱਟ ਉਜਰਤ ਦਰਾਂ ਵਿਚ 40 ਸੈਂਟ ਦਾ ਵਾਧਾ ਹੋਵੇਗਾ ਜੋ ਇਸ ਵੇਲੇ 17.20 ਡਾਲਰ ਚੱਲ ਰਹੀਆਂ ਹਨ। ਕਿਰਤੀਆਂ ਦੀ ਆਮਦਨ ਵਿਚ ਵਾਧੇ ਨਾਲ ਇਕ ਹਫ਼ਤੇ ਵਿਚ 40 ਘੰਟੇ ਕੰਮ ਕਰਨ ਵਾਲਿਆਂ ਨੂੰ ਸਾਲਾਨਾ ਆਧਾਰ ’ਤੇ 835 ਡਾਲਰ ਵੱਧ ਮਿਲਣਗੇ। ਸੂਬੇ ਦੇ ਕਿਰਤ ਅਤੇ ਹੁਨਰ ਵਿਕਾਸ ਮੰਤਰੀ ਡੇਵਿਡ ਪਚੀਨੀ ਨੇ ਦੱਸਿਆ ਕਿ ਉਨਟਾਰੀਓ ਦੇ ਕਿਰਤੀਆਂ ਅਤੇ ਕਾਰੋਬਾਰੀਆਂ ਦਰਮਿਆਨ ਤਵਾਜ਼ਨ ਕਾਇਮ ਰੱਖਣ ਦਾ ਯਤਨ ਕਰਦਿਆਂ ਇਹ ਵਾਧਾ ਕੀਤਾ ਗਿਆ ਹੈ।
ਫੈਡਰਲ ਪੱਧਰ ’ਤੇ 17.75 ਡਾਲਰ ਦਾ ਮਿਹਨਤਾਨਾ ਵੀ ਹੋਇਆ ਲਾਗੂ
ਉਧਰ ਫੈਡਰਲ ਪੱਧਰ ’ਤੇ ਘੱਟੋ-ਘੱਟ ਪ੍ਰਤੀ ਘੰਟਾ ਉਜਰਤ ਦਰ 17.75 ਡਾਲਰ ਹੋਣ ਦਾ ਸਭ ਤੋਂ ਫਾਇਦਾ ਕੌਮਾਂਤਰੀ ਵਿਦਿਆਰਥੀਆਂ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਹੋਵੇਗਾ ਜੋ ਅਕਸਰ ਹੀ ਜ਼ਮੀਨੀ ਦਰਾਂ ’ਤੇ ਕੰਮ ਕਰਨ ਲਈ ਮਜਬੂਰ ਹੁੰਦੇ ਹਨ। 1 ਅਪ੍ਰੈਲ ਤੋਂ ਲਾਗੂ ਦਰਾਂ ਬਾਰੇ ਫੈਡਰਲ ਸਰਕਾਰ ਵੱਲੋਂ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਜੇ ਸੂਬਾ ਸਰਕਾਰ ਵੱਲੋਂ ਤੈਅ ਘੱਟੋ ਘੱਟ ਮਿਹਨਤਾਨਾ, ਫੈਡਰਲ ਸਰਕਾਰ ਦੀ ਉਜਰਤ ਦਰ ਤੋਂ ਵੱਧ ਬਣਦਾ ਹੈ ਤਾਂ ਇੰਪਲੌਇਰਜ਼ ਉਚਾ ਮਿਹਨਤਾਨਾ ਅਦਾ ਕਰਨ ਦੇ ਪਾਬੰਦ ਹੋਣਗੇ। ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ 2021 ਵਿਚ ਫੈਡਰਲ ਪੱਧਰ ’ਤੇ ਘੱਟੋ ਘੱਟ ਉਜਰਤ ਦਰ ਲਿਆਂਦੀ ਗਈ ਜੋ 15 ਡਾਲਰ ਪ੍ਰਤੀ ਘੰਟਾ ਤੋਂ ਸ਼ੁਰੂ ਹੋ ਕੇ 17.75 ਡਾਲਰ ਤੱਕ ਪੁੱਜ ਗਈ ਹੈ। ਰਾਜਾਂ ਦੇ ਆਧਾਰ ’ਤੇ ਦੇਖਿਆ ਜਾਵੇ ਤਾਂ ਮੁਲਕ ਦੇ ਚਾਰ ਰਾਜਾਂ ਵੱਲੋਂ ਪਿਛਲੇ ਸਾਲ ਅਕਤੂਬਰ ਤੋਂ ਘੱਟੋ ਘੱਟ ਉਜਰਤਾਂ ਵਿਚ ਵਾਧਾ ਕੀਤਾ ਗਿਆ। ਉਨਟਾਰੀਓ ਵਿਚ ਕਿਰਤੀਆਂ ਨੂੰ 17.20 ਡਾਲਰ ਪ੍ਰਤੀ ਘੰਟਾ ਦੀ ਘੱਟੋ ਘੱਟ ਉਜਰਤ ਮਿਲ ਰਹੀ ਹੈ। ਇਸੇ ਤਰ੍ਹਾਂ ਮੈਨੀਟੋਬਾ ਵਿਚ ਕਿਰਤੀਆਂ ਦਾ ਘੱਟੋ ਘੱਟ ਪ੍ਰਤੀ ਘੰਟਾ ਮਿਹਨਤਾਨਾ 15.80 ਡਾਲਰ ਚੱਲ ਰਿਹਾ ਹੈ ਜਦਕਿ ਪ੍ਰਿੰਸ ਐਡਵਰਡ ਆਇਲੈਂਡ ਵਿਚ ਕਿਰਤੀਆਂ ਨੂੰ 16 ਡਾਲਰ ਪ੍ਰਤੀ ਘੰਟਾ ਦੀ ਉਜਰਤ ਦਰ ਮਿਲ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ 2023 ਦੌਰਾਨ ਉਨਟਾਰੀਓ ਵਿਚ 9 ਲੱਖ 35 ਹਜ਼ਾਰ ਕਿਰਤੀ 17.20 ਡਾਲਰ ਪ੍ਰਤੀ ਘੰਟਾ ਜਾਂ ਇਸ ਤੋਂ ਘੱਟ ਉਜਰਤ ਦਰ ’ਤੇ ਕੰਮ ਕਰ ਰਹੇ ਸਨ।
ਕਿਰਤੀਆਂ ਨੂੰ 835 ਡਾਲਰ ਸਾਲਾਨਾ ਦਾ ਹੋਵੇਗਾ ਫਾਇਦਾ
ਵਿਦਿਆਰਥੀਆਂ ਦੀ ਘੱਟੋ ਘੱਟ ਉਜਰਤ ਦਰ 16.20 ਡਾਲਰ ਤੈਅ ਕੀਤੀ ਗਈ ਜੋ ਪਹਿਲਾਂ 15.60 ਡਾਲਰ ਪ੍ਰਤੀ ਘੰਟਾ ਚੱਲ ਰਹੀ ਸੀ। ਕੈਨੇਡਾ ਵਿਚ ਬੀ.ਸੀ. ਤੋਂ ਬਾਅਦ ਉਨਟਾਰੀਓ ਵਿਚ ਕਿਰਤੀਆਂ ਨੂੰ ਸਭ ਤੋਂ ਵੱਧ ਮਿਹਨਤਾਨਾ ਮਿਲ ਰਿਹਾ ਹੈ। ਸੂਬੇ ਦੇ ਰਿਟੇਲ ਸੈਕਟਰ ਵਿਚ 35 ਫੀ ਸਦੀ ਕਿਰਤੀ ਘੱਟੋ ਘੱਟ ਉਜਰਤ ਦਰ ਜਾਂ ਇਸ ਤੋਂ ਵੀ ਘੱਟ ਮਿਹਨਤਾਨੇ ’ਤੇ ਕੰਮ ਕਰ ਰਹੇ ਹਨ ਜਦਕਿ ਅਕੌਮੋਡੇਸ਼ਨ ਅਤੇ ਫੂਡ ਸਰਵਿਸਿਜ਼ ਸੈਕਟਰ ਵਿਚ ਕਿਰਤੀਆਂ ਦਾ ਅੰਕੜਾ 24 ਫੀ ਸਦੀ ਬਣਦਾ ਹੈ। ਪ੍ਰਿੰਸ ਐਡਵਰਡ ਆਇਲੈਂਡ ਦਾ ਜ਼ਿਕਰ ਕੀਤਾ ਜਾਵੇ ਤਾਂ ਸੂਬੇ ਦੇ ਕਿਰਤੀਆਂ ਨੂੰ 2024 ਦੇ ਆਰੰਭ ਵਿਚ 40 ਸੈਂਟ ਦਾ ਵਾਧਾ ਮਿਲਿਆ ਅਤੇ ਅਕਤੂਬਰ ਵਿਚ 60 ਸੈਂਟ ਦਾ ਨਵਾਂ ਵਾਧਾ ਮਿਲ ਗਿਆ। ਇਸੇ ਦੌਰਾਨ ਮੈਨੀਟੋਬਾ ਚੈਂਬਰ ਆਫ ਕਾਮਰਸ ਦੇ ਚਕ ਡੇਵਿਡਸਨ ਨੇ ਦੱਸਿਆ ਕਿ ਕਿਰਤੀਆਂ ਦਾ ਮਿਹਨਤਾਨਾ ਮਹਿੰਗਾਈ ਦੇ ਹਿਸਾਬ ਨਾਲ ਵਧ ਰਿਹਾ ਹੈ। ਮੈਨੀਟੋਬਾ ਦੇ ਹਰ ਚਾਰ ਕਿਰਤੀਆਂ ਵਿਚੋਂ ਇਕ ਜਾਂ ਤਕਰੀਬਨ 1 ਲੱਖ 71 ਹਜ਼ਾਰ ਕਿਰਤੀ ਘੱਟੋ ਘੱਟ ਉਜਰਤ ਦਰ ਜਾਂ 19.21 ਡਾਲਰ ਦੀ ਲਿਵਿੰਗ ਵੇਜ ਦਰਮਿਆਨ ਕੰਮ ਕਰ ਰਹੇ ਹਨ।