ਉਨਟਾਰੀਓ ਦੇ ਫਾਰਮਾਸਿਸਟ 14 ਹੋਰ ਬਿਮਾਰੀਆਂ ਦਾ ਕਰਨਗੇ ਇਲਾਜ
ਉਨਟਾਰੀਓ ਸਰਕਾਰ ਫਾਰਮਾਸਿਸਟਾਂ ਦੀ ਜ਼ਿੰਮੇਵਾਰੀ ਵਿਚ ਵਾਧਾ ਕਰਦਿਆਂ 14 ਹੋਰ ਬਿਮਾਰੀਆਂ ਦਾ ਇਲਾਜ ਕਰਨ ਦਾ ਹੱਕ ਉਨ੍ਹਾਂ ਨੂੰ ਦੇਣ ’ਤੇ ਵਿਚਾਰ ਕਰ ਰਹੀ ਹੈ।;
ਟੋਰਾਂਟੋ : ਉਨਟਾਰੀਓ ਸਰਕਾਰ ਫਾਰਮਾਸਿਸਟਾਂ ਦੀ ਜ਼ਿੰਮੇਵਾਰੀ ਵਿਚ ਵਾਧਾ ਕਰਦਿਆਂ 14 ਹੋਰ ਬਿਮਾਰੀਆਂ ਦਾ ਇਲਾਜ ਕਰਨ ਦਾ ਹੱਕ ਉਨ੍ਹਾਂ ਨੂੰ ਦੇਣ ’ਤੇ ਵਿਚਾਰ ਕਰ ਰਹੀ ਹੈ। ਸਿਰਫ ਐਨਾ ਹੀ ਨਹੀਂ ਫਾਰਮੇਸੀ ਵਾਲਿਆਂ ਨੂੰ ਹੈਪੇਟਾਈਟਸ, ਰੇਬੀਜ਼ ਅਤੇ ਮੈਨਿਨਜਾਈਟਿਸ ਦੇ ਟੀਕੇ ਲਾਉਣ ਦਾ ਅਧਿਕਾਰ ਵੀ ਦਿਤਾ ਜਾਵੇਗਾ। ਸਿਹਤ ਮੰਤਰੀ ਸਿਲਵੀਆ ਜੋਨਜ਼ ਨੇ ਕਿਹਾ ਕਿ ਸੂਬਾ ਸਰਕਾਰ ਇਸ ਮੁੱਦੇ ’ਤੇ ਮਾਹਰਾਂ ਨਾਲ ਵਿਚਾਰ ਵਟਾਂਦਰਾ ਕਰ ਰਹੀ ਹੈ ਅਤੇ ਫਾਰਮਾਸਿਸਟ ਨੇੜ ਭਵਿੱਖ ਵਿਚ ਨੀਂਦ ਨਾਲ ਸਬੰਧਤ ਸਮੱਸਿਆਵਾਂ ਦੀ ਦਵਾਈ ਦਿੰਦੇ ਵੀ ਨਜ਼ਰ ਆ ਸਕਦੇ ਹਨ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਫੈਮਿਲੀ ਡਾਕਟਰਾਂ ਅਤੇ ਹਸਪਤਾਲਾਂ ਦਾ ਬੋਝ ਘਟਾਉਣ ਦੇ ਮਕਸਦ ਤਹਿਤ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
ਸੂਬਾ ਸਰਕਾਰ ਵੱਲੋਂ ਮਾਹਰਾਂ ਨਾਲ ਕੀਤਾ ਜਾ ਰਿਹਾ ਵਿਚਾਰ-ਵਟਾਂਦਰਾ
ਦੂਜੇ ਪਾਸੇ ਇਸ ਦਾ ਫਾਇਦਾ ਮਰੀਜ਼ਾਂ ਨੂੰ ਵੀ ਹੋਵੇਗਾ ਜੋ ਕਿਸੇ ਵੀ ਫਾਰਮੇਸੀ ’ਤੇ ਜਾ ਕੇ ਸਬੰਧਤ ਬਿਮਾਰੀ ਦਾ ਇਲਾਜ ਕਰਵਾ ਸਕਣਗੇ। ਡਗ ਫੋਰਡ ਸਰਕਾਰ ਵੱਲੋਂ ਪਿਛਲੇ ਸਾਲ ਅੱਖਾਂ ਦੀ ਲਾਲੀ ਜਾਂ ਖੰਘ-ਜ਼ੁਕਾਮ ਵਰਗੀਆਂ 19 ਸਧਾਰਣ ਬਿਮਾਰੀਆਂ ਦੇ ਇਲਾਜ ਦਾ ਅਧਿਕਾਰ ਫਾਰਮਾਸਿਸਟਾਂ ਨੂੰ ਦਿਤਾ ਗਿਆ ਅਤੇ ਹੁਣ ਸੂਚੀ ਵਿਚ ਵਾਧਾ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਦਾ ਤਾਜ਼ਾ ਉਪਰਾਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਉਨਟਾਰੀਓ ਵਿਚ ਬਗੈਰ ਫੈਮਿਲੀ ਡਾਕਟਰ ਵਾਲੇ ਲੋਕਾਂ ਦੀ ਗਿਣਤੀ ਵਧ ਕੇ 25 ਲੱਖ ਹੋ ਚੁੱਕੀ ਹੈ। ਉਨਟਾਰੀਓ ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨਜ਼ ਦੇ ਅੰਕੜਿਆਂ ਮੁਤਾਬਕ 6 ਮਹੀਨੇ ਪਹਿਲਾਂ ਕੀਤੀ ਗਿਣਤੀ ਵਿਚ 1 ਲੱਖ 60 ਹਜ਼ਾਰ ਦਾ ਵਾਧਾ ਹੋਇਆ ਹੈ।
2023 ਵਿਚ 19 ਬਿਮਾਰੀਆਂ ਦੇ ਇਲਾਜ ਦੀ ਮਿਲੀ ਸੀ ਇਜਾਜ਼ਤ
ਫੈਮਿਲੀ ਡਾਕਟਰ ਨਾ ਹੋਣ ਦੀ ਸੂਰਤ ਵਿਚ ਲੋਕਾਂ ਨੂੰ ਵਾਕ ਇਨ ਕਲੀਨਿਕ, ਅਰਜੈਂਟ ਕੇਅਰ ਜਾਂ ਐਮਰਜੰਸੀ ਰੂਮਜ਼ ਵੱਲ ਜਾਣਾ ਪੈਂਦਾ ਹੈ ਜਿਥੇ ਹਰ ਵਾਰ ਉਨ੍ਹਾਂ ਨੂੰ ਨਵਾਂ ਡਾਕਟਰ ਮਿਲਦਾ ਹੈ ਅਤੇ ਉਸ ਨੂੰ ਨਵੇਂ ਸਿਰੇ ਤੋਂ ਆਪਣੀ ਸਿਹਤ ਸਮੱਸਿਆ ਸਮਝਾਉਣੀ ਪੈਂਦੀ ਹੈ। ਦੱਸ ਦੇਈਏ ਕਿ ਫੈਮਿਲੀ ਡਾਕਟਰਾਂ ਨੂੰ ਇਕ ਹਫਤੇ ਵਿਚ 19 ਘੰਟੇ ਕਾਗਜ਼ੀ ਕਾਰਵਾਈ ਕਰਦਿਆਂ ਹੀ ਲੰਘ ਜਾਂਦੇ ਹਨ ਅਤੇ ਐਨਾ ਸਮਾਂ ਮਰੀਜ਼ਾਂ ਨੂੰ ਮਿਲੇ ਤਾਂ ਲੱਖਾਂ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ। ਦੂਜੇ ਪਾਸੇ ਉਨਟਾਰੀਓ ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨਜ਼ ਵੱਲੋਂ ਇਕ ਵੱਖਰਾ ਅਧਿਐਨ ਵੀ ਜਾਰੀ ਕੀਤਾ ਗਿਆ ਹੈ ਜਿਸ ਮੁਤਾਬਕ ਸੂਬੇ ਵਿਚ 6 ਲੱਖ 70 ਹਜ਼ਾਰ ਲੋਕਾਂ ਨੂੰ ਆਪਣੇ ਫੈਮਿਲੀ ਡਾਕਟਰ ਤੱਕ ਪਹੁੰਚਣ ਲਈ 50 ਕਿਲੋਮੀਟਰ ਤੋਂ ਵੱਧ ਸਫਰ ਕਰਨਾ ਪੈਂਦਾ ਹੈ।