ਉਨਟਾਰੀਓ ਵਿਚ ਮੈਮੋਗ੍ਰਾਮ ਟੈਸਟ ਲਈ ਉਮਰ ਹੱਦ 10 ਸਾਲ ਘਟਾਈ

ਉਨਟਾਰੀਓ ਵਿਚ ਡਾਕਟਰ ਦੀ ਸਿਫਾਰਸ਼ ਤੋਂ ਬਗੈਰ ਮੈਮੋਗ੍ਰਾਮ ਟੈਸਟ ਕਰਵਾਉਣ ਦੀਆਂ ਇੱਛਕ ਔਰਤਾਂ ਲਈ ਉਮਰ ਹੱਦ 50 ਸਾਲ ਤੋਂ ਘਟਾ ਕੇ 40 ਸਾਲ ਕਰ ਦਿਤੀ ਗਈ ਹੈ।;

Update: 2024-10-09 12:24 GMT

ਟੋਰਾਂਟੋ : ਉਨਟਾਰੀਓ ਵਿਚ ਡਾਕਟਰ ਦੀ ਸਿਫਾਰਸ਼ ਤੋਂ ਬਗੈਰ ਮੈਮੋਗ੍ਰਾਮ ਟੈਸਟ ਕਰਵਾਉਣ ਦੀਆਂ ਇੱਛਕ ਔਰਤਾਂ ਲਈ ਉਮਰ ਹੱਦ 50 ਸਾਲ ਤੋਂ ਘਟਾ ਕੇ 40 ਸਾਲ ਕਰ ਦਿਤੀ ਗਈ ਹੈ। ਸਿਹਤ ਮੰਤਰੀ ਸਿਲਵੀਆ ਜੋਨਜ਼ ਨੇ ਮੰਗਲਵਾਰ ਨੂੰ ਦੱਸਿਆ ਕਿ ਨਵੀਂ ਉਮਰ ਹੱਦ ਲਾਗੂ ਹੋ ਚੁੱਕੀ ਹੈ ਅਤੇ ਇੱਛਕ ਔਰਤਾਂ 1800 668 9304 ’ਤੇ ਕਾਲ ਕਰ ਕੇ ਅਪੁਆਇੰਟਮੈਂ ਬੁੱਕ ਕਰ ਸਕਦੀਆਂ ਹਨ। ਇਕ ਬਿਆਨ ਜਾਰੀ ਕਰਦਿਆਂ ਸਿਲਵੀਆ ਜੋਨਜ਼ ਨੇ ਕਿਹਾ ਕਿ ਉਨਟਾਰੀਓ ਵਿਚ ਹਰ 9 ਔਰਤਾਂ ਵਿਚੋਂ ਇਕ ਬਰੈਸਟ ਕੈਂਸਰ ਦਾ ਸ਼ਿਕਾਰ ਬਣ ਸਕਦੀ ਹੈ ਅਤੇ ਅਜਿਹੇ ਵਿਚ ਜਲਦ ਤੋਂ ਜਲਦ ਬਿਮਾਰੀ ਦੀ ਪਛਾਣ ਕਰਦਿਆਂ ਬਿਹਤਰ ਇਲਾਜ ਰਾਹੀਂ ਕੀਮਤੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਸੂਬਾ ਸਰਕਾਰ ਦਾ ਮੰਨਣਾ ਹੈ ਕਿ 40 ਸਾਲ ਤੋਂ 49 ਸਾਲ ਦੀ ਉਮਰ ਵਾਲੀਆਂ ਤਕਰੀਬਨ 10 ਲੱਖ ਔਰਤਾਂ ਆਪਣੀ ਮਰਜ਼ੀ ਮੁਤਾਬਕ ਮੈਮੋਗ੍ਰਾਮ ਟੈਸਟ ਕਰਵਾ ਸਕਣਗੀਆਂ ਅਤੇ ਇਹ ਟੈਸਟ ਹਰ ਦੋ ਸਾਲ ਬਾਅਦ ਕਰਵਾਇਆ ਜਾ ਸਕਦਾ ਹੈ।

40 ਸਾਲ ਦੀਆਂ ਔਰਤਾਂ ਡਾਕਟਰ ਦੀ ਸਿਫ਼ਾਰਸ਼ ਤੋਂ ਬਗੈਰ ਕਰਵਾ ਸਕਣਗੀਆਂ ਟੈਸਟ

ਸੂਬਾ ਸਰਕਾਰ ਵੱਲੋਂ ਵਧੇਰੇ ਸਟਾਫ ਦੀ ਸਿਖਲਾਈ ਅਤੇ ਜ਼ਿਆਦਾ ਤੋਂ ਜ਼ਿਆਦਾ ਅਪੁਆਇੰਟਮੈਂਟਸ ਬੁੱਕ ਕਰਨ ਵਾਸਤੇ 2 ਕਰੋੜ ਡਾਲਰ ਖਰਚ ਕੀਤੇ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ 30 ਸਾਲ ਤੋਂ 69 ਸਾਲ ਤੱਕ ਦੀ ਉਮਰ ਵਾਲੀਆਂ ਔਰਤਾਂ ਜਿਨ੍ਹਾਂ ਦੇ ਪਰਵਾਰ ਵਿਚ ਬਰੈਸਟ ਕੈਂਸਰ ਦੇ ਮਰੀਜ਼ ਰਹੇ ਹੋਣ ਜਾਂ ਜਿਨ੍ਹਾਂ ਦੇ ਸਰੀਰ ਵਿਚ ਬਰੈਸਟ ਕੈਂਸਰ ਦਾ ਖਤਰਾ ਵਧਾਉਣ ਵਾਲੇ ਜੀਨਜ਼ ਦੀ ਮੌਜੂਦਗੀ ਬਾਰੇ ਪਤਾ ਹੋਵੇ,ਉਨ੍ਹਾਂ ਨੂੰ ਪਹਿਲਾਂ ਹੀ ਲਗਾਤਾਰ ਮੈਮੋਗ੍ਰਾਮ ਅਤੇ ਬਰੈਸਟ ਐਮ.ਆਰ.ਆਈਜ਼ ਦੀ ਸਿਫਾਰਸ਼ ਕੀਤੀ ਜਾ ਰਹੀ ਹੈ। ਕੈਨੇਡੀਅਨ ਸੋਸਾਇਟੀ ਆਫ਼ ਬਰੈਸਟ ਇਮੇਜਿੰਗ ਦੀ ਪ੍ਰਧਾਨ ਡਾ. ਸੁਪ੍ਰੀਆ ਕੁਲਕਰਨੀ ਦਾ ਕਹਿਣਾ ਸੀ ਕਿ ਸਮਾਂ ਰਹਿੰਦੇ ਬਰੈਸਟ ਕੈਂਸਰ ਦਾ ਪਤਾ ਲੱਗਣ ਨਾਲ ਵੱਡੇ ਪੱਧਰ ’ਤੇ ਜਾਨੀ ਨੁਕਸਾਨ ਬਚਾਇਆ ਜਾ ਸਕਦਾ ਹੈ। ਹੁਣ 40 ਸਾਲ ਦੀ ਉਮਰ ਵਾਲੀਆਂ ਔਰਤਾਂ ਵੀ ਜ਼ਰੂਰਤ ਮਹਿਸੂਸ ਹੋਣ ’ਤੇ ਮੈਮੋਗ੍ਰਾਮ ਟੈਸਟ ਕਰਵਾ ਸਕਦੀਆਂ ਹਨ ਅਤੇ ਇਸ ਵਾਸਤੇ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। 

Tags:    

Similar News