ਉਨਟਾਰੀਓ : ਹੜਤਾਲ ਦੇ 14 ਦਿਨ ਬਾਅਦ ਵੀ ਨਹੀਂ ਖੁੱਲਣਗੇ ਸ਼ਰਾਬ ਦੇ ਠੇਕੇ
ਉਨਟਾਰੀਓ ਵਿਚ ਸ਼ਰਾਬ ਦੇ ਸ਼ੌਕੀਨਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਜਦੋਂ ਐਲ.ਸੀ.ਬੀ.ਓ. ਨੇ ਦੂਜੀ ਵਾਰ ਆਪਣਾ ਫੈਸਲਾ ਬਦਲ ਦਿਤਾ। ਮੁਲਾਜ਼ਮਾਂ ਦੀ ਹੜਤਾਲ ਦੇ 14 ਦਿਨ ਮੁਕੰਮਲ ਹੋਣ ਮਗਰੋਂ ਸੂਬੇ ਵਿਚ 32 ਥਾਵਾਂ ’ਤੇ ਕੁਝ ਘੰਟੇ ਵਾਸਤੇ ਸ਼ਰਾਬ ਦੇ ਸਟੋਰ ਖੋਲ੍ਹਣ ਦਾ ਐਲਾਨ ਕੀਤਾ ਗਿਆ;
ਟੋਰਾਂਟੋ : ਉਨਟਾਰੀਓ ਵਿਚ ਸ਼ਰਾਬ ਦੇ ਸ਼ੌਕੀਨਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਜਦੋਂ ਐਲ.ਸੀ.ਬੀ.ਓ. ਨੇ ਦੂਜੀ ਵਾਰ ਆਪਣਾ ਫੈਸਲਾ ਬਦਲ ਦਿਤਾ। ਮੁਲਾਜ਼ਮਾਂ ਦੀ ਹੜਤਾਲ ਦੇ 14 ਦਿਨ ਮੁਕੰਮਲ ਹੋਣ ਮਗਰੋਂ ਸੂਬੇ ਵਿਚ 32 ਥਾਵਾਂ ’ਤੇ ਕੁਝ ਘੰਟੇ ਵਾਸਤੇ ਸ਼ਰਾਬ ਦੇ ਸਟੋਰ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ ਪਰ ਐਲ.ਸੀ.ਬੀ.ਓ. ਪ੍ਰਬੰਧਕਾਂ ਨੇ ਪੈਰ ਪਿੱਛੇ ਖਿੱਚ ਲਏ। ਸੂਬਾ ਸਰਕਾਰ ਅਤੇ ਐਲ.ਸੀ.ਬੀ.ਓ. ਦੇ ਅੰਦਰੂਨੀ ਅੰਕੜਿਆਂ ਮੁਤਾਬਕ ਐਲਕੌਹਲ ਵਿਕਰੀ ਦੇ ਤੌਰ ਤਰੀਕਿਆਂ ਵਿਚ ਤਬਦੀਲੀ ਕਾਰਨ ਅਦਾਰੇ ਨੂੰ 15 ਕਰੋੜ ਤੋਂ 20 ਕਰੋੜ ਡਾਲਰ ਦਾ ਨੁਕਸਾਨ ਹੋ ਰਿਹਾ ਹੈ।
ਐਲ.ਸੀ.ਬੀ.ਓ. ਨੇ ਦੂਜੀ ਵਾਰ ਫੈਸਲਾ ਵਾਪਸ ਲਿਆ
ਲਿਕਰ ਕੰਟਰੋਲ ਬੋਰਡ ਆਫ ਉਨਟਾਰੀਓ ਦੇ ਮੁਲਾਜ਼ਮ 5 ਜੁਲਾਈ ਤੋਂ ਹੜਤਾਲ ’ਤੇ ਹਨ ਅਤੇ ਪ੍ਰਬੰਧਕਾਂ ਨੇ ਆਖਿਆ ਸੀ ਕਿ ਜੇ 19 ਜੁਲਾਈ ਤੱਕ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਸੂਬੇ ਵਿਚ ਵੱਖ ਵੱਖ ਥਾਵਾਂ ’ਤੇ ਸਥਿਤ 32 ਸਟੋਰ ਸ਼ੁੱਕਰਵਾਰ, ਸ਼ਨਿੱਚਰਵਾਰ ਅਤੇ ਐਤਵਾਰ ਨੂੰ ਕੁਝ ਘੰਟੇ ਵਾਸਤੇ ਖੋਲ੍ਹਣ ਦਾ ਪ੍ਰਬੰਧ ਕੀਤਾ ਜਾਵੇਗਾ ਪਰ ਫਿਲਹਾਲ ਇਸ ਯੋਜਨਾ ਨੂੰ ਠੰਢੇ ਬਸਤੇ ਵਿਚ ਪਾ ਦਿਤਾ ਗਿਆ ਹੈ। ਮੁਲਾਜ਼ਮ ਯੂਨੀਅਨ ਦਾ ਦੋਸ਼ ਹੈ ਕਿ ਪ੍ਰੀਮੀਅਰ ਡਗ ਫੋਰਡ ਨੇ ਆਪਣਾ ਏਜੰਡਾ ਲਾਗੂ ਕਰਨ ਲਈ ਮੁਲਾਜ਼ਮਾਂ ਨੂੰ ਹੜਤਾਲ ’ਤੇ ਜਾਣ ਲਈ ਮਜਬੂਰ ਕੀਤਾ। ਪਿਛਲੇ ਦਿਨੀਂ ਲਿਬਰਲ ਆਗੂ ਬੌਨੀ ਕਰੌਂਬੀ ਵੱਲੋਂ ਵੀ ਐਲ.ਸੀ.ਬੀ.ਓ. ਮੁਲਾਜ਼ਮਾਂ ਦੀ ਹੜਤਾਲ ਦੇ ਮੁੱਦੇ ’ਤੇ ਤਿੱਖੇ ਲਫ਼ਜ਼ਾਂ ਦੀ ਵਰਤੋਂ ਕੀਤੀ ਗਈ। ਬੀਤੇ ਸ਼ੁੱਕਰਵਾਰ ਤੋਂ ਬਾਅਦ ਐਲ.ਸੀ.ਬੀ.ਓ. ਪ੍ਰਬੰਧਕਾਂ ਅਤੇ ਮੁਲਾਜ਼ਮ ਯੂਨੀਅਨ ਦਰਮਿਆਨ ਗੱਲਬਾਤ ਦਾ ਕੋਈ ਗੇੜ ਨਹੀਂ ਹੋ ਸਕਿਆ ਅਤੇ ਮੰਨਿਆ ਜਾ ਰਿਹਾ ਹੈ ਹੜਤਾਲ ਲੰਮੀ ਚੱਲ ਸਕਦੀ ਹੈ।