ਕੈਨੇਡਾ 'ਚ ਭਾਰਤੀ ਅਫ਼ਸਰਾਂ 'ਤੇ ਉਠਣ ਲੱਗੇ 'ਇਤਰਾਜ਼', ਸੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਲੰਮੇਰੀ ਬਹਿਸ
ਕੁਝ ਕੈਨੇਡੀਅਨਾਂ ਨੂੰ ਹੁਣ ਇਸ ਗੱਲ 'ਤੇ ਇਤਰਾਜ਼ ਹੋਣ ਲੱਗ ਪਿਆ ਹੈ ਕਿ ਆਖ਼ਰ ਕੈਨੇਡੀਅਨ ਵਿਦੇਸ਼ ਨੀਤੀ ਅਤੇ ਮੌਜੂਦਾ ਸਰਕਾਰ ਨੂੰ ਭਾਰਤੀ ਮੂਲ ਦੇ ਸਿਆਸੀ ਲੀਡਰ ਕਿਉਂ ਚਲਾ ਰਹੇ ਹਨ
ਕਈਆਂ ਨੇ ਫ਼ਿਜ਼ੂਲ ਦੇ ਇਤਰਾਜ਼ਾਂ ਦੀਆਂ ਉਡਾਈਆਂ ਧੱਜੀਆਂ
ਟੋਰੰਟੋ, ਕੈਨੇਡਾ: ਕੁਝ ਕੈਨੇਡੀਅਨਾਂ ਨੂੰ ਹੁਣ ਇਸ ਗੱਲ 'ਤੇ ਇਤਰਾਜ਼ ਹੋਣ ਲੱਗ ਪਿਆ ਹੈ ਕਿ ਆਖ਼ਰ ਕੈਨੇਡੀਅਨ ਵਿਦੇਸ਼ ਨੀਤੀ ਅਤੇ ਮੌਜੂਦਾ ਸਰਕਾਰ ਨੂੰ ਭਾਰਤੀ ਮੂਲ ਦੇ ਸਿਆਸੀ ਲੀਡਰ ਕਿਉਂ ਚਲਾ ਰਹੇ ਹਨ। ਅਜਿਹਾ ਇਤਰਾਜ਼ ਸੋਸ਼ਲ ਮੀਡੀਆ ਉਤੇ ਸਭ ਤੋਂ ਪਹਿਲਾਂ 'ਪੀਪਲ'ਜ਼ ਪਾਰਟੀ ਆੱਫ਼ ਕੈਨੇਡਾ' ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਅਤੇ 'ਡੌਮੀਨੀਅਨ ਸੁਸਾਇਟੀ ਆੱਫ਼ ਕੈਨੇਡਾ' ਦੇ ਮੌਜੂਦਾ ਚੇਅਰਮੈਨ ਡੈਨੀਅਲ ਟਾਇਰੀ ਨੇ ਉਠਾਇਆ ਹੈ। ਉਸ ਤੋਂ ਬਾਅਦ ਕੁਝ ਲੋਕ ਉਨ੍ਹਾਂ ਦੇ ਖ਼ਿਲਾਫ਼ ਤੇ ਕੁਝ ਹੱਕ 'ਚ ਖਲੋਂਦੇ ਜਾ ਰਹੇ ਹਨ।
ਟਾਇਰੀ ਨੇ ਕੈਨੇਡਾ 'ਚ ਸਰਗਰਮ ਭਾਰਤੀ ਮੂਲ ਦੇ ਕੁਝ ਅਧਿਕਾਰੀਆਂ ਦੀਆਂ ਤਸਵੀਰਾਂ ਵੀ ਸਬੂਤ ਵਜੋਂ ਸ਼ੇਅਰ ਕੀਤੀਆਂ ਹਨ। ਇਸ ਮਾਮਲੇ ਦਾ ਦਿਲਚਸਪ ਪੱਖ ਇਹ ਹੈ ਕਿ ਜਿਹੜੇ ਵੀ ਅਧਿਕਾਰੀਆਂ ਦਾ ਉਨ੍ਹਾਂ ਨੇ ਨਾਂਅ ਲਿਆ ਹੈ, ਉਨ੍ਹਾਂ ਦੀਆਂ ਜੜ੍ਹਾਂ ਕੈਨੇਡਾ 'ਚ ਡੂੰਘੇਰੀਆਂ ਹਨ।
ਮਿਸਾਲ ਦੇ ਤੌਰ 'ਤੇ 'ਟ੍ਰਾਂਸਪੋਰਟ ਕੈਨੇਡਾ' ਦੇ ਡਿਪਟੀ ਮੰਤਰੀ ਅਰੁਣ ਥੰਗਾਰਾਜ ਦਾ ਤਾਂ ਜਨਮ ਹੀ ਕੈਨੇਡਾ 'ਚ ਹੋਇਆ ਸੀ। ਸਰੀ–ਕੇਂਦਰੀ ਹਲਕੇ ਤੋਂ ਲਿਬਰਲ ਪਾਰਟੀ ਦੇ MP ਰਣਦੀਪ ਸਰਾਏ ਦਾ ਜਨਮ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮਹਾਂਨਗਰ ਵੈਨਕੂਵਰ 'ਚ ਹੋਇਆ ਸੀ ਤੇ ਉਹ ਬਰਨਬੀ 'ਚ ਵੱਡੇ ਹੋਏ ਸਨ। ਉਨ੍ਹਾਂ ਦੇ ਸਿੱਖ ਮਾਪੇ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਪੰਜਾਬ ਤੋਂ ਆ ਕੇ ਇੱਥੇ ਵੌੱਸੇ ਸਨ।
ਸਾਬਕਾ ਰੱਖਿਆ ਮੰਤਰੀ ਓਕਵਿਲੇ ਤੋਂ MP ਅਨੀਤਾ ਆਨੰਦ ਦਾ ਨਾਂਅ ਵੀ ਲਿਆ ਗਿਆ ਹੈ। ਉਨ੍ਹਾਂ ਦਾ ਜਨਮ ਵੀ ਕੈਨੇਡੀਅਨ ਸੂਬੇ ਨੋਵਾ ਸਕੌਸ਼ੀਆ ਦੇ ਕੈਂਟਵਿਲੇ 'ਚ ਹੋਇਆ ਸੀ। ਉਨ੍ਹਾਂ ਦੇ ਮਾਪੇ, ਇੱਕ ਸਰਜਨ ਅਤੇ ਇੱਕ ਅਨੱਸਥੀਸੀਓਲੋਜਿਸਟ ਹਨ। ਉਹ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਭਾਰਤ ਤੋਂ ਕੈਨੇਡਾ ਆ ਗਏ ਸਨ।
ਸੰਸਦੀ ਸਕੱਤਰ, ਮਨਿੰਦਰ ਸਿੱਧੂ, ਇੱਕ ਛੋਟੇ ਬੱਚੇ ਵਜੋਂ ਕੈਨੇਡਾ ਆਏ ਸਨ। ਉਨ੍ਹਾਂ ਦੇ ਮਾਪੇ 1980 ਦੇ ਦਹਾਕੇ ਵਿੱਚ ਸਰੀ ਵਿੱਚ ਸੈਟਲ ਹੋਣ ਤੋਂ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਜੋਂ ਆਏ ਸਨ, ਜਿੱਥੇ ਉਨ੍ਹਾਂ ਨੇ ਬਾਅਦ ਵਿੱਚ ਇੱਕ ਪਰਿਵਾਰਕ ਕਾਰੋਬਾਰ ਬਣਾਇਆ।
ਸੋਸ਼ਲ ਮੀਡੀਆ ਉਤੇ ਕਈਆਂ ਨੇ ਡੈਨੀਅਲ ਟਾਇਰੀ ਦੇ ਦੋਸ਼ਾਂ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਕੁਝ ਨੇ ਆਖਿਆ ਹੈ ਕਿ ਜੇ ਇਹ ਸਾਰੇ ਭਾਰਤੀ ਅਧਿਕਾਰੀ ਵਧੀਆ ਢੰਗ ਨਾਲ਼ ਕੰਮ ਕਰ ਰਹੇ ਹਨ, ਤਦ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ?
ਇੱਕ ਅਨੁਮਾਨ ਅਨੁਸਾਰ ਇਸ ਕੈਨੇਡਾ 'ਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 18 ਲੱਖ ਤੋਂ 29 ਲੱਖ ਦੇ ਵਿਚਕਾਰ ਮੰਨੀ ਜਾਂਦੀ ਹੈ। ਮਰਦਮਸ਼ੁਮਾਰੀ ਦੇ ਅੰਕੜੇ ਦਰਸਾਉਂਦੇ ਹਨ ਕਿ ਪਿਛਲੀ ਮਰਦਮਸ਼ੁਮਾਰੀ ਦੇ ਮੁਕਾਬਲੇ ਭਾਰਤੀਆਂ ਦੀ ਗਿਣਤੀ ਵਿੱਚ 17.5% ਦਾ ਵਾਧਾ ਹੋਇਆ ਹੈ। ਡੇਟਾ ਕਾਰੋਬਾਰ, ਰਾਜਨੀਤੀ ਅਤੇ ਜਨਤਕ ਸੇਵਾ ਵਿੱਚ ਇਸ ਦੀ ਵਧੀ ਹੋਈ ਮੌਜੂਦਗੀ ਵਿਖਾਈ ਦਿੰਦੀ ਹੈ।