ਅਮਰੀਕਾ ਜਾਣ ਵਾਲੇ ਕੈਨੇਡੀਅਨਜ਼ ਦੀ ਗਿਣਤੀ ਲਗਾਤਾਰ 7ਵੇਂ ਮਹੀਨੇ ਘਟੀ

ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ 7ਵੇਂ ਮਹੀਨੇ ਕਮੀ ਦਰਜ ਕੀਤੀ ਗਈ ਹੈ

Update: 2025-08-12 13:01 GMT

ਵੈਨਕੂਵਰ : ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ 7ਵੇਂ ਮਹੀਨੇ ਕਮੀ ਦਰਜ ਕੀਤੀ ਗਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਕਾਰ ਰਾਹੀਂ ਅਮਰੀਕਾ ਜਾਣ ਵਾਲੇ ਕੈਨੇਡੀਅਨ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 37 ਫੀ ਸਦੀ ਘਟ ਗਈ। ਦੂਜੇ ਪਾਸੇ ਹਵਾਈ ਜਹਾਜ਼ ਰਾਹੀਂ ਅਮਰੀਕਾ ਜਾਣ ਵਾਲੇ ਕੈਨੇਡੀਅਨਜ਼ ਦੀ ਗਿਣਤੀ ਵਿਚ ਪਿਛਲੇ ਸਾਲ ਜੁਲਾਈ ਮਹੀਨੇ ਦੇ ਮੁਕਾਬਲੇ 25.8 ਫੀ ਸਦੀ ਕਮੀ ਆਈ ਹੈ। ਕੁਲ ਅੰਕੜਾ ਦੇਖਿਆ ਜਾਵੇ ਤਾਂ 17 ਲੱਖ ਕੈਨੇਡੀਅਨਜ਼ ਨੇ ਕਾਰ ਰਾਹੀਂ ਅਮਰੀਕਾ ਦਾ ਗੇੜਾ ਲਾਇਆ ਜਦਕਿ 3 ਲੱਖ 84 ਹਜ਼ਾਰ ਹਵਾਈ ਜਹਾਜ਼ ਰਾਹੀਂ ਪਰਤੇ। ਸਫਰ ਦੇ ਦੋਹਾਂ ਤਰੀਕਿਆਂ ਵਿਚ ਇਸ ਸਾਲ ਦੇ ਸ਼ੁਰੂ ਤੋਂ ਕਮੀ ਆ ਰਹੀ ਹੈ ਜਿਸ ਦਾ ਮੁੱਖ ਕਾਰਨ ਡੌਨਲਡ ਟਰੰਪ ਦਾ ਸੱਤਾ ਵਿਚ ਆਉਣਾ ਦੱਸਿਆ ਜਾ ਰਿਹਾ ਹੈ। ਟਰੰਪ ਨੇ ਸੱਤਾ ਵਿਚ ਆਉਂਦਿਆਂ ਹੀ ਕੈਨੇਡਾ ਨਾਲ ਕਾਰੋਬਾਰੀ ਜੰਗ ਛੇੜ ਦਿਤੀ ਅਤੇ ਇਸ ਵੇਲੇ ਉਨ੍ਹਾਂ ਵਸਤਾਂ ’ਤੇ 35 ਫੀ ਸਦੀ ਟੈਰਿਫ਼ਸ ਵਸੂਲ ਕੀਤੀਆਂ ਜਾ ਰਹੀਆਂ ਹਨ ਜੋ ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸੰਧੀ ਦੇ ਅਧੀਨ ਨਹੀਂ ਆਉਂਦੀਆਂ।

ਗੱਡੀਆਂ ਰਾਹੀਂ ਜਾਣ ਵਾਲਿਆਂ ਦਾ ਅੰਕੜਾ 37 ਫੀ ਸਦੀ ਹੇਠਾਂ ਆਇਆ

ਸਿਰਫ਼ ਐਨਾ ਹੀ ਨਹੀਂ ਅਮਰੀਕਾ ਵਿਚ ਇੰਮੀਗ੍ਰੇਸ਼ਨ ਬੰਦਿਸ਼ਾਂ ਬਹੁਤ ਜ਼ਿਆਦਾ ਵਧਣ ਕਰ ਕੇ ਵੀ ਕੈਨੇਡਾ ਵਾਲੇ ਗੁਆਂਢੀ ਮੁਲਕ ਜਾਣ ਤੋਂ ਗੁਰੇਜ਼ ਕਰ ਰਹੇ ਹਨ। ਪਿਊ ਰਿਸਰਚ ਸੈਂਟਰ ਦੇ ਤਾਜ਼ਾ ਸਰਵੇਖਣ ਮੁਤਾਬਕ 55 ਫੀ ਸਦੀ ਕੈਨੇਡੀਅਨਜ਼ ਹੁਣ ਵੀ ਮੰਨਦੇ ਹਨ ਕਿ ਅਮਰੀਕਾ ਉਨ੍ਹਾਂ ਦੇ ਮੁਲਕ ਦਾ ਸਭ ਤੋਂ ਅਹਿਮ ਭਾਈਵਾਲ ਹੈ ਪਰ ਅਮਰੀਕਾ ਨੂੰ ਖਤਰਾ ਮੰਨਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ। ਅਮਰੀਕਾ ਦੇ ਗੇੜਿਆਂ ਵਿਚ ਕਮੀ ਦੇ ਬਾਵਜੂਦ ਹੋਰਨਾਂ ਮੁਲਕਾਂ ਵੱਲ ਜਾਣ ਵਾਲੇ ਕੈਨੇਡੀਅਨਜ਼ ਦੀ ਗਿਣਤੀ 5.9 ਫ਼ੀ ਸਦੀ ਵਧੀ ਹੈ। ਅਮਰੀਕਾ ਤੋਂ ਕੈਨੇਡਾ ਆਉਣ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਹ ਅੰਕੜਾ 18 ਲੱਖ ਬਣਦਾ ਹੈ ਜੋ ਇਕ ਸਾਲ ਪਹਿਲਾਂ 19 ਲੱਖ ਦਰਜ ਕੀਤਾ ਗਿਆ ਸੀ। ਅਮਰੀਕਾ ਵਾਲਿਆਂ ਦੇ ਕੈਨੇਡੀਅਨ ਗੇੜਿਆਂ ਵਿਚ ਜ਼ਿਆਦਾ ਕਮੀ ਦਰਜ ਨਹੀਂ ਕੀਤੀ ਗਈ।

Tags:    

Similar News