ਕੈਨੇਡਾ ਦੇ 4 ਰਾਜਾਂ ਵਿਚ ਵਧੀਆਂ ਘੱਟੋ ਘੱਟ ਉਜਰਤ ਦਰਾਂ

ਕੈਨੇਡਾ ਦੇ ਚਾਰ ਰਾਜਾਂ ਵਿਚ ਘੱਟੋ ਘੱਟ ਉਜਰਤਾਂ ਦਰਾਂ ਪਹਿਲੀ ਅਕਤੂਬਰ ਤੋਂ ਵਧ ਗਈਆਂ।;

Update: 2024-10-02 12:24 GMT

ਟੋਰਾਂਟੋ : ਕੈਨੇਡਾ ਦੇ ਚਾਰ ਰਾਜਾਂ ਵਿਚ ਘੱਟੋ ਘੱਟ ਉਜਰਤਾਂ ਦਰਾਂ ਪਹਿਲੀ ਅਕਤੂਬਰ ਤੋਂ ਵਧ ਗਈਆਂ। ਉਨਟਾਰੀਓ ਵਿਚ ਹੁਣ ਕਿਰਤੀਆਂ ਨੂੰ 17.20 ਡਾਲਰ ਪ੍ਰਤੀ ਘੰਟਾ ਦੀ ਉਜਰਤ ਦਰ ਮਿਲੇਗੀ ਅਤੇ ਹਫ਼ਤੇ ਵਿਚ 40 ਘੰਟੇ ਕੰਮ ਕਰਨ ਵਾਲਿਆਂ ਨੂੰ ਸਾਲਾਨਾ 1,355 ਡਾਲਰ ਦਾ ਫ਼ਾਇਦਾ ਹੋਵੇਗਾ। ਦੂਜੇ ਪਾਸੇ ਮੈਨੀਟੋਬਾ ਵਿਚ ਕਿਰਤੀਆਂ ਨੂੰ 15.80 ਡਾਲਰ ਪ੍ਰਤੀ ਘੰਟਾ ਮਿਲਣਗੇ ਜਦਕਿ ਸਸਕੈਚਵਨ ਵਿਚ ਘੱਟੋ ਘੱਟ ਉਜਰਤ ਦਰ 15 ਡਾਲਰ ਹੋ ਚੁੱਕੀ ਹੈ। ਇਸੇ ਤਰ੍ਹਾਂ ਪ੍ਰਿੰਸ ਐਡਵਰਡ ਆਇਲੈਂਡ ਵਿਚ ਕਿਰਤੀਆਂ ਨੂੰ 16 ਡਾਲਰ ਪ੍ਰਤੀ ਘੰਟਾ ਦੀ ਉਜਰਤ ਦਰ ਮਿਲੇਗੀ।

ਉਨਟਾਰੀਓ ਦੇ ਕਿਰਤੀਆਂ ਨੂੰ ਮਿਲਣਗੇ 17.20 ਡਾਲਰ ਪ੍ਰਤੀ ਘੰਟਾ

ਉਨਟਾਰੀਓ ਵਿਚ ਕਿਰਤੀਆਂ ਨੂੰ 65 ਸੈਂਟ ਪ੍ਰਤੀ ਘੰਟਾ ਵਧ ਮਿਲਣਗੇ ਜਦਕਿ ਪ੍ਰਿੰਸ ਐਡਵਰਡ ਆਇਲੈਂਡ ਵਿਚ 60 ਸੈਂਟ ਦਾ ਵਾਧਾ ਕੀਤਾ ਗਿਆ ਹੈ। ਮੈਨੀਟੋਬਾ ਵਿਚ 50 ਸੈਂਟ ਦਾ ਵਾਧਾ ਹੋਇਆ ਹੈ ਪਰ ਸਸਕੈਚਵਨ ਵਿਚ ਇਸ ਵੇਲੇ ਕੈਨੇਡਾ ਦਾ ਸਭ ਤੋਂ ਘੱਟ ਮਿਹਨਤਾਨਾ ਚੱਲ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ 2023 ਦੌਰਾਨ ਉਨਟਾਰੀਓ ਵਿਚ 9 ਲੱਖ 35 ਹਜ਼ਾਰ ਕਿਰਤੀ 17.20 ਡਾਲਰ ਪ੍ਰਤੀ ਘੰਟਾ ਜਾਂ ਇਸ ਤੋਂ ਘੱਟ ਉਜਰਤ ਦਰ ’ਤੇ ਕੰਮ ਕਰ ਰਹੇ ਸਨ। ਵਿਦਿਆਰਥੀਆਂ ਦੀ ਘੱਟੋ ਘੱਟ ਉਜਰਤ ਦਰ 16.20 ਡਾਲਰ ਤੈਅ ਕੀਤੀ ਗਈ ਹੈ ਜੋ ਪਹਿਲਾਂ 15.60 ਡਾਲਰ ਪ੍ਰਤੀ ਘੰਟਾ ਚੱਲ ਰਹੀ ਸੀ। ਕੈਨੇਡਾ ਵਿਚ ਬੀ.ਸੀ. ਤੋਂ ਬਾਅਦ ਉਨਟਾਰੀਓ ਵਿਚ ਕਿਰਤੀਆਂ ਨੂੰ ਸਭ ਤੋਂ ਵੱਧ ਮਿਹਨਤਾਨਾ ਮਿਲ ਰਿਹਾ ਹੈ ਅਤੇ ਨਵੀਆਂ ਦਰਾਂ ਨਾਲ ਹੋਰ ਫਾਇਦਾ ਹੋਵੇਗਾ।

ਪ੍ਰਿੰਸ ਐਡਵਰਡ ਆਇਲੈਂਡ ਵਿਚ ਮਿਹਨਤਾਨਾ 16 ਡਾਲਰ ਪ੍ਰਤੀ ਘੰਟਾ ਹੋਇਆ

ਸੂਬੇ ਦੇ ਰਿਟੇਲ ਸੈਕਟਰ ਵਿਚ 35 ਫੀ ਸਦੀ ਕਿਰਤੀ ਘੱਟੋ ਘੱਟ ਉਜਰਤ ਦਰ ਜਾਂ ਇਸ ਤੋਂ ਵੀ ਘੱਟ ਮਿਹਨਤਾਨੇ ’ਤੇ ਕੰਮ ਕਰ ਰਹੇ ਹਨ ਜਦਕਿ ਅਕੌਮੋਡੇਸ਼ਨ ਅਤੇ ਫੂਡ ਸਰਵਿਸਿਜ਼ ਸੈਕਟਰ ਵਿਚ ਕਿਰਤੀਆਂ ਦਾ ਅੰਕੜਾ 24 ਫੀ ਸਦੀ ਬਣਦਾ ਹੈ। ਪ੍ਰਿੰਸ ਐਡਵਰਡ ਆਇਲੈਂਡ ਦਾ ਜ਼ਿਕਰ ਕੀਤਾ ਜਾਵੇ ਤਾਂ ਸੂਬੇ ਦੇ ਕਿਰਤੀਆਂ ਨੂੰ ਇਸ ਸਾਲ ਦੇ ਸ਼ੁਰੂ ਵਿਚ 40 ਸੈਂਟ ਦਾ ਵਾਧਾ ਮਿਲਿਆ ਅਤੇ ਹੁਣ 60 ਸੈਂਟ ਦਾ ਨਵਾਂ ਵਾਧਾ ਮਿਲ ਗਿਆ ਹੈ। ਇਸੇ ਦੌਰਾਨ ਮੈਨੀਟੋਬਾ ਚੈਂਬਰ ਆਫ ਕਾਮਰਸ ਦੇ ਚਕ ਡੇਵਿਡਸਨ ਨੇ ਦੱਸਿਆ ਕਿ ਕਿਰਤੀਆਂ ਦਾ ਮਿਹਨਤਾਨਾ ਮਹਿੰਗਾਈ ਦੇ ਹਿਸਾਬ ਨਾਲ ਵਧ ਰਿਹਾ ਹੈ।

ਸਸਕੈਚਵਨ ਦੇ ਕਿਰਤੀਆਂ ਨੂੰ ਸਭ ਤੋਂ ਘੱਟ 15 ਡਾਲਰ ਨਾਲ ਕਰਨਾ ਹੋਵੇਗਾ ਗੁਜ਼ਾਰਾ

ਮੈਨੀਟੋਬਾ ਦੇ ਹਰ ਚਾਰ ਕਿਰਤੀਆਂ ਵਿਚੋਂ ਇਕ ਜਾਂ ਤਕਰੀਬਨ 1 ਲੱਖ 71 ਹਜ਼ਾਰ ਕਿਰਤੀ ਘੱਟੋ ਘੱਟ ਉਜਰਤ ਦਰ ਜਾਂ 19.21 ਡਾਲਰ ਦੀ ਲਿਵਿੰਗ ਵੇਜ ਦਰਮਿਆਨ ਕੰਮ ਕਰ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਰਾਜਾਂ ਦੇ ਹਿਸਾਬ ਨਾਲ ਸਭ ਤੋਂ ਉਚੀ ਮਿਨੀਮਮ ਵੇਜ ਬ੍ਰਿਟਿਸ਼ ਕੋਲੰਬੀਆ ਵਿਚ ਹੈ ਜਿਥੇ ਕਿਰਤੀਆਂ ਨੂੰ ਇਕ ਘੰਟੇ ਦੇ ਘੱਟੋ ਘੱਟ 17.40 ਡਾਲਰ ਮਿਲਦੇ ਹਨ ਪਰ ਟੈਰੇਟ੍ਰੀਜ਼ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਨੂਨਾਵਤ ਵਿਚ ਇਕ ਘੰਟੇ ਦੇ 19 ਡਾਲਰ ਮਿਲ ਰਹੇ ਹਨ।

Tags:    

Similar News