ਉਨਟਾਰੀਓ ਵਿਚ ਬਿਮਾਰੀ ਦੀ ਛੁੱਟੀ ਲਈ ਡਾਕਟਰੀ ਪਰਚੀ ਦੀ ਸ਼ਰਤ ਖਤਮ

ਉਨਟਾਰੀਓ ਵਿਚ ਹੁਣ ਕਿਰਤੀਆਂ ਨੂੰ ਤਿੰਨ ਦਿਨ ਜਾਂ ਇਸ ਤੋਂ ਘੱਟ ਸਮਾਂ ਬਿਮਾਰ ਹੋਣ ਕਰ ਕੇ ਛੁੱਟੀ ਲੈਣ ’ਤੇ ਡਾਕਟਰ ਤੋਂ ਪਰਚੀ ਲਿਖਵਾਉਣੀ ਨਹੀਂ ਪਵੇਗੀ।;

Update: 2024-10-29 11:43 GMT

ਟੋਰਾਂਟੋ : ਉਨਟਾਰੀਓ ਵਿਚ ਹੁਣ ਕਿਰਤੀਆਂ ਨੂੰ ਤਿੰਨ ਦਿਨ ਜਾਂ ਇਸ ਤੋਂ ਘੱਟ ਸਮਾਂ ਬਿਮਾਰ ਹੋਣ ਕਰ ਕੇ ਛੁੱਟੀ ਲੈਣ ’ਤੇ ਡਾਕਟਰ ਤੋਂ ਪਰਚੀ ਲਿਖਵਾਉਣੀ ਨਹੀਂ ਪਵੇਗੀ। ਜੀ ਹਾਂ, 28 ਅਕਤੂਬਰ ਤੋਂ ਸੂਬੇ ਵਿਚ ਨਵਾਂ ਕਾਨੂੰਨ ਲਾਗੂ ਹੋ ਗਿਆ ਜੋ ਇਕ ਕੈਲੰਡਰ ਵਰ੍ਹੇ ਦੌਰਾਨ ਬਗੈਰ ਤਨਖਾਹ ਵਾਲੀਆਂ ਤਿੰਨ ਛੁੱਟੀਆਂ ਨੂੰ ਡਾਕਟਰ ਦੀ ਪਰਚੀ ਤੋਂ ਮੁਕਤ ਬਣਾਉਂਦਾ ਹੈ। ਹੁਣ ਤੱਕ ਉਨਟਾਰੀਓ ਵਿਚ ਕਿਰਤੀਆਂ ਨੂੰ ਡਾਕਟਰ, ਨਰਸ ਜਾਂ ਮਨੋਰੋਗ ਮਾਹਰ ਤੋਂ ਪਰਚੀ ਲਿਖਵਾ ਕੇ ਬਿਮਾਰ ਹੋਣ ਦਾ ਸਬੂਤ ਦੇਣਾ ਪੈਂਦਾ ਸੀ ਪਰ ‘ਵਰਕਿੰਗ ਫੌਰ ਵਰਕਰਜ਼ ਫਾਈਵ ਐਕਟ’ ਰਾਹੀਂ ਇਸ ਤੋਂ ਰਾਹਤ ਮਿਲ ਗਈ।

3 ਦਿਨ ਤੱਕ ਦੀਆਂ ਛੁੱਟੀਆਂ ਬਗੈਰ ਪਰਚੀ ਤੋਂ ਲੈ ਸਕਣਗੇ ਕਿਰਤੀ

ਕਿਰਤ ਮੰਤਰੀ ਡੇਵਿਡ ਪਚਿਨੀ ਦੀ ਪ੍ਰੈਸ ਸਕੱਤਰ ਮਿਸ਼ੇਲ ਫੈਗਰੀਡੋ ਨੇ ਕਿਹਾ ਕਿ ਨਵੇਂ ਐਕਟ ਨੂੰ ਸ਼ਾਹੀ ਪ੍ਰਵਾਨਗੀ ਮਿਲਣ ਮਗਰੋਂ ਤਿੰਨ ਦਿਨ ਤੱਕ ਦੀ ਸਿਕ ਲੀਵ ਵਾਸਤੇ ਡਾਕਟਰ ਦੀ ਪਰਚੀ ਤਿਆਰ ਕਰਵਾਉਣੀ ਲਾਜ਼ਮੀ ਨਹੀਂ ਰਹਿ ਗਈ। ਉਨ੍ਹਾਂ ਅੱਗੇ ਕਿਹਾ ਕਿ ਇੰਪਲੌਇਰਜ਼ ਅਤੇ ਵਰਕਰਜ਼ ਦਰਮਿਆਨ ਜਵਾਬਦੇਹੀ ਯਕੀਨੀ ਬਣਾਉਣ ਖਾਤਰ ਭਵਿੱਖ ਵਿਚ ਇੰਪਲੌਇਰਜ਼ ਕਿਸੇ ਹੋਰ ਕਿਸਮ ਦੀ ਅਟੈਸਟੇਸ਼ਨ ਦੀ ਮੰਗ ਕਰ ਸਕਦੇ ਹਨ ਜੋ ਡਾਕਟਰ ਤੋਂ ਤਿਆਰ ਕਰਵਾਉਣੀ ਲਾਜ਼ਮੀ ਨਹੀਂ ਹੋਵੇਗੀ। ਇਸੇ ਦੌਰਾਨ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜੌਸ ਰਾਈਮਰ ਨੇ ਕਿਹਾ ਕਿ ਬਿਨਾਂ ਸ਼ੱਕ ਵੱਖ ਵੱਖ ਕੰਪਨੀਆਂ ਵੱਲੋਂ ਆਪਣੀਆਂ ਨੀਤੀਆਂ ਮੁਤਾਬਕ ਕੰਮ ਕਰਨਾ ਹੁੰਦਾ ਹੈ ਪਰ ਜਦੋਂ 65 ਲੱਖ ਕੈਨੇਡੀਅਨਜ਼ ਨੂੰ ਫੈਮਿਲੀ ਡਾਕਟਰ ਦੀ ਸਹੂਲਤ ਹੀ ਮੁਹੱਈਆ ਨਹੀਂ ਤਾਂ ਉਹ ਡਾਕਟਰ ਦੀ ਪਰਚੀ ਕਿਥੋਂ ਲੈ ਕੇ ਆਉਣਗੇ। ਇਸੇ ਦੌਰਾਨ ਫੈਗਰੀਡੋ ਦਾ ਕਹਿਣਾ ਸੀ ਕਿ ਡਾਕਟਰਾਂ ਨੂੰ ਕਾਗਜ਼ੀ ਕਾਰਵਾਈ ਵਾਸਤੇ ਹਰ ਹਫ਼ਤੇ 19 ਘੰਟੇ ਖਰਚ ਕਰਨੇ ਪੈਂਦੇ ਹਨ ਅਤੇ ਐਨੇ ਸਮੇਂ ਦੌਰਾਨ ਮਰੀਜ਼ਾਂ ਦੀ ਸੰਭਾਲ ਕੀਤੀ ਜਾ ਸਕਦੀ ਹੈ। ਨਵੇਂ ਨਿਯਮ ਰਾਹੀਂ ਗੈਰਜ਼ਰੂਰੀ ਕਾਗਜ਼ੀ ਕਾਰਵਾਈ ਨੂੰ ਖ਼ਤਮ ਕੀਤਾ ਜਾ ਰਿਹਾ ਹੈ।

Tags:    

Similar News