Canada ਵਿਚ ਪੰਜਾਬਣ ਦੇ ਕਤਲ ਮਗਰੋਂ absconding ਮਨਪ੍ਰੀਤ ਗ੍ਰਿਫ਼ਤਾਰ

ਕੈਨੇਡਾ ਵਿਚ ਪੰਜਾਬੀ ਮੁਟਿਆਰ ਦਾ ਕਤਲ ਕਰ ਕੇ ਫ਼ਰਾਰ ਹੋਇਆ ਮਨਪ੍ਰੀਤ ਸਿੰਘ ਸੰਗਰੂਰ ਪੁਲਿਸ ਨੇ ਕਾਬੂ ਕਰ ਲਿਆ ਹੈ

Update: 2026-01-17 12:20 GMT

ਸੰਗਰੂਰ : ਕੈਨੇਡਾ ਵਿਚ ਪੰਜਾਬੀ ਮੁਟਿਆਰ ਦਾ ਕਤਲ ਕਰ ਕੇ ਫ਼ਰਾਰ ਹੋਇਆ ਮਨਪ੍ਰੀਤ ਸਿੰਘ ਸੰਗਰੂਰ ਪੁਲਿਸ ਨੇ ਕਾਬੂ ਕਰ ਲਿਆ ਹੈ। ਜੀ ਹਾਂ, ਮਨਪ੍ਰੀਤ ਕੈਨੇਡਾ ਵਿਚ ਟੈਕਸੀ ਚਲਾਉਂਦਾ ਸੀ ਅਤੇ ਪੱਕਾ ਹੋਣ ਲਈ ਅਮਨਪ੍ਰੀਤ ਕੌਰ ਸੈਣੀ ’ਤੇ ਵਿਆਹ ਲਈ ਦਬਾਅ ਪਾਉਣ ਲੱਗਾ ਪਰ ਟੋਰਾਂਟੋ ਦੇ ਈਸਟ ਯਾਰਕ ਇਲਾਕੇ ਵਿਚ ਪਰਸਨਲ ਸਪੋਰਟ ਵਰਕਰ ਵਜੋਂ ਕੰਮ ਕਰ ਰਹੀ ਅਮਨਪ੍ਰੀਤ ਨੇ ਵਿਆਹ ਤੋਂ ਸਾਫ਼ ਨਾਂਹ ਕਰ ਦਿਤੀ। ਅਮਨਪ੍ਰੀਤ ਦਾ ਇਨਕਾਰ ਸੁਣਨ ਮਗਰੋਂ ਮਨਪ੍ਰੀਤ ਅੰਦਰ ਨਫ਼ਰਤ ਦੇ ਭਾਂਬੜ ਬਲ ਉਠੇ ਅਤੇ ਕੁਝ ਦਿਨ ਬਾਅਦ ਅਮਨਪ੍ਰੀਤ ਕੌਰ ਸੈਣੀ ਦੀ ਵੱਢੀ-ਟੁਕੀ ਲਾਸ਼ ਉਨਟਾਰੀਓ ਦੇ Çਲੰਕਨ ਇਲਾਕੇ ਦੇ ਇਕ ਪਾਰਕ ਵਿਚੋਂ ਬਰਾਮਦ ਕੀਤੀ ਗਈ। ਦੱਸ ਦੇਈਏ ਕਿ ਅਮਨਪ੍ਰੀਤ ਕੌਰ 2020 ਵਿਚ ਕੈਨੇਡਾ ਪੁੱਜੀ ਅਤੇ ਨਰਸਿੰਗ ਕੋਰਸ ਮੁਕੰਮਲ ਕਰਨ ਮਗਰੋਂ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰ ਲਈ ਜਦਕਿ ਦੂਜੇ ਪਾਸੇ ਯੂ.ਪੀ. ਦੇ ਲਖੀਮਪੁਰ ਇਲਾਕੇ ਨਾਲ ਸਬੰਧਤ ਮਨਪ੍ਰੀਤ 2022 ਵਿਚ ਕੈਨੇਡਾ ਪੁੱਜਾ ਅਤੇ ਉਸ ਨੂੰ ਪੀ.ਆਰ. ਹਾਸਲ ਕਰਨ ਵਿਚ ਦਿੱਕਤਾਂ ਆ ਰਹੀਆਂ ਸਨ।

ਅਮਨਪ੍ਰੀਤ ਕੌਰ ਦਾ ਅਕਤੂਬਰ 2025 ਵਿਚ ਹੋਇਆ ਸੀ ਕਤਲ

ਸੰਗਰੂਰ ਦੀ ਪ੍ਰੇਮ ਬਸਤੀ ਦੇ ਵਸਨੀਕ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਕਈ ਪਰਵਾਰ ਨੂੰ ਫੋਨ ਕਰ ਕੇ ਮਨਪ੍ਰੀਤ ਦੀ ਧੱਕੇਸ਼ਾਹੀ ਬਾਰੇ ਦੱਸ ਚੁੱਕੀ ਸੀ। ਇਸੇ ਦੌਰਾਨ 21 ਅਕਤੂਬਰ 2025 ਨੂੰ ਅਮਨਪ੍ਰੀਤ ਦਾ ਸੰਪਰਕ ਪਰਵਾਰ ਨਾਲੋਂ ਟੁੱਟ ਗਿਆ। ਇੰਦਰਜੀਤ ਸਿੰਘ ਨੇ ਆਪਣੀ ਵੱਡੀ ਬੇਟੀ ਗੁਰਸਿਮਰਨ ਕੌਰ ਨੂੰ ਛੋਟੀ ਭੈਣ ਬਾਰੇ ਪਤਾ ਕਰਨ ਵਾਸਤੇ ਆਖਿਆ ਜੋ ਕੈਨੇਡਾ ਵਿਚ ਹੀ ਰਹਿੰਦੀ ਹੈ। ਗੁਰਸਿਮਰਨ ਕੌਰ ਨੇ ਅਮਨਪ੍ਰੀਤ ਦੇ ਇੰਪਲੌਇਰ ਨੂੰ ਫੋਨ ਕੀਤਾ ਤਾਂ ਪਤਾ ਲੱਗਾ ਕਿ ਉਹ ਕੰਮ ’ਤੇ ਪਹੁੰਚੀ ਹੀ ਨਹੀਂ ਜਿਸ ਮਗਰੋਂ ਗੁਰਸਿਮਰਨ ਨੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਦੂਜੇ ਪਾਸੇ ਨਿਆਗਰਾ ਰੀਜਨਲ ਪੁਲਿਸ ਨੇ 21 ਅਕਤੂਬਰ ਦੀ ਸਵੇਰ Çਲੰਕਨ ਕਸਬੇ ਦੇ ਚਾਰਲਸ ਡੇਲੀ ਪਾਰਕ ਵਿਚੋਂ ਇਕ ਲਾਸ਼ ਬਰਾਮਦ ਕੀਤੀ। ਨੌਰਥ ਸਰਵਿਸ ਰੋਡ ਅਤੇ ਹਾਈਵੇਅ 406 ਨੇੜਲੇ ਪਾਰਕ ਵਿਚ ਪੁੱਜੇ ਪੁਲਿਸ ਅਫ਼ਸਰਾਂ ਨੇ ਦੇਖਿਆ ਕਿ ਔਰਤ ਦੇ ਸਰੀਰ ’ਤੇ ਜ਼ਖਮਾਂ ਦੇ ਕਈ ਨਿਸ਼ਾਨ ਸਨ। ਔਰਤ ਦੀ ਸ਼ਨਾਖ਼ਤ ਅਮਨਪ੍ਰੀਤ ਕੌਰ ਸੈਣੀ ਵਜੋਂ ਹੋਈ ਅਤੇ ਪੁਲਿਸ ਮੁਤਾਬਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕਤਲ ਨੂੰ ਅੰਜਾਮ ਦਿਤਾ ਗਿਆ।

ਸੰਗਰੂਰ ਰਹਿੰਦੇ ਪਰਵਾਰ ਨੂੰ ਦੇ ਰਿਹਾ ਸੀ ਧਮਕੀਆਂ

ਪੁਲਿਸ ਨੇ ਬਰੈਂਪਟਨ ਦੇ 27 ਸਾਲਾ ਮਨਪ੍ਰੀਤ ਸਿੰਘ ਨੂੰ ਮੁੱਖ ਸ਼ੱਕੀ ਐਲਾਨ ਦਿਤਾ ਜੋ ਵਾਰਦਾਤ ਮਗਰੋਂ ਕੈਨੇਡਾ ਛੱਡ ਕੇ ਇੰਡੀਆ ਆ ਗਿਆ। ਸੰਗਰੂਰ ਦੇ ਐਸ.ਐਸ.ਪੀ. ਸਰਤਾਜ ਸਿੰਘ ਚਹਿਲ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਨੇ ਇੰਡੀਆ ਆਉਣ ਮਗਰੋਂ ਅਮਨਪ੍ਰੀਤ ਕੌਰ ਦੇ ਪਰਵਾਰ ਨੂੰ ਧਮਕਾਉਣਾ ਸ਼ੁਰੂ ਕਰ ਦਿਤਾ। ਵ੍ਹਟਸਪਐਪ ਅਤੇ ਇੰਸਟਾਗ੍ਰਾਮ ਰਾਹੀਂ ਤਾਂ ਧਮਕੀਆਂ ਆ ਹੀ ਰਹੀਆਂ ਸਨ ਪਰ ਇਕ ਦਿਨ ਉਹ ਹਥਿਆਰ ਲੈ ਕੇ ਇੰਦਰਜੀਤ ਸਿੰਘ ਦੇ ਘਰ ਦਾਖਲ ਹੋ ਗਿਆ ਅਤੇ ਕੈਨੇਡਾ ਵਿਚ ਕਤਲ ਦਾ ਮੁਕੱਦਮਾ ਵਾਪਸ ਲੈਣ ਦਾ ਦਬਾਅ ਪਾਉਣ ਲੱਗਾ। ਇਸ ਘਟਨਾ ਮਗਰੋਂ ਪਰਵਾਰ ਨੇ ਸੀ.ਸੀ.ਟੀ.ਵੀ. ਕੈਮਰੇ ਲਗਵਾ ਲਏ। 30 ਨਵੰਬਰ ਨੂੰ ਮਨਪ੍ਰੀਤ ਮੁੜ ਇੰਦਰਜੀਤ ਸਿੰਘ ਦੇ ਘਰ ਨੇੜੇ ਨਜ਼ਰ ਆਇਆ ਅਤੇ 10 ਜਨਵਰੀ 2026 ਨੂੰ ਤੀਜੀ ਵਾਰ ਘਰ ਦੇ ਆਲੇ ਦੁਆਲੇ ਗੇੜੇ ਲਾਉਂਦਾ ਦੇਖਿਆ ਗਿਆ। ਤੰਗ ਆ ਚੁੱਕੇ ਪਰਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿਤੀ ਅਤੇ 15 ਜਨਵਰੀ ਨੂੰ ਸੰਗਰੂਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮਨਪ੍ਰੀਤ ਦੀ ਗ੍ਰਿਫਤਾਰੀ ਬਾਰੇ ਕੈਨੇਡਾ ਪੁਲਿਸ ਨੂੰ ਵੀ ਇਤਲਾਹ ਦੇ ਦਿਤੀ ਗਈ ਹੈ ਅਤੇ ਕਤਲ ਦਾ ਮੁਕੱਦਮਾ ਭੁਗਤਣ ਲਈ ਕੈਨੇਡਾ ਸਰਕਾਰ ਦੇ ਸਪੁਰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

Tags:    

Similar News