ਸਕਾਰਬ੍ਰੋਅ ਦੀ ਮਸਜਿਦ ’ਚ ਦਾਖਲ ਹੋ ਕੇ ਧਮਕੀਆਂ ਦੇਣ ਵਾਲਾ ਕਾਬੂ
ਸਕਾਰਬ੍ਰੋਅ ਦੀ ਮਸਜਿਦ ਦਾਖਲ ਹੋ ਕੇ ਲੋਕਾਂ ਨੂੰ ਧਮਕਾਉਣ ਵਾਲੇ ਸ਼ੱਕੀ ਨੂੰ ਟੋਰਾਂਟੋ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।;
ਟੋਰਾਂਟੋ : ਸਕਾਰਬ੍ਰੋਅ ਦੀ ਮਸਜਿਦ ਦਾਖਲ ਹੋ ਕੇ ਲੋਕਾਂ ਨੂੰ ਧਮਕਾਉਣ ਵਾਲੇ ਸ਼ੱਕੀ ਨੂੰ ਟੋਰਾਂਟੋ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਨੇ ਦੱਸਿਆ 10 ਅਕਤੂਬਰ ਨੂੰ ਵਾਪਰੀ ਵਾਰਦਾਤ ਦੌਰਾਨ ਸਵੇਰ ਦੇ ਨਮਾਜ਼ ਤੋਂ ਬਾਅਦ ਇਕ ਸ਼ਖਸ ਮਸਜਿਦ ਵਿਚ ਆਇਆ ਅਤੇ ਨਸਲੀ ਨਫ਼ਰਤ ਭਰੀਆਂ ਟਿੱਪਣੀਆਂ ਕਰਦਿਆਂ ਧਮਕੀਆਂ ਦੇਣ ਲੱਗਾ। ਮਸਜਿਦ ਵਿਚ ਦਾਖਲ ਹੋਣ ਤੋਂ ਪਹਿਲਾਂ ਸ਼ੱਕੀ ਸ਼ਾਂਤ ਨਜ਼ਰ ਆਇਆ ਪਰ ਅੰਦਰ ਆਉਂਦਿਆਂ ਹੀ ਇਮਾਮ ਵੱਲ ਹੱਥ ਕਰ ਕੇ ਮੌਤ ਦੀਆਂ ਧਮਕੀਆਂ ਦੇਣ ਲੱਗਾ। ਇਸੇ ਦੌਰਾਨ ਉਥੇ ਮੌਜੂਦ ਲੋਕਾਂ ਨੇ ਉਸ ਨੂੰ ਫੜ ਕੇ ਬਾਹਰ ਕਰ ਦਿਤਾ। ਸ਼ੱਕੀ ਦੀ ਸ਼ਨਾਖਤ 41 ਸਾਲ ਦੇ ਰੌਬਿਨ ਲੈਕਾਟੌਸ ਵਜੋਂ ਕੀਤੀ ਗਈ ਹੈ ਜਿਸ ਨੂੰ ਗ੍ਰਿਫ਼ਤਾਰ ਕਰ ਦਿਆਂ ਮੌਤ ਦੀ ਧਮਕੀ ਦੇਣ ਅਤੇ ਹੈਰਾਸਮੈਂਟ ਦੇ ਦੋਸ਼ ਆਇਦ ਕੀਤੇ ਗਏ ਹਨ। ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਸਜਿਦ ਵਿਚ ਮੌਜੂਦ ਲੋਕ ਝੰਜੋੜੇ ਗਏ ਪਰ ਸਰੀਰਕ ਤੌਰ ’ਤੇ ਕਿਸੇ ਨੂੰ ਕੋਈ ਨੁਕਸਾਨ ਨਾਲ ਪੁੱਜਾ। ਕੌਂਸਲ ਨੇ ਕਿਹਾ ਕਿ ਧਾਰਮਿਕ ਥਾਵਾਂ ’ਤੇ ਹਮੇਸ਼ਾ ਸ਼ਾਂਤੀ ਅਤੇ ਸੁਰੱਖਿਆ ਦੀ ਤਵੱਜੋ ਕੀਤੀ ਜਾਂਦੀ ਹੈ ਜਿਥੇ ਬਜ਼ੁਗਰ ਅਤੇ ਬੱਚੇ ਵੀ ਮੌਜੂਦ ਹੁੰਦੇ ਹਨ। ਇਸਲਾਮੋਫੋਬੀਆ ਦੀ ਤਰਜ਼ ’ਤੇ ਵਾਪਰਨ ਵਾਲੀਆਂ ਇਹ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ ਅਤੇ ਭਾਈਚਾਰੇ ਦੇ ਆਗੂਆਂ ਨੂੰ ਮਜ਼ਬੂਤ ਰਣਨੀਤੀ ਤਿਆਰ ਕਰਨ ਦੀ ਜ਼ਰੂਰਤ ਹੈ। ਉਧਰ ਟੋਰਾਂਟੋ ਪੁਲਿਸ ਨੇ ਕਿਹਾ ਕਿ ਨਸਲੀ ਨਫ਼ਰਤ ਤੋਂ ਪ੍ਰੇਰਿਤ ਸ਼ੱਕੀ ਅਪਰਾਧ ਵਜੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸੇ ਦੌਰਾਨ ਟੋਰਾਂਟੋ ਦੀ ਮੇਅਰ ਓਲੀਵੀਆ ਚੌਅ ਨੇ ਕਿਹਾ ਕਿ ਆਪਣੇ ਸ਼ਹਿਰ ਨੂੰ ਸੁਰੱਖਿਅਤ ਬਣਾਉਣ ਲਈ ਸਭਨਾਂ ਨੂੰ ਇਕਜੁਟ ਹੋਣਾ ਪਵੇਗਾ।