ਕੈਨੇਡਾ ਦੇ ਘਰਾਂ ਵਿਚ ਮੰਗਲਵਾਰ ਤੋਂ ਪੁੱਜਣੀ ਸ਼ੁਰੂ ਹੋਵੇਗੀ ਡਾਕ
ਕੈਨੇਡੀਅਨ ਘਰਾਂ ਵਿਚ ਮੰਗਲਵਾਰ ਤੋਂ ਡਾਕ ਪੁੱਜਣੀ ਸ਼ੁਰੂ ਹੋ ਜਾਵੇਗੀ। ਇੰਡਸਟ੍ਰੀਅਲ ਰਿਲੇਸ਼ਨਜ਼ ਬੋਰਡ ਦੇ ਹੁਕਮਾਂ ਮਗਰੋਂ ਕੈਨੇਡਾ ਪੋਸਟ ਦੇ ਮੁਲਾਜ਼ਮ 17 ਦਸੰਬਰ ਨੂੰ ਕੰਮ ’ਤੇ ਪਰਤ ਆਉਣਗੇ।;
ਟੋਰਾਂਟੋ : ਕੈਨੇਡੀਅਨ ਘਰਾਂ ਵਿਚ ਮੰਗਲਵਾਰ ਤੋਂ ਡਾਕ ਪੁੱਜਣੀ ਸ਼ੁਰੂ ਹੋ ਜਾਵੇਗੀ। ਜੀ ਹਾਂ, ਇੰਡਸਟ੍ਰੀਅਲ ਰਿਲੇਸ਼ਨਜ਼ ਬੋਰਡ ਦੇ ਹੁਕਮਾਂ ਮਗਰੋਂ ਕੈਨੇਡਾ ਪੋਸਟ ਦੇ ਮੁਲਾਜ਼ਮ 17 ਦਸੰਬਰ ਨੂੰ ਸਵੇਰੇ 8 ਵਜੇ ਕੰਮ ’ਤੇ ਪਰਤ ਆਉਣਗੇ। ਉਧਰ ਮੁਲਾਜ਼ਮ ਯੂਨੀਅਨ ਵੱਲੋਂ ਫਿਲਹਾਲ ਇਸ ਗੱਲ ਦੀ ਤਸਦੀਕ ਨਹੀਂ ਕੀਤੀ ਗਈ। ਵੀਕਐਂਡ ਦੌਰਾਨ ਦੋ ਦਿਨ ਦੀ ਸੁਣਵਾਈ ਮਗਰੋਂ ਕੈਨੇਡਾ ਇੰਡਸਟ੍ਰਲੀਅਲ ਰਿਲੇਸ਼ਨਜ਼ ਬੋਰਡ ਇਸ ਨਤੀਜੇ ’ਤੇ ਪੁੱਜਾ ਕਿ ਕੈਨੇਡਾ ਪੋਸਟ ਅਤੇ ਮੁਲਾਜ਼ਮ ਯੂਨੀਅਨ ਦਰਮਿਆਨ ਗੱਲਬਾਤ ਵਿਚ ਖੜੋਤ ਆ ਚੁੱਕੀ ਹੈ ਅਤੇ ਇਹ ਅੱਗੇ ਵਧਦੀ ਮਹਿਸੂਸ ਨਹੀਂ ਹੋ ਰਹੀ।
17 ਦਸੰਬਰ ਦੀ ਸਵੇਰ ਕੰਮ ’ਤੇ ਪਰਤਣਗੇ ਮੁਲਾਜ਼ਮ
ਹੁਣ ਮੁਲਾਜ਼ਮਾਂ ਨੂੰ ਮਈ 2025 ਤੱਕ ਮੌਜੂਦਾ ਤਨਖਾਹਾਂ ਅਤੇ ਭੱਤਿਆਂ ਤੇ ਹੀ ਕੰਮ ਕਰਨਾ ਹੋਵੇਗਾ। ਇਸੇ ਦੌਰਾਨ ਕੈਨੇਡਾ ਪੋਸਟ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਪੰਜ ਫੀ ਸਦੀ ਵਾਧਾ ਕਰਨ ਲਈ ਸਹਿਮਤ ਹੈ ਪਰ ਇਹ ਵਾਧਾ ਮੌਜੂਦਾ ਸਮਝੌਤੇ ਦੀ ਮਿਆਦ ਪੂਰੀ ਹੋਣ ਮਗਰੋਂ ਕੀਤਾ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਕਿਰਤ ਮੰਤਰੀ ਸਟੀਵਨ ਮੈਕਿਨਨ ਵੱਲੋਂ ਸ਼ੁੱਕਰਵਾਰ ਨੂੰ ਮਾਮਲੇ ਵਿਚ ਦਖਲ ਦੇਣ ਦਾ ਐਲਾਨ ਕੀਤਾ ਗਿਆ ਕਿਉਂਕਿ ਡਾਕ ਮੁਲਾਜ਼ਮਾਂ ਦੀ ਹੜਤਾਲ ਕਾਰਨ ਛੋਟੇ ਕਾਰੋਬਾਰੀਆਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ।
ਲੇਬਰ ਕੋਡ ਅਧੀਨ ਤਾਕਤਾਂ ਦੀ ਵਰਤੋਂ ਕਰਦਿਆਂ ਸਰਕਾਰ ਨੇ ਖ਼ਤਮ ਕਰਵਾਈ ਹੜਤਾਲ
ਰੇਲਵੇ ਮੁਲਾਜ਼ਮਾਂ ਅਤੇ ਬੰਦਰਗਾਹ ਕਾਮਿਆਂ ਨੂੰ ਵੀ ਫੈਡਰਲ ਸਰਕਾਰ ਵੱਲੋਂ ਲੇਬਰ ਕੋਡ ਦੀ ਧਾਰਾ 107 ਦੀ ਵਰਤੋਂ ਕਰਦਿਆਂ ਕੰਮ ’ਤੇ ਪਰਤਣ ਲਈ ਮਜਬੂਰ ਕਰ ਦਿਤਾ ਸੀ। ਮੈਕਿਨਨ ਵੱਲੋਂ ਇਕ ਪੜਤਾਲ ਦੇ ਹੁਕਮ ਵੀ ਦਿਤੇ ਗਏ ਹਨ ਤਾਂਕਿ ਪਤਾ ਲੱਗ ਸਕੇ ਕਿ ਆਖਰਕਾਰ ਗੱਲਬਾਤ ਦਾ ਕੋਈ ਸਿੱਟਾ ਕਿਉਂ ਨਹੀਂ ਨਿਕਲ ਸਕਿਆ। ਪੜਤਾਲ ਨਤੀਜਿਆਂ ਦੇ ਆਧਾਰ ’ਤੇ ਸਿਫ਼ਾਰਸ਼ ਕੀਤੀਆਂ ਜਾਣਗੀਆਂ ਤਾਂਕਿ ਭਵਿੱਖ ਵਿਚ ਕੈਨੇਡਾ ਪੋਸਟ ਅਤੇ ਮੁਲਾਜ਼ਮਾਂ ਦਰਮਿਆਨ ਹੋਣ ਵਾਲੀ ਗੱਲਬਾਤ ਦੇ ਨਤੀਜੇ ਸਾਹਮਣੇ ਆਉਣ।