ਉਨਟਾਰੀਓ ਵਿਚ ਮੰਗਲਵਾਰ ਤੋਂ ਖੁੱਲ੍ਹਣਗੇ ਸ਼ਰਾਬ ਦੇ ਠੇਕੇ
ਉਨਟਾਰੀਓ ਵਿਚ ਸ਼ਰਾਬ ਦੇ ਠੇਕੇ ਮੰਗਲਵਾਰ ਤੋਂ ਖੁੱਲ੍ਹ ਜਾਣਗੇ। ਜੀ ਹਾਂ, 10 ਹਜ਼ਾਰ ਐਲ.ਸੀ.ਬੀ.ਓ. ਮੁਲਾਜ਼ਮਾਂ ਦੀ ਨੁਮਾਇੰਦਗੀ ਕਰ ਰਹੀ ਜਥੇਬੰਦੀ ਵੱਲੋਂ ਐਤਵਾਰ ਨੂੰ ਨਵੇਂ ਸਮਝੌਤੇ ਨੂੰ ਪ੍ਰਵਾਨਗੀ ਦੇ ਦਿਤੀ ਗਈ।;
ਟੋਰਾਂਟੋ : ਉਨਟਾਰੀਓ ਵਿਚ ਸ਼ਰਾਬ ਦੇ ਠੇਕੇ ਮੰਗਲਵਾਰ ਤੋਂ ਖੁੱਲ੍ਹ ਜਾਣਗੇ। ਜੀ ਹਾਂ, 10 ਹਜ਼ਾਰ ਐਲ.ਸੀ.ਬੀ.ਓ. ਮੁਲਾਜ਼ਮਾਂ ਦੀ ਨੁਮਾਇੰਦਗੀ ਕਰ ਰਹੀ ਜਥੇਬੰਦੀ ਵੱਲੋਂ ਐਤਵਾਰ ਨੂੰ ਨਵੇਂ ਸਮਝੌਤੇ ਨੂੰ ਪ੍ਰਵਾਨਗੀ ਦੇ ਦਿਤੀ ਗਈ। ਲਿਕਰ ਕੰਟਰੋਲ ਬੋਰਡ ਆਫ ਉਨਟਾਰੀਓ ਦੇ ਪ੍ਰਬੰਧਕਾਂ ਵੱਲੋਂ ਵੀ ਇਸ ਗੱਲ ਦੀ ਤਸਦੀਕ ਕਰ ਦਿਤੀ ਗਈ ਹੈ। ਉਨਟਾਰੀਓ ਪਬਲਿਕ ਸਰਵਿਸ ਇੰਪਲੌਈਜ਼ ਯੂਨੀਅਨ ਦੀ ਆਗੂ ਕੌਲੀਨ ਮੈਕਲਾਓਡ ਨੇ ਦੱਸਿਆ ਕਿ ਨੌਕਰੀਆਂ ਬਚਾਉਣ ਅਤੇ ਸਰਕਾਰੀ ਆਮਦਨ ਸੁਰੱਖਿਅਤ ਰੱਖਣ ਦੇ ਮਕਸਦ ਤਹਿਤ ਹੜਤਾਲ ਆਰੰਭੀ ਗਈ ਜਿਸ ਦੀ ਸਫਲਤਾ ਦਾ ਸਿਹਰਾ ਮੁਲਾਜ਼ਮਾਂ ਨੂੰ ਜਾਂਦਾ ਹੈ ਜੋ ਮੋਰਚਿਆਂ ’ਤੇ ਲਗਾਤਾਰ ਡਟੇ ਰਹੇ। ਹੜਤਾਲ ਦੌਰਾਨ ਕਮਿਊਨਿਟੀ ਨਾਲ ਵਿਚਾਰ ਸਾਂਝੇ ਕੀਤੇ ਗਏ ਅਤੇ ਬੁਨਿਆਦੀ ਹਾਲਾਤ ਤੋਂ ਜਾਣੂ ਕਰਵਾਇਆ ਗਿਆ।
ਮੁਲਾਜ਼ਮ ਯੂਨੀਅਨ ਵੱਲੋਂ ਸਮਝੌਤੇ ਨੂੰ ਪ੍ਰਵਾਨਗੀ
ਐਲ.ਸੀ.ਬੀ.ਓ. ਦੇ ਇਤਿਹਾਸ ਵਿਚ ਕਦੇ ਹੜਤਾਲ ਨਹੀਂ ਹੋਈ ਪਰ ਮੁਲਾਜ਼ਮ ਹੱਕਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ ਜਿਸ ਦੇ ਮੱਦੇਨਜ਼ਰ ਸਖਤ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਦੋਹਾਂ ਧਿਰਾਂ ਵਿਚਾਲੇ ਸਮਝੌਤੇ ਦਾ ਐਲਾਨ ਹੋਇਆ ਪਰ ਕੰਮ ’ਤੇ ਪਰਤਣ ਨਾਲ ਸਬੰਧਤ ਦਸਤਾਵੇਜ਼ਾਂ ਉਤੇ ਦਸਤਖ਼ਤ ਨਾ ਹੋਣ ਕਾਰਨ ਕਾਰਨ ਮੁਲਾਜ਼ਮ ਯੂਨੀਅਨ ਨੇ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਦਿਤਾ। ਇਸ ਮਗਰੋਂ ਐਲ.ਸੀ.ਬੀ. ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦਸਤਖ਼ਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਲਿਕਰ ਸਟੋਰ ਜਲਦ ਖੁੱਲ੍ਹਣ ਦਾ ਰਾਹ ਪੱਧਰਾ ਹੋ ਰਿਹਾ ਹੈ। ਹੁਣ ਮਸਲਾ ਹੱਲ ਹੋ ਚੁੱਕਾ ਹੈ ਅਤੇ ਮੰਗਲਵਾਰ ਤੋਂ ਐਲ.ਸੀ.ਬੀ.ਓ. ਸਟੋਰ ਆਪਣੇ ਤੈਅ ਸਮੇਂ ’ਤੇ ਖੁੱਲ੍ਹ ਜਾਣਗੇ।
5 ਜੁਲਾਈ ਤੋਂ ਚੱਲ ਰਹੀ ਸੀ ਐਲ.ਸੀ.ਬੀ.ਓ. ਮੁਲਾਜ਼ਮਾਂ ਦੀ ਹੜਤਾਲ
ਮੁਲਾਜ਼ਮ ਯੂਨੀਅਨ ਮੁਤਾਬਕ ਤਿੰਨ ਸਾਲ ਦਾ ਸਮਝੌਤਾ ਕੀਤਾ ਗਿਆ ਹੈ ਜਿਸ ਤਹਿਤ ਉਜਰਤ ਦਰਾਂ ਵਿਚ ਅੱਠ ਫੀ ਸਦੀ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਕ ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਤਿੰਨ ਸਾਲ ਦੇ ਸਮੇਂ ਦੌਰਾਨ ਕੋਈ ਸਟੋਰ ਬੰਦ ਨਹੀਂ ਹੋਵੇਗਾ। ਯੂਨੀਅਨ ਵੱਲੋਂ ਬੀਅਰ ਅਤੇ ਵਾਈਨ ਦੀ ਵਿਕਰੀ ਕਨਵੀਨੀਐਂਸ ਸਟੋਰਾਂ ’ਤੇ ਨਾ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਸੀ ਪਰ ਡਗ ਫੋਰਡ ਸਰਕਾਰ ਇਸ ਵਾਸਤੇ ਬਿਲਕੁਲ ਵੀ ਰਾਜ਼ੀ ਨਾ ਹੋਈ। ਉਨਟਾਰੀਓ ਵਿਚ ਸ਼ਰਾਬ ਦੇ ਠੇਕੇ ਬੰਦ ਰਹਿਣ ਕਾਰਨ ਸੂਬੇ ਦੇ ਲੋਕ ਕਿਊਬੈਕ ਦੇ ਗੇੜੇ ਲਾਉਣ ਲਈ ਮਜਬੂਰ ਹੋ ਗਏ। ਕਿਊਬੈਕ ਵਿਚ ਸ਼ਰਾਬ ਦੇ ਤਕਰੀਬਨ 25 ਸਟੋਰ ਬਾਰਡਰ ਦੇ ਬਿਲਕੁਲ ਨੇੜੇ ਮੌਜੂਦ ਹਨ ਅਤੇ ਹੜਤਾਲ ਦੇ ਮੱਦੇਨਜ਼ਰ ਉਨਟਾਰੀਓ ਦੇ ਹਜ਼ਾਰਾਂ ਲੋਕ ਉਥੇ ਪੁੱਜ ਰਹੇ ਸਨ। ਸਿਰਫ ਐਨਾ ਹੀ ਨਹੀਂ, ਸ਼ਰਾਬ ਦੇ ਸਟੋਰ ਬੰਦ ਹੋਣ ਕਾਰਨ ਸੈਰ ਸਪਾਟੇ ਨਾਲ ਸਬੰਧਤ ਉਦਯੋਗ ਪ੍ਰਭਾਵਤ ਹੋਇਆ ਅਤੇ ਲੋਕਾਂ ਨੂੰ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਵਾਸਤੇ ਵੀ ਸ਼ਰਾਬ ਖਰੀਦਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।