ਉਨਟਾਰੀਓ ਵਿਚ ਸ਼ਰਾਬ ਦੇ ਸਟੋਰ ਹੋਏ ਬੰਦ

ਲਿਕਰ ਕੰਟਰੋਲ ਬੋਰਡ ਆਫ ਉਨਟਾਰੀਓ ਦੇ ਮੁਲਾਜ਼ਮ ਸ਼ੁੱਕਰਵਾਰ ਦਾ ਦਿਨ ਚੜ੍ਹਦਿਆਂ ਹੀ ਹੜਤਾਲ ’ਤੇ ਚਲੇ ਗਏ। ਐਲ.ਸੀ.ਬੀ.ਓ. ਦੇ ਪ੍ਰਬੰਧਕਾਂ ਨਾਲ ਕੋਈ ਸਮਝੌਤਾ ਸਿਰੇ ਨਾ ਚੜ੍ਹ ਸਕਿਆ

Update: 2024-07-05 10:46 GMT

ਟੋਰਾਂਟੋ : ਲਿਕਰ ਕੰਟਰੋਲ ਬੋਰਡ ਆਫ ਉਨਟਾਰੀਓ ਦੇ ਮੁਲਾਜ਼ਮ ਸ਼ੁੱਕਰਵਾਰ ਦਾ ਦਿਨ ਚੜ੍ਹਦਿਆਂ ਹੀ ਹੜਤਾਲ ’ਤੇ ਚਲੇ ਗਏ। ਐਲ.ਸੀ.ਬੀ.ਓ. ਦੇ ਪ੍ਰਬੰਧਕਾਂ ਨਾਲ ਕੋਈ ਸਮਝੌਤਾ ਸਿਰੇ ਨਾ ਚੜ੍ਹ ਸਕਿਆ ਅਤੇ ਮੁਲਾਜ਼ਮ ਯੂਨੀਅਨ ਵੱਲੋਂ ਸਾਰਾ ਦੋਸ਼ ਪ੍ਰੀਮੀਅਰ ਡਗ ਫੋਰਡ ਸਿਰ ਮੜ੍ਹਿਆ ਜਾ ਰਿਹਾ ਹੈ। ਉਨਟਾਰੀਓ ਪਬਲਿਕ ਸਰਵਿਸ ਇੰਪਲੌਈਜ਼ ਯੂਨੀਅਨ ਦੀ ਚੇਅਰ ਕੌਲੀਨ ਮੈਕਲਾਓਡ ਨੇ ਵੀਰਵਾਰ ਦੇਰ ਸ਼ਾਮ ਕਿਹਾ ਕਿ ਅੱਜ ਰਾਤ ਤੋਂ ਡਗ ਫੋਰਡ ਦੀਆਂ ਖੁਸ਼ਕ ਗਰਮੀਆਂ ਸ਼ੁਰੂ ਹੋ ਰਹੀਆਂ ਹਨ। ਉਧਰ ਯੂਨੀਅਨ ਦੇ ਪ੍ਰਧਾਨ ਜੇ.ਪੀ. ਹੌਰਨਿਕ ਦਾ ਕਹਿਣਾ ਸੀ ਕਿ ਐਲ.ਸੀ.ਬੀ.ਓ. ਕਾਮੇ ਆਪਣੀਆਂ ਤਨਖਾਹਾਂ ਵਿਚ ਵਾਧਾ ਚਾਹੁੰਦੇ ਹਨ ਅਤੇ ਫੁਲ ਟਾਈਮ ਨੌਕਰੀਆਂ ਵਧਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ।

ਐਲ.ਸੀ.ਬੀ.ਓ. ਮੁਲਾਜ਼ਮਾਂ ਦੀ ਹੜਤਾਲ ਸ਼ੁਰੂ

ਇਸ ਵੇਲੇ ਐਲ.ਸੀ.ਬੀ.ਓ. ਦੇ ਸਟੋਰਾਂ ’ਤੇ 70 ਫੀ ਸਦੀ ਮੁਲਾਜ਼ਮ ਪਾਰਟ ਟਾਈਮ ਕੰਮ ਕਰ ਰਹੇ ਹਨ। ਇਹ ਪੁੱਛੇ ਜਾਣ ਕਿ ਹੜਤਾਲ ਕਦੋਂ ਤੱਕ ਜਾਰੀ ਰਹੇਗੀ ਤਾਂ ਉਨ੍ਹਾਂ ਕਿਹਾ ਕਿ ਯੂਨੀਅਨ ਕੋਲ ਕਾਫੀ ਫੰਡਜ਼ ਮੌਜੂਦ ਹਨ ਅਤੇ ਜ਼ਰੂਰਤ ਪੈਣ ’ਤੇ ਹੜਤਾਲ ਨੂੰ ਲੰਮਾ ਲਿਜਾਇਆ ਜਾ ਸਕਦਾ ਹੈ। ਦੂਜੇ ਪਾਸੇ ਐਲ.ਸੀ.ਬੀ.ਓ. ਦੀ ਵੈਬਸਾਈਟ ’ਤੇ ਲਿਖਿਆ ਦੇਖਿਆ ਜਾ ਸਕਦਾ ਹੈ ਕਿ ਹੜਤਾਲ ਕਰ ਕੇ ਰਿਟੇਲ ਸਟੋਰ ਦੋ ਹਫਤੇ ਲਈ ਬੰਦ ਰਹਿਣਗੇ ਅਤੇ ਜੇ 14 ਦਿਨ ਦੇ ਅੰਦਰ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਜਲਦ ਤੋਂ ਜਲਦ ਆਮ ਵਾਂਗ ਵਿਕਰੀ ਸ਼ੁਰੂ ਕਰ ਦਿਤੀ ਜਾਵੇਗੀ। ਐਲ.ਸੀ.ਬੀ.ਓ. ਵੱਲੋਂ ਹੜਤਾਲ ਦੌਰਾਨ ਫਰੀ ਹੋਮ ਡਿਲੀਵਰੀ ਦੀ ਸਹੂਲਤ ਦਿਤੀ ਗਈ ਹੈ ਜਿਸ ਵਾਸਤੇ ਵੈਬਸਾਈਟ ਜਾਂ ਮੋਬਾਈਲ ਐਪ ਰਾਹੀਂ ਆਰਡਰ ਕੀਤਾ ਜਾ ਸਕਦਾ ਹੈ। ਜੇ ਹੜਤਾਲ ਦੋ ਹਫਤੇ ਤੋਂ ਵੱਧ ਚਲਦੀ ਹੈ ਤਾਂ ਐਲ.ਸੀ.ਬੀ.ਓ. ਵੱਲੋਂ 32 ਸਟੋਰ ਹਫਤੇ ਵਿਚ ਤਿੰਨ ਦਿਨ ਖੋਲ੍ਹ ਦੀ ਯੋਜਨਾ ਬਣਾਈ ਗਈ ਹੈ। ਇਹ ਸਟੋਰ ਸ਼ੁੱਕਰਵਾਰ, ਸ਼ਨਿੱਚਰਵਾਰ ਅਤੇ ਐਤਵਾਰ ਨੂੰ ਸੀਮਤ ਸਮੇਂ ਲਈ ਖੋਲ੍ਹੇ ਜਾਣਗੇ। ਇਸੇ ਦੌਰਾਨ ਐਲ.ਸੀ.ਬੀ.ਓ. ਵੱਲੋਂ ਮੁਲਾਜ਼ਮਾਂ ਯੂਨੀਅਨ ਨੂੰ ਗੱਲਬਾਤ ਦੀ ਮੇਜ਼ ’ਤੇ ਪਰਤਣ ਦਾ ਸੱਦਾ ਦਿਤਾ ਗਿਆ ਹੈ।

ਮੰਗਾਂ ਨਾ ਮੰਨੇ ਜਾਣ ’ਤੇ ਲੰਮਾ ਸਮਾਂ ਚੱਲ ਸਕਦੀ ਐ ਹੜਤਾਲ : ਯੂਨੀਅਨ

ਪ੍ਰਬੰਧਕਾਂ ਨੇ ਕਿਹਾ ਕਿ ਮੁਲਾਜ਼ਮ ਯੂਨੀਅਨ ਕਨਵੀਨੀਐਂਸ ਸਟੋਰਾਂ ’ਤੇ ਬੀਅਰ ਦੀ ਵਿਕਰੀ ਨਾ ਕਰਨ ਦੀ ਮੰਗ ’ਤੇ ਅੜੀ ਹੋਈ ਹੈ। ਉਨਟਾਰੀਓ ਦੇ ਵਿੱਤ ਮੰਤਰੀ ਪੀਟਰ ਬੈਥਲੈਨਫੌਲਵੀ ਦੇ ਦਫ਼ਤਰ ਨੇ ਕਿਹਾ ਕਿ ਮੁਲਾਜ਼ਮ ਯੂਨੀਅਨ ਦਾ ਗੱਲਬਾਤ ਤੋਂ ਪਿੱਛੇ ਹਟਣ ਨਾਖੁਸ਼ੀ ਪੈਦਾ ਕਰਦਾ ਹੈ ਜਦਕਿ ਹੜਤਾਲ ਦੀ ਤਰੀਕ ਸਿਰ ’ਤੇ ਆ ਚੁੱਕੀ ਸੀ। ਉਨਟਾਰੀਓ ਦੇ ਖਪਤਕਾਰਾਂ ਅਤੇ ਨਿਰਮਾਤਾਵਾਂ ਦੇ ਹਿਤਾਂ ਨੂੰ ਧਿਆਨ ਵਿਚ ਰਖਦਿਆਂ ਮੁਲਾਜ਼ਮ ਯੂਨੀਅਨ ਨੂੰ ਜਲਦ ਤੋਂ ਜਲਦ ਕਿਸੇ ਸਮਝੌਤੇ ’ਤੇ ਪੁੱਜਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਦੇ ਜਵਾਬ ਵਿਚ ਕੌਲੀਨ ਮੈਕਲਾਓਡ ਨੇ ਆਖਿਆ ਕਿ ਪ੍ਰੀਮੀਅਰ ਡਗ ਫੋਰਡ ਆਪਣੇ ਅਮੀਰ ਦੋਸਤਾਂ ਦਾ ਫਾਇਦਾ ਚਾਹੁੰਦੇ ਹਨ ਅਤੇ ਇਸੇ ਕਰ ਕੇ ਅਰਬਾਂ ਡਾਲਰ ਦੇ ਕਾਰੋਬਾਰ ਨੂੰ ਐਲ.ਸੀ.ਬੀ.ਓ. ਤੋਂ ਦੂਰ ਕਰਦਿਆਂ ਵੱਡੇ ਗਰੌਸਰੀ ਸਟੋਰਾਂ ਅਤੇ ਕਨਵੀਨੀਐਂਸ ਸਟੋਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਧਰ ਉਨਟਾਰੀਓ ਵਿਚ ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਹੜਤਾਲ ਟਾਲਣ ਦੇ ਹਰ ਸੰਭਵ ਯਤਨ ਕਰਨੇ ਚਾਹੀਦੇ ਸਨ। ਸੂਬੇ ਵਿਚ ਕੋਈ ਹੜਤਾਲ ਨਹੀਂ ਚਾਹੁੰਦਾ। ਨਾ ਹੀ ਐਲ.ਸੀ.ਬੀ.ਓ. ਦੇ ਖਰੀਦਦਾਰ ਹੜਤਾਲ ਦੇ ਹੱਕ ਵਿਚ ਹਨ ਅਤੇ ਨਾ ਹੀ ਐਲ.ਸੀ.ਬੀ.ਓ. ਕਾਮੇ ਜਿਨ੍ਹਾਂ ਨੂੰ ਮਜਬੂਰੀ ਵਸ ਕੰਮ ਬੰਦ ਕਰਨਾ ਪਿਆ।

Tags:    

Similar News